ਯੂਕ੍ਰੇਨ ਤੋਂ ਭਾਰਤ ਪਰਤੀ ਡਾ. ਮੰਨਤ, ਕਿਹਾ- ਬਾਕੀ ਵਿਦਿਆਰਥੀਆਂ ਨੂੰ ਵੀ ਬਚਾਏ ਕੇਂਦਰ ਸਰਕਾਰ
Sunday, Mar 06, 2022 - 02:42 PM (IST)
ਅੰਮ੍ਰਿਤਸਰ (ਨੀਰਜ) : ਯੂਕ੍ਰੇਨ ਤੋਂ ਵਾਪਸ ਆਈ ਅੰਮ੍ਰਿਤਸਰ ਦੀ ਧੀ ਡਾ. ਮੰਨਤ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਕ੍ਰੇਨ ’ਚ ਬਾਕੀ ਰਹਿੰਦੇ ਭਾਰਤੀ ਵਿਦਿਆਰਥੀਆਂ ਨੂੰ ਵੀ ਜਲਦ ਉੱਥੋਂ ਕੱਢਿਆ ਜਾਵੇ ਕਿਉਂਕਿ ਯੂਕ੍ਰੇਨ-ਰੂਸ ਜੰਗ ਲਗਾਤਾਰ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਤੇ ਆਮ ਨਾਗਰਿਕ ਵੀ ਇਸ ਜੰਗ ’ਚ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਯੂਕ੍ਰੇਨ-ਰੂਸ ਦਰਮਿਆਨ ਜਾਰੀ ਜੰਗ, ਜਾਣੋ ਕਿਵੇਂ
ਮੰਨਤ ਨੇ ਕਿਹਾ ਕਿ ਯੂਕ੍ਰੇਨ ਦੇ ਬੰਬ ਸ਼ੈਲਟਰ ’ਚ ਗੁਜ਼ਾਰੇ ਦਿਨ ਉਹ ਕਦੇ ਨਹੀਂ ਭੁੱਲੇਗੀ ਕਿਉਂਕਿ ਸ਼ੈਲਟਰ ’ਚ ਗੁਜ਼ਾਰੇ ਦਿਨ ਇਕ ਡਰਾਉਣੀ ਪਿਕਨਿਕ ਵਰਗੇ ਸਨ। ਵਰਣਨਯੋਗ ਹੈ ਕਿ ਡਾ. ਮੰਨਤ ਨੇ ਬੰਬ ਸ਼ੈਲਟਰ ’ਚ ਰਹਿ ਕੇ ਉੱਥੇ ਰਹਿਣ ਰਹੇ ਸ਼ਰਨਾਰਥੀਆਂ ਦਾ ਹੌਸਲਾ ਵਧਾਇਆ ਤੇ ਆਪਣਾ ਹੌਸਲਾ ਵੀ ਡਿੱਗਣ ਨਹੀਂ ਦਿੱਤਾ। ਮੈਟਰੋ ਸਟੇਸ਼ਨ ਦੀ ਬੇਸਮੈਂਟ ਵਾਲੇ ਬੰਬ ਸ਼ੈਲਟਰ ’ਚ ਅਣਗਿਣਤ ਲੋਕਾਂ ਨਾਲ ਪਨਾਹ ਲਈ ਹੋਈ ਡਾ. ਮੰਨਤ ਅੱਜ ਸਾਰੇ ਲੋਕਾਂ ਦੇ ਆਸ਼ੀਰਵਾਦ ਨਾਲ ਅੰਮ੍ਰਿਤਸਰ ਸਹੀ-ਸਲਾਮਤ ਪੁੱਜੀ ਹੈ।
ਇਹ ਵੀ ਪੜ੍ਹੋ : ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਡੀ. ਸੀ. ਦਫ਼ਤਰ ਲਗਾਤਾਰ ਮਾਪਿਆਂ ਦੇ ਸੰਪਰਕ 'ਚ
ਪੰਜਾਬ ਸਰਕਾਰ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਬਣਾਏ ਗਏ ਹੈਲਪਲਾਈਨ ਸੈਂਟਰ ’ਤੇ ਹੁਣ ਤੱਕ ਪ੍ਰਸ਼ਾਸਨ ਨੂੰ 85 ਵਿਦਿਆਰਥੀਆਂ ਦੀ ਸੂਚਨਾ ਮਿਲ ਚੁੱਕੀ ਹੈ, ਜਿਸ ਨੂੰ ਕੇਂਦਰ ਸਰਕਾਰ ਤੱਕ ਡੀ. ਸੀ. ਦਫ਼ਤਰ ਨੇ ਪਹੁੰਚਾ ਦਿੱਤਾ ਹੈ। ਡੀ. ਸੀ. ਦਫ਼ਤਰ ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਵੀ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਤੇ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਯੂਕ੍ਰੇਨ ’ਚ ਫਸੇ ਅੰਮ੍ਰਿਤਸਰ ਦੇ ਵਿਦਿਆਰਥੀ ਹਨ ਅਤੇ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਕਰਨ ਲਈ ਗਏ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਯੂਕ੍ਰੇਨ ਤੋਂ ਬਾਹਰ ਕੱਢਿਆ ਜਾਵੇ ਤੇ ਯੂਕ੍ਰੇਨ-ਰੂਸ ਜੰਗ ਨੂੰ ਵੀ ਖਤਮ ਕੀਤਾ ਜਾਵੇ ਕਿਉਂਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।