ਸੰਗਤਾਂ ਨੂੰ ਬਦਨਾਮ ਨਾ ਕਰੋ, ਜ਼ਿੰਮੇਵਾਰੀ ਲਈ ਸਿਹਤ ਮੰਤਰੀ ਅਤੇ ਸਰਕਾਰਾਂ ਜਵਾਬ ਦੇਣ

05/03/2020 10:48:51 AM

ਹਰਪ੍ਰੀਤ ਸਿੰਘ ਕਾਹਲੋਂ ਅਤੇ ਰਣਦੀਪ ਸਿੰਘ ਦੀ ਖਾਸ ਰਿਪੋਰਟ 

ਸੰਤ ਸਮਾਜ ਤੇ ਸਿੱਖ ਸ਼ਖ਼ਸੀਅਤਾਂ ਦੀ ਆਵਾਜ਼ 

ਆਉਂਦੇ ਨੇ ਮਾੜੇ ਸਮੇਂ, ਆਉਂਦੇ ਹੀ ਰਹਿੰਦੇ ਨੇ,
ਸੁਣਕੇ ਤੂੰ ਜਾਵੀਂ ਬੰਦਿਆਂ, ਸਤਿਗੁਰ ਕੀ ਕਹਿੰਦੇ ਨੇ।
ਬੰਦੇ ਨੂੰ ਬੰਦਾ ਸਮਝੋ, ਹੋਵੋ ਨਾ ਮੋਹ ਤੋਂ ਵਾਂਝੇ,
ਬਣੀਏ ਹਿੰਮਤ ਅੱਜ ਮਿਲਕੇ, ਵਿਹੜੇ ਨੇ ਆਪਣੇ ਸਾਂਝੇ।

ਮੋਗਾ ਦੇ ਸਿਹਤ ਮਹਿਕਮਾ ਪੰਜਾਬ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਰਛਪਾਲ ਸਿੰਘ ਸੋਸਣ ਕਹਿੰਦੇ ਨੇ ਕਿ ਜਦੋਂ ਬੰਦੇ ਸੋਸ਼ਲ ਸਾਈਟਾਂ ਤੇ ਕੋਰੋਨਾ ਦੇ ਇਸ ਦੌਰ ਵਿਚ ਇਕ ਦੂਜੇ ਨੂੰ ਦੋਸ਼ ਦਿੰਦੇ ਮੈਹਿਣੋ-ਮੈਹਿਣੀ ਹੋ ਰਹੇ ਸਨ। ਉਸ ਸਮੇਂ ਅਸੀਂ ਜ਼ਮੀਨ ’ਤੇ ਆਪਣੀ ਡਿਊਟੀ ਸੇਵਾ ਸਮਝ ਕਰ ਰਹੇ ਸਾਂ। ਇਹ ਬੜੀ ਵਚਿੱਤਰ ਕਿਸਮ ਹੈ ਕਿ ਕੋਰੋਨਾ ਪੂਰੇ ਸੰਸਾਰ ਵਿਚ ਫੈਲਿਆ ਹੈ ਪਰ ਭਾਰਤ ਹੀ ਇਕਲੌਤਾ ਦੇਸ਼ ਹੈ, ਜਿੱਥੇ ਅਸੀਂ ਕੋਰੋਨਾ ਦੇ ਮਰੀਜ਼ ਨੂੰ ਉਹਦੇ ਧਰਮ ਤੋਂ ਪਛਾਣਦੇ ਹਾਂ। ਇਹ ਸਿਲਸਿਲਾ ਪਰਵਾਸੀ ਭਾਰਤੀਆਂ ਤੋਂ ਲੈ ਕੇ ਤਬਲੀਗੀਆਂ ਅਤੇ ਹੁਣ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਤੱਕ ਤੁਰਦਾ ਆ ਰਿਹਾ ਹੈ। ਇੰਝ ਲੱਗਦਾ ਹੈ ਕਿ ਅਸੀਂ ਕੋਰੋਨਾ ਸੰਕਟ ਤੋਂ ਤਾਂ ਜਿੱਤ ਜਾਵਾਂਗੇ ਪਰ ਇਨਸਾਨੀਅਤ ਹੱਥੋਂ ਸ਼ਰਮਸਾਰ ਜ਼ਰੂਰ ਹੋਵਾਂਗੇ।

