ਕੈਰੀਬੈਗ ਦੇ ਚਾਰਜ ਵਸੂਲਣਾ ਡੋਮੀਨੋਜ਼ ਨੂੰ ਪਿਆ ਮਹਿੰਗਾ

02/17/2020 5:14:15 PM

ਚੰਡੀਗੜ੍ਹ (ਰਾਜਿੰਦਰ) : ਰਾਸ਼ਟਰੀ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਨੇ ਕੈਰੀਬੈਗ ਦੇ ਮਾਮਲੇ 'ਤੇ ਡੋਮੀਨੋਜ਼ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚਾਰ ਹਫ਼ਤਿਆਂ ਦੇ ਅੰਦਰ ਰੈਸਪੋਂਡੈਂਟ ਪੰਕਜ ਚਾਂਦਗੋਠੀਆ ਨੂੰ ਡਿਮਾਂਡ ਡ੍ਰਾਫਟ ਦੇ ਰੂਪ 'ਚ ਪੰਜ ਹਜ਼ਾਰ ਰੁਪਏ ਅਦਾ ਕਰਨ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਅਜੇ ਫਿਲਹਾਲ ਸਟੇਟ ਕਮਿਸ਼ਨ ਦੇ ਹੁਕਮਾਂ 'ਤੇ ਸਟੇਅ ਲਗਾਉਂਦਿਆਂ ਪਟੀਸ਼ਨਰ ਡੋਮੀਨੋਜ਼ ਜੁਬੀਲੈਂਟ ਫੂਡਵਰਕਸ ਲਿਮਟਿਡ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਨੂੰ ਡਿਸਟ੍ਰਿਕਟ ਫੋਰਮ 'ਚ ਢਾਈ ਲੱਖ ਰੁਪਏ ਜਮ੍ਹਾ ਕਰਵਾਉਣ ਹੋਣਗੇ।

ਦੋ ਪਿੱਜ਼ਾ ਆਰਡਰ ਕੀਤੇ ਸਨ
ਦੱਸਣਯੋਗ ਕਿ ਇਸ ਤੋਂ ਪਹਿਲਾਂ ਸ਼ਿਕਾਇਤਕਰਤਾ ਪੰਕਜ ਚਾਂਦਗੋਠੀਆ ਨੇ ਖਪਤਕਾਰ ਫੋਰਮ-1 'ਚ ਡੋਮੀਨੋਜ਼ ਸੈਕਟਰ-8 ਚੰਡੀਗੜ੍ਹ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ। ਸ਼ਿਕਾਇਤ 'ਚ ਉਨ੍ਹਾਂ ਦੱਸਿਆ ਸੀ ਕਿ ਉਕਤ ਆਊਟਲੈੱਟ ਤੋਂ ਉਨ੍ਹਾਂ ਨੇ ਦੋ ਪਿੱਜ਼ਾ ਆਰਡਰ ਕੀਤੇ। ਉਹ ਬਿੱਲ ਦੇਖ ਕੇ ਹੈਰਾਨ ਰਹਿ ਗਏ ਕਿ ਇਸ 'ਚ ਕੈਰੀਬੈਗਜ਼ ਲਈ 13 ਰੁਪਏ ਚਾਰਜ ਕੀਤੇ ਗਏ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਅਤੇ ਫੋਰਮ ਨੇ ਫੈਸਲਾ ਸੁਣਾਇਆ ਸੀ। ਉਥੇ ਹੀ ਕਮਿਸ਼ਨ ਨੇ ਆਪਣੇ ਹੁਕਮਾਂ 'ਚ ਕਿਹਾ ਸੀ ਕਿ ਆਊਟਲੈੱਟ ਆਪਣੇ ਕਸਟਮਰਾਂ ਨੂੰ ਮੁਫ਼ਤ ਕੈਰੀਬੈਗ ਪ੍ਰਦਾਨ ਕਰਨ। ਕੈਰੀਬੈਗ ਲਈ ਚਾਰਜ ਕੀਤੇ ਗਏ 13.33 ਰੀਫੰਡ ਕਰਨ, ਮਾਨਸਿਕ ਪੀੜਾ ਅਤੇ ਤੰਗ ਕਰਨ ਲਈ ਮੁਆਵਜ਼ਾ ਅਤੇ ਮੁਕੱਦਮਾ ਖਰਚ ਦੇ ਰੂਪ 'ਚ 1500 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਕੰਜ਼ਿਊਮਰ ਲੀਗਲ ਏਡ ਅਕਾਊਂਟ 'ਚ ਅਤੇ 4.90 ਲੱਖ ਰੁਪਏ ਪੀ. ਜੀ. ਆਈ. ਦੇ ਪੂਅਰ ਪੇਸ਼ੈਂਟ ਵੈੱਲਫੇਅਰ ਫੰਡ 'ਚ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।
 


Anuradha

Content Editor

Related News