ਵਿਆਹ ਦੇ 2 ਸਾਲ ਬਾਅਦ ਖੁੱਲ੍ਹੀ ਪਤੀ ਦੀ ਪੋਲ, ਕਾਰ ਦੀ ਮੰਗ ਪੂਰੀ ਨਾ ਕਰਨ ''ਤੇ ਪਤਨੀ ਦਾ ਕੀਤਾ ਇਹ ਹਾਲ
Tuesday, Oct 24, 2017 - 07:04 PM (IST)

ਜਲੰਧਰ(ਸ਼ੈਰੀ)— ਲੰਬਾ ਪਿੰਡ ਦੇ ਨਿਊ ਵਿਜੇ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਨੇ ਪਤੀ ਸਮੇਤ ਸਹੁਰੇ ਪੱਖ 'ਤੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ, ਸੱਸ-ਸਹੁਰਾ ਅਤੇ ਹੋਰ ਸਹੁਰਾ ਪੱਖ ਦੇ ਲੋਕਾਂ ਨੇ ਉਸ ਨੂੰ ਦਾਜ ਨਾ ਲਿਆਉਣ ਦੇ ਕਾਰਨ ਪਰੇਸ਼ਾਨ ਕੀਤਾ ਅਤੇ ਉਸ ਦੀ ਬੇਰਹਿਮੀ ਨਾਲ ਕੁਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।
ਸਿਵਲ ਹਸਪਤਾਲ 'ਚ ਇਲਾਜ ਅਧੀਨ ਨੈਂਸੀ ਪੁੱਤਰੀ ਮੁਕੇਸ਼ ਬਾਂਸਲ ਨੇ ਦੱਸਿਆ ਕਿ 2 ਸਾਲ ਪਹਿਲਾਂ ਉਸ ਦਾ ਵਿਆਹ ਪੰਕਜ ਗਰਗ ਵਾਸੀ ਸ਼ਿਵ ਨਗਰ ਸੋਢਲ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਸ ਦਾ ਪਤੀ, ਸੱਸ ਅਤੇ ਸਹੁਰਾ ਸਮੇਤ ਹੋਰ ਮੈਂਬਰ ਸਹੁਰੇ ਘਰ ਦੇ ਪਰਿਵਾਰ ਵਾਲਿਆਂ ਦੀ ਸ਼ਹਿ 'ਤੇ ਉਸ ਤੋਂ ਦਾਜ ਦੀ ਮੰਗ ਕਰਨ ਲੱਗੇ ਅਤੇ ਉਸ ਨੂੰ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ ਜਾਣ ਲੱਗਾ।
ਉਸ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਤੋਂ ਉਸ ਨੂੰ ਪਤੀ ਸਮੇਤ ਸਹੁਰੇ ਪਰਿਵਾਰ ਵੱਲੋਂ ਪੇਕੇ ਪਰਿਵਾਰ ਤੋਂ ਮਹਿੰਗੀ ਕਾਰ ਅਤੇ ਹੋਰ ਸਾਮਾਨ ਲਿਆਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਪੀੜਤਾ ਨੈਂਸੀ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਪੰਚਾਇਤੀ ਰਾਜੀਨਾਮੇ ਤੱਕ ਹੋ ਚੁੱਕੇ ਹਨ ਪਰ ਉਸ ਨੂੰ ਪਰੇਸ਼ਾਨ ਕਰਨ ਦਾ ਸਿਲਸਿਲਾ ਅਜੇ ਤੱਕ ਜਾਰੀ ਹੈ। ਇੰਨਾ ਹੀ ਨਹੀਂ ਉਸ ਦੇ ਸੱਸ ਅਤੇ ਸਹੁਰੇ ਨੇ ਉਸ ਨੂੰ ਪਤੀ ਨੂੰ ਕਿਰਾਏ ਦੇ ਮਕਾਨ 'ਚ ਸ਼ਿਫਟ ਕਰ ਦਿੱਤਾ। ਉਕਤ ਮਕਾਨ 'ਚ ਵਾਸ਼ਿੰਗ ਮਸ਼ੀਨ, ਅਲਮਾਰੀ ਆਦਿ ਸਾਮਾਨ ਲਿਆਉਣ ਲਈ ਪਤੀ ਨੈਂਸੀ 'ਤੇ ਦਬਾਅ ਬਣਾਉਣ ਲੱਗਾ। ਮਨ੍ਹਾ ਕਰਨ 'ਤੇ ਪਤੀ ਉਸ ਨਾਲ ਕੁੱਟਮਾਰ ਕਰਨ ਲੱਗਾ। ਨੈਂਸੀ ਦਾ ਦੋਸ਼ ਹੈ ਕਿ ਐਤਵਾਰ ਦੀ ਸ਼ਾਮ ਉਸ ਦਾ ਪਤੀ, ਸੱਸ, ਸਹੁਰਾ ਆਦਿ ਉਸ ਨੂੰ ਥਾਣਾ 8 ਲੈ ਗਏ, ਜਿੱਥੇ ਉਸ ਤੋਂ ਜ਼ਬਰਦਸਤੀ ਲਿਖਵਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਕੱਲ੍ਹ ਨੂੰ ਉਹ ਸੁਸਾਈਡ ਕਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੋਵੇਗੀ। ਨੈਂਸੀ ਮੁਤਾਬਕ ਉਸ ਨੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਥਾਣੇ ਤੋਂ ਵਾਪਸ ਘਰ ਆ ਗਈ।
ਇਸੇ ਗੱਲ ਨੂੰ ਲੈ ਕੇ ਪਤੀ ਨੇ ਉਸ ਦੇ ਨਾਲ ਸੋਮਵਾਰ ਸਵੇਰੇ ਫਿਰ ਤੋਂ ਕੁੱਟਮਾਰ ਕੀਤੀ। ਨੈਂਸੀ ਦਾ ਦੋਸ਼ ਹੈ ਕਿ ਉਸ ਨੂੰ ਸਹੁਰਾ ਪੱਖ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਥੇ ਹੀ ਨੈਂਸੀ ਦੇ ਪਤੀ ਦੇ ਚਾਚਾ ਕੁਲਭੂਸ਼ਣ ਦਾ ਕਹਿਣਾ ਹੈ ਕਿ ਨੈਂਸੀ ਵੱਲੋਂ ਲਗਾਏ ਗਏ ਦੋਸ਼ ਗਲਤ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਆਪਣੇ ਬੇਟੇ ਪੰਕਜ ਨੂੰ ਬੇਦਖਲ ਕਰ ਦਿੱਤਾ ਹੈ। ਨੈਂਸੀ ਉਨ੍ਹਾਂ ਦੇ ਭਰਾ ਸਮੇਤ ਹੋਰ ਰਿਸ਼ਤੇਦਾਰਾਂ 'ਤੇ ਝੂਠੇ ਦੋਸ਼ ਲਗਾ ਰਹੀ ਹੈ। ਉਹ ਹਰ ਤਰ੍ਹਾਂ ਦੀ ਪੁਲਸ ਜਾਂਚ 'ਚ ਸ਼ਾਮਲ ਹੋਣ ਲਈ ਤਿਆਰ ਹਨ। ਜਦੋਂ ਨੈਂਸੀ ਦੇ ਪਤੀ ਦੇ ਮੋਬਾਇਲ ਨੰਬਰ 'ਤੇ ਫੋਨ ਕਰਕੇ ਉਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੋਬਾਇਲ ਫੋਨ ਬੰਦ ਸੀ। ਦੂਜੇ ਪਾਸੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।