ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦ ਹੋਣਗੀਆਂ ਸ਼ੁਰੂ : ਸੁਸ਼ੀਲ ਕੁਮਾਰ ਰਿੰਕੂ

Monday, Jan 08, 2024 - 06:53 PM (IST)

ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦ ਹੋਣਗੀਆਂ ਸ਼ੁਰੂ : ਸੁਸ਼ੀਲ ਕੁਮਾਰ ਰਿੰਕੂ

ਜਲੰਧਰ (ਬਿਊਰੋ) : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੋਮਵਾਰ ਨੂੰ ਕਿਹਾ ਕਿ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦ ਸ਼ੁਰੂ ਹੋਣਗੀਆਂ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਨਾਲ ਆਦਮਪੁਰ ਸਿਵਲ ਹਵਾਈ ਅੱਡੇ ਦੇ ਨਵੇਂ ਬਣੇ ਟਰਮੀਨਲ ਦਾ ਜਾਇਜ਼ਾ ਲੈਂਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਟਰਮੀਨਲ ਤਿਆਰ ਹੈ ਅਤੇ ਆਉਣ ਵਾਲੇ ਮਹੀਨੇ ’ਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋ ਜਾਣਗੀਆਂ, ਜਿਸ ਦੇ ਲਈ ਉਨ੍ਹਾਂ ਵੱਲੋਂ ਹਾਲ ਹੀ ’ਚ ਇਹ ਮਾਮਲਾ ਸਿਵਲ ਏਵੀਏਸ਼ਨ ਮੰਤਰਾਲੇ ਕੋਲ ਵੀ ਉਠਾਇਆ ਗਿਆ ਸੀ। ਸੁਸ਼ੀਲ ਰਿੰਕੂ ਨੇ ਕਿਹਾ ਕਿ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਦੋਆਬਾ ਖੇਤਰ ’ਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਪ੍ਰਵਾਸੀ ਭਾਰਤੀਆਂ ਨੂੰ ਇੱਥੇ ਆਪਣੇ ਪਰਿਵਾਰਾਂ ਨਾਲ ਜੁੜੇ ਰਹਿਣ ਦੀ ਸੁਵਿਧਾ ਮਿਲਣ ਦੇ ਨਾਲ-ਨਾਲ ਉਨ੍ਹਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਨੇ ਨਵੇਂ ਟਰਮੀਨਲ ਅਤੇ ਫਲਾਈਟ ਸੰਚਾਲਨ ਬਾਰੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ-ਚਰਚਾ ਵੀ ਕੀਤੀ। ਇਸ ਤੋਂ ਪਹਿਲਾਂ ਸੰਸਦ ਮੈਂਬਰ ਨੇ ‘ਅਪਰੋਚ ਰੋਡ’ ਨੂੰ ਚਹੁੰ-ਮਾਰਗੀ ਕਰਨ ਦੇ ਚੱਲ ਰਹੇ ਕੰਮ ਦਾ ਵੀ ਨਿਰੀਖਣ ਕੀਤਾ, ਜੋ ਕਿ ਹਵਾਈ ਅੱਡੇ ਨੂੰ ਸਿੱਧਾ ਜਲੰਧਰ-ਹੁਸ਼ਿਆਰਪੁਰ ਨੈਸ਼ਨਲ ਹਾਈਵੇ ਨਾਲ ਜੋੜੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮੰਨੂ ਮਹਾਵਾ ਗੈਂਗ ਦੇ ਤਿੰਨ ਹੋਰ ਮੈਂਬਰ ਗ੍ਰਿਫਤਾਰ, 19 ਕਿੱਲੋ ਹੈਰੋਇਨ ਬਰਾਮਦ

ਉਨ੍ਹਾਂ ਕਿਹਾ ਕਿ ਪਹਿਲੇ ਫੇਜ਼ ਅਧੀਨ 4.30 ਕਿਲੋਮੀਟਰ ਸੜਕ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਹ ਅਗਲੇ ਮਹੀਨੇ ਤੱਕ ਇਹ ਬਣ ਕੇ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ 41 ਕਰੋੜ ’ਚੋਂ 21 ਕਰੋੜ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਰਗ ’ਤੇ ਪੈਂਦੇ ਰੇਲਵੇ ਕਰਾਸਿੰਗ ’ਤੇ ਆਰ.ਓ.ਬੀ. ਬਣਾਉਣ ਲਈ ਰੇਲ ਮੰਤਰੀ ਨੂੰ ਵੀ ਮਿਲਣਗੇ। ਪ੍ਰਾਜੈਕਟ ਦੇ ਦੂਜੇ ਫੇਜ਼ ਅਧੀਨ ਪਿੰਡ ਦਮੁੰਡਾ ਅਤੇ ਕੰਦੋਲਾ ’ਚ 1.25 ਕਿਲੋਮੀਟਰ ਜ਼ਮੀਨ ਦੀ ਪੈਂਡਿੰਗ ਐਕੂਜ਼ੀਸ਼ਨ ਬਾਰੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਹ ਕੰਮ ਅੰਤਿਮ ਪੜਾਅ ’ਤੇ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਉੱਚ ਅਥਾਰਟੀ ਕੋਲ ਮਾਮਲਾ ਉਠਾਉਣਗੇ। ਇਕ ਵਾਰ ਜ਼ਮੀਨ ਐਕਵਾਇਰ ਹੋ ਜਾਣ ਤੋਂ ਬਾਅਦ ਦੂਜੇ ਪੜਾਅ ਲਈ ਟੈਂਡਰ ਜਲਦ ਜਾਰੀ ਕਰ ਦਿੱਤੇ ਜਾਣਗੇ। ਇਸ ਮੌਕੇ ਐੱਸ. ਡੀ. ਐੱਮ. ਡਾ.ਜੈ ਇੰਦਰ ਸਿੰਘ, ਕਾਰਜਕਾਰੀ ਇੰਜਨੀਅਰ ਬੀ. ਐੱਸ. ਤੁਲੀ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਅਪੀਲ, ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News