ਸ੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਲੈ ਕੇ ਪਿਛਲੇ ਦਿਨਾਂ ਵਿਚ ਦੋ ਗੱਲਾਂ ਸਭ ਤੋਂ ਵੱਧ ਚਰਚਾ ਵਿਚ ਰਹੀਆਂ ਹਨ। ਪੰਜਾਬ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੇਸ਼ੱਕ ਇਸ ਸਿਲਸਿਲੇ ਵਿਚ ਕਿਹਾ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਅਤੇ ਇਕਜੁੱਟ ਹੋ ਕੇ ਇਸ ਮਹਾਂਮਾਰੀ ਖ਼ਿਲਾਫ਼ ਲੜਨਾ ਚਾਹੀਦਾ ਹੈ। ਕੁਝ ਲੋਕ ਕੋਰੋਨਾ ਸੰਕਟ ਦੇ ਇਸ ਦੌਰ ਵਿਚ ਸ੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਲਈ ਭੰਡੀ ਪ੍ਰਚਾਰ ਕਰ ਰਹੇ ਹਨ। ਇਹਦੇ ਨਾਲ ਦੂਜੇ ਪਾਸੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਨੇ ਆਪਣੀ ਪ੍ਰਤੀਕਿਰਿਆ ਇੰਝ ਵੀ ਦਿੱਤੀ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਅਲਹਿਦਾ ਕਰਦਿਆਂ ਹੋਇਆਂ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਅਤੇ ਸਾਨੂੰ ਪੰਜਾਬ ਆ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ’ਤੇ ਸੰਤ ਸਮਾਜ ਅਤੇ ਸਿੱਖ ਸ਼ਖ਼ਸੀਅਤਾਂ ਨੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਕੋਈ ਜਾਵੇ ਜਾਂ ਨਾ ਜਾਵੇ ਸਾਡੇ ਸੇਵਾਦਾਰ ਸੇਵਾ ਕਰਨਗੇ : ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ 
ਅੰਮ੍ਰਿਤਸਰ ਤੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੱਸਦੇ ਹਨ ਕਿ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਪ੍ਰਸ਼ਾਸਨ ਨੇ 3 ਸੈਂਟਰਾਂ ਵਿਚ ਰੱਖਿਆ ਹੈ ਅਤੇ ਇਨ੍ਹਾਂ ਦੀ ਗਿਣਤੀ 400-500 ਹੈ। ਇਨ੍ਹਾਂ ਦਿਨਾਂ ਵਿਚ ਅਸੀਂ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਸਵੇਰ ਦੁਪਹਿਰ ਅਤੇ ਸ਼ਾਮ ਨੂੰ 3 ਸਮੇਂ ਸੰਗਤਾਂ ਲਈ ਪੈਕਡ ਭੋਜਨ ਦਾ ਪ੍ਰਬੰਧ ਕੀਤਾ ਹੈ। ਇਸ ਲਈ ਅਸੀਂ ਪੈਡ ਥਾਲੀ ਬਣਾਈ ਹੈ, ਜਿਸ ਵਿਚ ਰੋਟੀਆਂ ਪੇਪਰ ਰੋਲ ਵਿਚ ਵਲੇਟ ਕੇ ਨਾਲ ਪੈਕਡ ਸਬਜ਼ੀ, ਪੈਕਡ ਮਿੱਠਾ ਅਤੇ ਡਿਸਪੋਜ਼ਲ ਚਿਮਚਾ ਰੱਖਿਆ ਹੈ। 

