ਪੀ. ਜੀ. ਆਈ. ਡਾਕਟਰ ਨੇ ਨਰਸਿੰਗ ਅਧਿਕਾਰੀ ਨੂੰ ਮਾਰਿਆ ਥੱਪੜ
Monday, Jun 19, 2017 - 08:20 AM (IST)
ਚੰਡੀਗੜ੍ਹ (ਪਾਲ) - ਪੀ. ਜੀ. ਆਈ. 'ਚ ਇਕ ਵਾਰ ਫਿਰ ਡਾਕਟਰ ਤੇ ਸਟਾਫ਼ ਆਪਸ 'ਚ ਭਿੜ ਗਿਆ। ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਪੂਰੇ ਪੀ. ਜੀ. ਆਈ. ਨਰਸਿੰਗ ਸਟਾਫ਼ ਨੇ ਐਤਵਾਰ ਨੂੰ ਡਾਇਰੈਕਟਰ ਦਫ਼ਤਰ ਸਾਹਮਣੇ ਹੰਗਾਮਾ ਕੀਤਾ। ਦਰਅਸਲ ਐਤਵਾਰ ਨੂੰ ਪੀ. ਜੀ. ਆਈ. ਦੇ ਐਡਵਾਂਸਡ ਟ੍ਰਾਮਾ ਸੈਂਟਰ ਦੀ ਐਮਰਜੈਂਸੀ 'ਚ ਸੀਨੀਅਰ ਮੈਡੀਕਲ ਅਫ਼ਸਰ (ਐੱਸ. ਐੱਮ. ਓ.) ਡਾ. ਦੀਪਕ ਨੇ ਨਰਸਿੰਗ ਅਧਿਕਾਰੀ ਨਰਿੰਦਰ ਤਿਆਗੀ ਨੂੰ ਥੱਪੜ ਮਾਰ ਦਿੱਤਾ। ਮਾਮਲਾ ਦੁਪਹਿਰ ਲਗਭਗ ਸਾਢੇ 12 ਵਜੇ ਦਾ ਹੈ। ਡਾਕਟਰ ਨੇ ਨਾ ਸਿਰਫ਼ ਨਰਸਿੰਗ ਅਧਿਕਾਰੀ ਤਿਆਗੀ ਨੂੰ ਸਭ ਦੇ ਸਾਹਮਣੇ ਥੱਪੜ ਮਾਰਿਆ, ਬਲਕਿ ਉਸਦੇ ਨਾਲ ਗਾਲੀ-ਗਲੋਚ ਵੀ ਕੀਤੀ। ਮਾਮਲਾ ਇੰਨਾ ਵਧ ਗਿਆ ਕਿ ਨਰਸਿੰਗ ਸਟਾਫ਼ ਨੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਕੇ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ 5 ਵਜੇ ਐੱਸ. ਐੱਮ. ਓ. ਨੇ ਸਾਰਿਆਂ ਸਾਹਮਣੇ ਲਿਖਤੀ ਮੁਆਫੀ ਮੰਗੀ।
ਨਰਸਿੰਗ ਯੂਨੀਅਨ ਦੀ ਪ੍ਰਧਾਨ ਡਾ. ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਐੱਸ. ਐੱਮ. ਓ. ਡਾ. ਦੀਪਕ ਨੇ ਡਿਊਟੀ 'ਤੇ ਤਾਇਨਾਤ ਨਰਸਿੰਗ ਅਧਿਕਾਰੀ ਨਰਿੰਦਰ ਤਿਆਗੀ ਤੋਂ ਮੈਡੀਕਲ ਔਜ਼ਾਰ ਮਾਈਨਰ ਓ. ਟੀ. ਸੈੱਟ ਕੰਪਲੈਕਸ ਤੋਂ ਬਾਹਰ ਲਿਜਾਣ ਲਈ ਮੰਗਿਆ। ਇਸ 'ਤੇ ਨਰਸਿੰਗ ਅਧਿਕਾਰੀ ਨੇ ਬਿਨਾਂ ਜ਼ਰੂਰੀ ਕਾਗਜ਼ੀ ਕਾਰਵਾਈ ਕੀਤਿਆਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਐੱਸ. ਐੱਮ. ਓ. ਬਦਤਮੀਜ਼ੀ 'ਤੇ ਉਤਰ ਆਇਆ ਤੇ ਤਿਆਗੀ ਨੂੰ ਥੱਪੜ ਮਾਰ ਦਿੱਤਾ।
ਪਹਿਲਾਂ ਵੀ ਹੋ ਚੁੱਕੇ ਹਨ ਅਜਿਹੇ ਕਈ ਮਾਮਲੇ
ਪੀ. ਜੀ. ਆਈ. ਡਾਕਟਰਾਂ ਤੇ ਸਟਾਫ਼ ਵਿਚਕਾਰ ਪਹਿਲਾਂ ਵੀ ਕਈ ਵਾਰ ਹੱਥੋਪਾਈ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਜਨਵਰੀ 'ਚ ਟ੍ਰਾਮਾ ਸੈਂਟਰ 'ਚ ਆਪਰੇਸ਼ਨ ਦੌਰਾਨ ਇਕ ਜੂਨੀਅਰ ਡਾਕਟਰ ਆਸ਼ੀਸ਼ ਨੇ ਓ. ਟੀ. ਟੈਕਨੀਸ਼ੀਅਨ ਨੂੰ ਥੱਪੜ ਮਾਰ ਦਿੱਤਾ ਸੀ, ਨਾ ਸਿਰਫ਼ ਥੱਪੜ ਬਲਕਿ ਡਾਕਟਰ ਨੇ ਟੈਕਨੀਸ਼ੀਅਨ ਦੇ ਕੱਪੜੇ ਤਕ ਪਾੜ ਦਿੱਤੇ ਸਨ। ਉਸ ਸਮੇਂ ਵੀ ਪ੍ਰਸ਼ਾਸਨ ਨੇ ਡਾਕਟਰ ਤੇ ਸਟਾਫ਼ ਵਿਚਕਾਰ ਸੁਲਾਹ ਕਰਵਾ ਦਿੱਤੀ ਸੀ।
ਯੂਨੀਅਨ ਨੇ ਦਿਖਾਏ ਤਿੱਖੇ ਤੇਵਰ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਰਸਿੰਗ ਯੂਨੀਅਨ ਡਾਇਰੈਕਟਰ ਦੇ ਦਫ਼ਤਰ ਪਹੁੰਚ ਗਈ। ਦੋਵਾਂ ਪੱਖਾਂ ਨੂੰ ਡਾਇਰੈਕਟਰ ਨੇ ਸਮਝਾਇਆ ਪਰ ਸੂਤਰਾਂ ਅਨੁਸਾਰ ਯੂਨੀਅਨ ਨੇ ਡਾਕਟਰ ਖਿਲਾਫ਼ ਅਦਾਲਤ ਜਾਣ ਦੀ ਧਮਕੀ ਦਿੱਤੀ, ਜਿਸਦੇ ਡਰੋਂ ਡਾਕਟਰ ਨੇ ਨਰਸਿੰਗ ਸਟਾਫ਼ ਤੋਂ ਲਿਖਤੀ ਮੁਆਫੀ ਮੰਗੀ। ਯੂਨੀਅਨ ਮਾਮਲੇ ਨੂੰ ਅਦਾਲਤ ਤਕ ਲੈ ਕੇ ਜਾਣਾ ਚਾਹੁੰਦੀ ਸੀ ਪਰ ਹਸਪਤਾਲ ਪ੍ਰਸ਼ਾਸਨ ਦੇ ਸਮਝਾਉਣ ਤੋਂ ਬਾਅਦ ਮਾਮਲਾ ਠੰਡਾ ਹੋਇਆ। ਇਸ ਬਾਰੇ ਪੀ. ਜੀ. ਆਈ. ਦੀ ਮੀਡੀਆ ਬੁਲਾਰਨ ਮੰਜੂ ਵਡਾਲਕਰ ਨੇ ਦੱਸਿਆ ਕਿ ਮਾਮਲੇ ਨੂੰ ਹਸਪਤਾਲ ਪ੍ਰਸ਼ਾਸਨ ਨੇ ਸੁਲਝਾ ਲਿਆ ਹੈ।
