ਡਾਕਟਰ ਦੀ 7 ਸਾਲਾ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਮਾਮਾ ਗ੍ਰਿਫਤਾਰ

10/15/2022 6:25:28 PM

ਮਲੋਟ (ਜੁਨੇਜਾ) : ਮਲੋਟ ਵਿਖੇ ਇਕ ਪ੍ਰਾਈਵੇਟ ਕਲੀਨਕ ਦੇ ਸੰਚਾਲਕ ਡਾਕਟਰ ਦੀ 7 ਸਾਲਾ ਧੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਵਿਚੋਂ ਬੱਚੀ ਦੇ ਮਾਮੇ ਨੂੰ ਸਿਟੀ ਮਲੋਟ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਸਿਟੀ ਮਲੋਟ ਵਰੁਣ ਕੁਮਾਰ ਮੱਟੂ ਨੇ ਦੱਸਿਆ ਕਿ ਡਾ. ਗੁਰਬਖਸ਼ ਸਿੰਘ ਉਪਲ ਪੁੱਤਰ ਸੁਖਵੰਤ ਸਿੰਘ ਵਾਸੀ ਗੁਰੂ ਰਾਮਦਾਸ ਹਸਪਤਾਲ ਨੇੜੇ ਬੱਸ ਸਟੈਂਡ ਮਲੋਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦਾ ਆਪਣੀ ਪਤਨੀ ਰੁਪਿੰਦਰ ਕੌਰ ਨਾਲ ਅਦਾਲਤੀ ਵਿਵਾਦ ਚੱਲ ਰਿਹਾ ਹੈ। ਬੱਚੀ ਪ੍ਰਭਜੋਤ ਆਪਣੇ ਪਿਤਾ ਤੇ ਦਾਦੇ-ਦਾਦੀ ਨਾਲ ਰਹਿੰਦੀ ਹੈ। 8 ਸਤੰਬਰ ਨੂੰ ਉਸ ਦੀ ਬੇਟੀ ਪ੍ਰਭਜੋਤ ਕੌਰ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਹਸਪਤਾਲ ’ਚ ਕੰਮ ਕਰਦੀਆਂ ਲੜਕੀਆਂ ਨਾਲ ਘਰ ਜਾ ਰਹੀ ਸੀ। ਇਸ ਦੌਰਾਨ ਉਸ ਦਾ ਸਾਲਾ ਜਸਕੀਰਤ ਸਿੰਘ, ਸੁਖਪ੍ਰੀਤ ਸਿੰਘ ਅਤੇ ਅਜੈਬ ਸਿੰਘ ਉਸ ਦੀ ਲੜਕੀ ਪ੍ਰਭਜੋਤ ਨੂੰ ਨਰਸਾਂ ਤੋਂ ਖੋਹ ਕਿ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲੈ ਗਏ। ਇਹ ਸਾਰੀ ਘਟਨਾਂ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ।

ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਸ ਸ਼ਿਕਾਇਤ ਉਪਰੰਤ ਮੁੱਢਲੀ ਜਾਂਚ ਕਰਕੇ ਜਸਕੀਰਤ ਸਿੰਘ ਜੱਸੀ ਪੁੱਤਰ ਸੁਖਵਿੰਦਰ ਸਿੰਘ, ਸੁਖਪ੍ਰੀਤ ਸਿੰਘ ਸੁੱਖੀ ਪੁੱਤਰ ਭੁਪਿੰਦਰ ਸਿੰਘ ਵਾਸੀਅਨ ਪਿੰਡ ਰਾਜਗੜ੍ਹ ਕੁੱਬੇ ਜ਼ਿਲ੍ਹਾ ਬਠਿੰਡਾ ਅਤੇ ਅਜੈਬ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਬੁਰਜ ਰਾਠੀ ਭੈਣੀ ਬਾਘਾ ਜ਼ਿਲ੍ਹਾ ਮਾਨਸਾ ਵਿਰੁੱਧ ਐਫ਼. ਆਈ. ਆਰ. ਨੰਬਰ 242 ਮਿਤੀ 10 ਸਤੰਬਰ ਅਧੀਨ ਧਾਰਾ 346, 365, 34 ਆਈ. ਪੀ. ਸੀ. ਤ਼਼ਹਿਤ ਮੁਕੱਦਮਾ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਅੱਜ ਪੁਲਸ ਨੇ ਬੱਚੀ ਦੇ ਮਾਮੇ ਜਸਕੀਰਤ ਸਿੰਘ ਜੱਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 


Gurminder Singh

Content Editor

Related News