PunjabKesari

ਟੈਸਟ ਕਿੱਟਾਂ ’ਤੇ ਸਵਾਲੀਆ ਨਿਸ਼ਾਨ !
ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਹਿੰਦੇ ਹਨ ਕਿ ਜਦੋਂ ਹੋਰ ਰਿਪੋਰਟਾਂ ਵਿਚ ਅਸੀਂ ਇਕ ਨਹੀਂ ਤਿੰਨ ਵਾਰ ਟੈਸਟ ਕਰਦੇ ਹਾਂ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਪੁੱਖਤਾ ਜਾਂਚ ਕਰ ਲਈਏ ਤਾਂ ਇਸ ਵਾਰ ਵੀ ਇੱਕੋ ਟੈਸਟ ’ਤੇ ਕੋਈ ਵੀ ਰਿਪੋਰਟ ਤੈਅ ਕਿਵੇਂ ਕਰ ਦਿੱਤੀ ਜਾਂਦੀ ਹੈ ? ਕੋਰੋਨਾ ਵਰਗੀ ਮਹਾਮਾਰੀ ਤਾਂ ਕਿਸੇ ਵੀ ਥਾਂ, ਕਿਸੇ ਨੂੰ ਵੀ, ਕਿਸੇ ਵੀ ਵੇਲੇ ਹੋ ਸਕਦੀ ਹੈ। ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਪੱਕਾ ਪਕਾਇਆ ਸਿਸਟਮ ਨਹੀਂ ਹੈ। ਪਰ ਇਹ ਵੱਡਾ ਸਵਾਲ ਹੈ ਕਿ ਜਦੋਂ ਪਟਨਾ ਸਾਹਿਬ ਤੋਂ ਦੇ 1000 ਦੇ ਕਰੀਬ ਸੰਗਤਾਂ ਨੂੰ ਅਸੀਂ ਉੱਥੋਂ ਦੇ ਕਲੈਕਟਰ ਸਾਹਿਬ ਨੂੰ ਬੇਨਤੀ ਕਰਕੇ ਲਾਕਡਾਉਨ ਤੋਂ ਇਕ ਹਫ਼ਤੇ ਦੇ ਅੰਦਰ ਪੰਜਾਬ ਮਹਿਫੂਜ਼ ਥਾਵਾਂ ’ਤੇ ਲੈ ਆਏ ਤਾਂ ਹਜ਼ੂਰ ਸਾਹਿਬ ਵਿਚ ਫਸੀਆਂ ਸੰਗਤਾਂ ਨੂੰ ਵੀ ਸਮੇਂ ਸਿਰ ਲਿਆਉਣ ਦਾ ਪ੍ਰਬੰਧ ਕਰਨ ਵਿਚ ਅਸੀਂ ਖੁੰਝੇ ਜ਼ਰੂਰ ਹਾਂ। 

ਸ੍ਰੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਲਈ ਪਿਛਲੇ ਦਿਨਾਂ ਵਿਚ ਸਾਡੀ ਉੱਥੇ ਬਾਬਾ ਬਲਵਿੰਦਰ ਸਿੰਘ ਨਾਲ ਬਾਕਾਇਦਾ ਗੱਲਬਾਤ ਵੀ ਹੋਈ ਸੀ। ਉਨ੍ਹਾਂ ਨੇ ਸਾਡੇ ਕੋਲੋਂ ਇਹ ਵੀ ਪੁੱਛਿਆ ਸੀ ਕਿ ਜਿਵੇਂ ਤੁਸੀਂ ਪਟਨਾ ਸਾਹਿਬ ਤੋਂ ਆਗਿਆ ਲੈ ਕੇ ਸੰਗਤ ਨੂੰ ਪੰਜਾਬ ਲਿਆਂਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਦੱਸੋ ਕਿ ਅਸੀਂ ਕਿੰਝ ਪ੍ਰਸ਼ਾਸਨ ਤੋਂ ਮਨਜ਼ੂਰੀ ਲਾਈਏ। ਬਾਬਾ ਬਲਵਿੰਦਰ ਸਿੰਘ ਹੁਣਾਂ ਨੇ ਉੱਥੇ ਬੇਧੜਕ ਸੇਵਾ ਕੀਤੀ। ਸੰਗਤਾਂ ਵਿਚ ਵਿਚਰੇ। ਉਨ੍ਹਾਂ ਨੂੰ ਵਿਦਾ ਕਰਦਿਆਂ ਆਪਣੇ ਹੱਥੀਂ ਆਪ ਤੋਰਿਆ। ਜੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ ਤਾਂ ਇਹ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਘਾਟ ਇੱਥੇ ਕਿੱਥੇ ਰਹੀ ?

