ਡਾਕਟਰ ਕੋਲੋਂ ਪਿਸਤੌਲ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲਾ ਕਾਬੂ, ਸਾਥੀ ਫਰਾਰ
Sunday, Jan 19, 2025 - 05:28 AM (IST)
ਨਵਾਂਸ਼ਹਿਰ (ਤ੍ਰਿਪਾਠੀ) - ਪੁਲਸ ਨੇ ਸਾਇਕੈਟ੍ਰਿਕ ਡਾਕਟਰ ਦੇ ਕਲੀਨਿਕ ਤੋਂ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਨਗਦੀ, ਮੋਬਾਈਲ ਫ਼ੋਨ ਅਤੇ ਦਵਾਈਆਂ ਲੁੱਟਣ ਵਾਲੇ ਇਕ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਵਾਰਦਾਤ ਵਿਚ ਵਰਤੀ ਗਈ ਪਿਸਤੌਲ, ਨਕਦੀ ਅਤੇ ਦਵਾਈਆਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਬਾਈਕ ਸਵਾਰ ਦੋ ਲੁਟੇਰੇ ਚੰਡੀਗੜ੍ਹ ਰੋਡ ’ਤੇ ਗੁਰੂ ਨਾਨਕ ਨਗਰ ਦੇ ਸਾਹਮਣੇ ਸ਼ਿਵਾਲਿਕ ਸਕੂਲ ਸਥਿਤ ਡਾਕਟਰ ਲੋਕੇਸ਼ ਜੈਨ ਪੁੱਤਰ ਮਹਿੰਦਰ ਜੈਨ ਦੇ ਕਲੀਨਿਕ ’ਤੇ ਦਵਾਈਆਂ ਲੈਣ ਆਏ ਸਨ। ਦਵਾਈਆਂ ਲੈਣ ਤੋਂ ਬਾਅਦ ਉਸ ਨੇ ਡਾਕਟਰ ਨੂੰ ਪਿਸਤੌਲ ਅਤੇ ਹਥਿਆਰ ਦਿਖਾ ਕੇ 17 ਹਜ਼ਾਰ ਰੁਪਏ ਦੀ ਨਕਦੀ, ਦਵਾਈਆਂ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਤੇ ਡਾਕਟਰ ਲੋਕੇਸ਼ ਨੂੰ ਕੈਬਿਨ ਵਿੱਚ ਬੰਦ ਕਰ ਦਿੱਤਾ।
ਉਕਤ ਮਾਮਲੇ ’ਚ ਪੁਲਸ ਨੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਤੇ ਐੱਸ.ਐੱਚ.ਓ. ਨਵਾਂਸ਼ਹਿਰ ਇੰਸਪੈਕਟਰ ਅਭਿਸ਼ੇਕ ਦੀ ਅਗਵਾਈ ਹੇਠ ਪੁਲਸ ਟੀਮ ਗਠਿਤ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਸੀ। ਡੀ.ਐੱਸ.ਪੀ. ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹੀਰਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਧੈਂਗੜਪੁਰ ਥਾਣਾ ਰਾਹੋਂ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਨਕਦੀ ਅਤੇ ਦਵਾਈਆਂ ਵਾਰਦਾਤ ’ਚ ਵਰਤੀ ਗਈ ਏਅਰ ਪਿਸਟਲ ਬਰਾਮਦ ਕਰ ਲਈ ਗਈ ਹੈ, ਜਦੋਂਕਿ ਦੂਜੇ ਦੋਸ਼ੀ ਨੂੰ ਉਸ ਕੋਲੋਂ ਪੁੱਛ-ਪੜਤਾਲ ਕਰ ਕੇ ਨਾਮਜ਼ਦ ਕੀਤਾ ਗਿਆ ਹੈ।