ਡਾ. ਓਬਰਾਏ ਨੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਫੜੀ ਬਾਂਹ, 10 ਹਜ਼ਾਰ ਮਹੀਨਾ ਦਿੱਤੀ ਜਾਵੇਗੀ ਪੈਨਸ਼ਨ

09/03/2020 7:32:52 PM

ਅੰਮ੍ਰਿਤਸਰ- ਉੱਘੇ ਕਾਰੋਬਾਰੀ ਅਤੇ ਲੋਕ ਸੇਵਾ ਦੇ ਖੇਤਰ 'ਚ ਮਿਸਾਲ ਬਣ ਚੁੱਕੇ ਡਾ: ਐਸ. ਪੀ. ਸਿੰਘ ਓਬਰਾਏ ਨੇ ਲਦਾਖ਼ ਖੇਤਰ 'ਚ ਗਲਵਾਨ ਘਾਟੀ ਵਿਖੇ ਚੀਨੀ ਫੌਜ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ 20 ਭਾਰਤੀ ਫੌਜੀਆਂ ਸਣੇ 26 ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਇੱਕ ਨਿੱਜੀ ਚੈਨਲ ਦੇ ਮੰਚ 'ਤੇ ਸਿੱਧੇ ਪ੍ਰਸਾਰਨ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ: ਓਬਰਾਏ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਦਿਆਂ ਸਰਹੱਦਾਂ 'ਤੇ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਯੋਧਿਆਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨੀ ਹਰ ਦੇਸ਼ ਵਾਸੀ ਦਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਲਦਾਖ਼ ਦੀ ਗਲਵਾਨ ਘਾਟੀ 'ਚ ਸ਼ਹੀਦ ਹੋਏ 20 ਭਾਰਤੀ ਫੌਜੀਆਂ 'ਚੋਂ 11 ਦੇ ਪਰਿਵਾਰਾਂ ਨੂੰ 10 ਹਜ਼ਾਰਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੇ ਸਿਲਸਿਲੇ ਤਹਿਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਹਿਲੇ ਚੈੱਕ ਪ੍ਰਦਾਨ ਕਰ ਦਿੱਤੇ ਗਏ ਹਨ। ਜਦ ਕਿ ਅਗਲੇ ਮਹੀਨੇ ਤੋਂ ਪੈਨਸ਼ਨ ਸਿੱਧੀ ਸਬੰਧਿਤ ਪਰਿਵਾਰਾਂ ਦੇ ਬੈਂਕ ਖਾਤਿਆਂ 'ਚ ਜਮ੍ਹਾਂ ਹੋਇਆ ਕਰੇਗੀ।

ਡਾ: ਓਬਰਾਏ ਨੇ ਕਿਹਾ ਕਿ ਬਾਕੀ ਰਹਿੰਦੇ 9 ਸ਼ਹੀਦ ਪਰਿਵਾਰਾਂ ਨਾਲ ਵੀ ਜਲਦ ਸੰਪਰਕ ਸਾਧ ਕੇ ਮਹੀਨਾਵਾਰ ਪੈਨਸ਼ਨ ਚਾਲੂ ਕਰ ਦਿੱਤੀ ਜਾਵੇਗੀ। ਇਨ੍ਹਾਂ 11 ਸ਼ਹੀਦਾਂ ਵਿੱਚ ਗੁਰਦਾਸਪੁਰ ਦੇ ਸਤਨਾਮ ਸਿੰਘ, ਪਟਿਆਲਾ ਦੇ ਮਨਦੀਪ ਸਿੰਘ, ਮਾਨਸਾ ਦੇ ਗੁਰਤੇਜ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ (ਚਾਰੇ ਪੰਜਾਬ ਤੋਂ), ਜੰਮੂ-ਕਸ਼ਮੀਰ ਦੇ ਅਬਦੁੱਲ, ਹਿਮਾਚਲ ਦੇ ਅੰਕੁਸ਼ ਠਾਕੁਰ, ਉਤਰਾਖੰਡ ਦੇ ਚਤਰੀਸ਼ ਬਿਸ਼ਟ, ਬਿਹਾਰ ਦੇ ਰਾਹੁਲ ਰੇਨਸਵਾਲ, ਛੱਤੀਸਗੜ੍ਹ ਦੇ ਗਣੇਸ਼ ਰਾਮ ਕੁੰਜਮ, ਯੂ.ਪੀ. ਦੇ ਮਹੇਸ਼ ਕੁਮਾਰ ਅਤੇ ਵਾਰਾਨਸੀ ਯੂ.ਪੀ. ਦੇ ਰਮੇਸ਼ ਯਾਦਵ ਦੇ ਪਰਿਵਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਅਬਦੁੱਲ ਦੀ 2 ਸਾਲਾ ਮਾਸੂਮ ਧੀ ਨੂੰ ਵੀ ਸਰਬੱਤ ਦਾ ਭਲਾ ਟਰੱਸਟ ਨੇ ਗੋਦ ਲੈ ਲਿਆ ਅਤੇ ਉਸਦੇ ਵਿਆਹ ਤੱਕ ਸਾਰਾ ਖਰਚ ਟਰੱਸਟ ਹੀ ਕਰੇਗਾ। ਡਾ: ਓਬਰਾਏ ਮੁਤਾਬਕ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਹਿਲਾਂ ਪੁਲਵਾਮਾ ਅਤੇ ਕਾਰਗਿਲ 'ਚ ਫੌਜ ਤੇ ਨੀਮ ਫੌਜੀ ਬਲਾਂ ਦੇ ਸ਼ਹੀਦ ਹੋਏ 6 ਹੋਰ ਜਵਾਨਾਂ ਦੇ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇਣੀਆਂ ਦਿੱਤੀਆਂ ਜਾ ਰਹੀਆਂ ਹਨ।


Deepak Kumar

Content Editor

Related News