ਮਸਲਾ ਹਜ਼ੂਰ ਸਾਹਿਬ ਦੀ ਸੰਗਤ ਦਾ ਨਹੀਂ ਹੈ ਇਹ ਬੀਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਸਮੇਂ ਲੋੜ ਹੈ ਕਿ ਅਸੀਂ ਹਰ ਮਰੀਜ਼ ਲਈ ਹਮਦਰਦੀ ਰੱਖੀਏ। ਸਾਡੇ ਵਲੋਂ ਤਿਆਰ ਗੁਰੂ ਘਰ ਦਾ ਲੰਗਰ ਗੁਰੂ ਘਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ। ਸਾਡੇ ਸੇਵਾਦਾਰ ਇਸ ਲਈ ਦ੍ਰਿੜ੍ਹ ਹਨ ਕਿ ਕੋਈ ਉਨ੍ਹਾਂ ਮਰੀਜ਼ਾਂ ਕੋਲ ਜਾਵੇ ਜਾਂ ਨਾ ਜਾਵੇ ਪਰ ਸਾਡੇ ਸੇਵਾਦਾਰ ਸੇਵਾ ਕਰਨਗੇ। ਸਾਡਾ ਕੰਮ ਹੈ ਸੇਵਾ ਕਰਨਾ ਉਹ ਅਸੀਂ ਕਰ ਰਹੀ ਅਤੇ ਸਰਕਾਰਾਂ ਦਾ ਕੰਮ ਹੈ ਆਪਣੀ ਜ਼ਿੰਮੇਵਾਰੀ ਤੈਅ ਕਰਨਾ ਉਹ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ।

ਸੂਬਾ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਨਿਭਾਉਣੀ ਚਾਹੀਦੀ ਸੀ : ਸੰਤ ਬਲਬੀਰ ਸਿੰਘ ਸੀਚੇਵਾਲ 

PunjabKesari
ਜਗਬਾਣੀ ਨਾਲ ਗੱਲ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਇਹ ਬਹੁਤ ਮੰਦਭਾਗਾ ਹੈ ਕਿ ਅਸੀਂ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਵਿਚੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਮਾੜਾ ਵਿਹਾਰ ਕਰ ਰਹੇ ਹਾਂ। ਉਨ੍ਹਾਂ ਸੰਗਤਾਂ ਵਿਚ ਜੇ ਕਿਸੇ ਨੂੰ ਇਹ ਬੀਮਾਰੀ ਹੋ ਗਈ ਹੈ ਤਾਂ ਇਸ ਵਿਚ ਉਨ੍ਹਾਂ ਸੰਗਤਾਂ ਦਾ ਕੋਈ ਕਸੂਰ ਨਹੀਂ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਮੇਂ ਸਿਰ ਇਸ ਦਾ ਇੰਤਜ਼ਾਮ ਕਰਦੀ ਅਤੇ ਇਹ ਸੰਗਤਾਂ ਸਮੇਂ ਸਿਰ ਆਪਣੇ ਘਰ ਪਹੁੰਚਦੀਆਂ। ਇਸ ਨੂੰ ਲੈ ਕੇ ਸੰਗਤਾਂ ਨੇ ਸ਼ਿਕਾਇਤ ਵੀ ਕੀਤੀ ਹੈ ਕਿ ਉਨ੍ਹਾਂ ਨੂੰ ਅਲਹਿਦਗੀ ਵਿੱਚ ਸਹੀ ਢੰਗ ਨਾਲ ਨਹੀਂ ਰੱਖਿਆ ਗਿਆ। ਸਰਕਾਰ ਨੂੰ ਇਸ ਲਈ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ। ਪਿਛਲੇ ਦਿਨਾਂ ਵਿਚ ਭਾਈ ਨਿਰਮਲ ਸਿੰਘ ਖਾਲਸਾ ਦੇ ਮਾਮਲੇ ਵਿੱਚ ਵੀ ਉਨ੍ਹਾਂ ਦੀ ਹੀ ਜ਼ੁਬਾਨੀ ਸਹੂਲਤਾਂ ਦੀ ਘਾਟ ਰਹੀ ਹੈ। ਕੋਰੋਨਾ ਨੂੰ ਲੈ ਕੇ ਸਿਹਤ ਮੰਤਰੀ ਤੋਂ ਲੈ ਕੇ ਸਰਕਾਰ ਦੀ ਹਰ ਇਕਾਈ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ।

ਜੇ ਸਭ ਕੁਝ ਸਹੀ ਹੈ ਤਾਂ ਕੋਰੋਨਾ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕੀਤਾ ਜਾਂਦਾ : ਭਾਈ ਗੁਰਦੇਵ ਸਿੰਘ ਕੁਹਾੜਕਾ 

PunjabKesari
ਪਿਛਲੇ ਦਿਨਾਂ ਵਿਚ ਸ਼ਹਿਰ ਜ਼ੀਰੇ ਦੇ ਆਲੇ-ਦੁਆਲੇ 60 ਜਣੇ ਪਹੁੰਚੇ ਹਨ। ਉਨ੍ਹਾਂ ਵਿਚੋਂ ਜਣੇ 9 ਪਾਜ਼ੇਟਿਵ ਅਤੇ ਬਾਕੀ ਸਹੀ ਸਲਾਮਤ ਹਨ। ਇਹ ਆਮ ਸਮਝ ਮੁਤਾਬਕ ਕਾਫੀ ਭੰਬਲਭੂਸਾ ਪੈਦਾ ਕਰਦਾ ਹੈ। ਇਹ ਗੱਲਾਂ ਕਰਦੇ ਹੋਏ ਭਾਈ ਗੁਰਦੇਵ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਹਿੰਦੇ ਹਨ ਕਿ ਸਵਾਲ ਇਹ ਨਹੀਂ ਹੈ ਕਿ ਕੌਣ ਮਰੀਜ਼ ਹੈ ਕੌਣ ਨਹੀਂ। ਸਵਾਲ ਇਹ ਹੈ ਕਿ ਜਦੋਂ ਵੀ ਭੰਡੀ ਪ੍ਰਚਾਰ ਕਰਨ ਦਾ ਮੌਕਾ ਆਉਂਦਾ ਹੈ ਉਸ ਸਮੇਂ ਇਹ ਮਰੀਜ਼ ਜਾਂ ਸਿੱਖ ਹੀ ਨਿਕਲ ਰਹੇ ਹਨ ਜਾਂ ਮੁਸਲਮਾਨ ? 

ਪਿਛਲੇ ਦਿਨਾਂ ਵਿਚ ਭਾਈ ਨਿਰਮਲ ਸਿੰਘ ਖਾਲਸਾ ਚੜ੍ਹਾਈ ਕਰ ਗਏ। ਉਨ੍ਹਾਂ ਦੇ ਸਾਥੀ ਭਾਈ ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਧੀ ਠੀਕ ਹੋ ਗਈ। ਇਸ ਸਭ ਦੇ ਵਿਚਕਾਰ ਇਹ ਕਿਉਂ ਨਹੀਂ ਦੱਸਿਆ ਜਾਂਦਾ ਕਿ ਕੋਰੋਨਾ ਮਰੀਜ਼ ਦੀ ਰਿਪੋਰਟ ਕਿੱਥੇ ਹੋਈ ਹੈ ? ਕਿੰਨੇ ਕੀਤੀ ਹੈ ? ਇਹ ਸਭ ਜਨਤਕ ਕਿਉਂ ਨਹੀਂ ਕੀਤਾ ਜਾਂਦਾ ? ਸਰਕਾਰ ਇਸ ਲਈ ਸਵਾਲਾਂ ਦੇ ਘੇਰੇ ਵਿਚ ਤਾਂ ਹੈ ਕਿ ਹਜ਼ੂਰ ਸਾਹਿਬ ਦੀਆਂ ਉਨ੍ਹਾਂ ਸੰਗਤਾਂ ਬਾਰੇ ਹਜ਼ੂਰ ਸਾਹਿਬ ਰਹਿੰਦਿਆਂ ਸਾਨੂੰ ਕਿਸੇ ਵੀ ਤਰ੍ਹਾਂ ਉਨ੍ਹਾਂ ਦੀਆਂ ਤਕਲੀਫ਼ਾਂ ਦੀ ਕੋਈ ਖ਼ਬਰ ਨਹੀਂ ਮਿਲੀ। ਉਹ ਸੰਗਤਾਂ ਇੱਥੇ ਆ ਕੇ ਸਰਕਾਰ ਦੇ ਇੰਤਜ਼ਾਮਾਂ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀਆਂ ਹਨ। ਸਰਕਾਰ ਲਈ ਤਾਂ ਇਹ ਸ਼ੀਸ਼ਾ ਹੈ। 

ਕਿੱਲੀ ਬੋਦਲ ਦੇ ਨੌਜਵਾਨ ਜੱਜ ਸਿੰਘ ਨੂੰ ਕਿਵੇਂ ਯਾਦ ਕਰੋਗੇ ? ਗਿਆਨੀ ਹਰਪਾਲ ਸਿੰਘ 

PunjabKesari
ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਬਹੁਤ ਵਾਜਬ ਗੱਲ ਚੁੱਕਦੇ ਹਨ। ਉਨ੍ਹਾਂ ਮੁਤਾਬਕ ਇਹ ਸਮਾਂ ਮਿਲ ਵੰਡ ਕੇ ਚੱਲਣ ਦਾ ਹੈ ਅਤੇ ਸਾਨੂੰ ਸਭ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਗਿਆਨੀ ਹਰਪਾਲ ਸਿੰਘ ਕਹਿੰਦੇ ਹਨ ਕਿ ਸਰਕਾਰ ਦੇ ਅਤੇ ਸਾਡੇ ਵਰਗੇ ਸ਼੍ਰੋਮਣੀ ਕਮੇਟੀ ਦੇ ਤਨਖਾਹ ਸ਼ੁਦਾ ਸੇਵਾਦਾਰ ਇਸ ਸਮੇਂ ਜੋ ਸੇਵਾ ਨਿਭਾ ਰਹੇ ਹਨ, ਉਨ੍ਹਾਂ ਨੂੰ ਖੂਬ ਹੱਲਾਸ਼ੇਰੀ ਮਿਲ ਰਹੀ ਹੈ। ਪਿਛਲੇ ਦਿਨਾਂ ਵਿਚ ਏ.ਐੱਸ.ਆਈ. ਹਰਜੀਤ ਸਿੰਘ ਦੇ ਹੱਕ ਵਿੱਚ ਸਭ ਨੇ ਹਾਅ ਦਾ ਨਾਅਰਾ ਮਾਰਿਆ। ਇਸ ਲੜਾਈ ਵਿੱਚ ਸਾਡੇ ਵਰਗੇ ਸੇਵਾਦਾਰਾਂ ਨੂੰ ਯੋਧੇ ਅਤੇ ਜਾਂਬਾਜ਼ ਰਾਖੇ ਕਿਹਾ ਗਿਆ ਹੈ।

ਦੂਜੇ ਪਾਸੇ ਪਿੰਡ ਕਿੱਲੀ ਬੋਦਲ ਜ਼ਿਲ੍ਹਾ ਮੋਗਾ ਦਾ ਆਮ ਨੌਜਵਾਨ ਜੱਜ ਸਿੰਘ ਕੋਰੋਨਾ ਮਹਾਮਾਰੀ ਨੂੰ ਲੈ ਕੇ ਲਾਏ ਗਏ ਪਹਿਰੇ ਵਿਚ ਸ਼ੱਕੀ ਨਸ਼ੇੜੀਆਂ ਵਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜੱਜ ਸਿੰਘ ਵਰਗੇ ਨੌਜਵਾਨ ਇਹ ਸੇਵਾ ਆਪਣਾ ਫਰਜ਼ ਸਮਝ ਕੇ ਨਿਭਾ ਰਹੇ ਸਨ ਅਤੇ ਇਸ ਦੀ ਉਨ੍ਹਾਂ ਨੂੰ ਕੋਈ ਤਨਖ਼ਾਹ ਵੀ ਨਹੀਂ ਮਿਲਦੀ ਸੀ। ਕੀ ਸਰਕਾਰਾਂ ਲਈ ਸਾਰੇ ਯੋਧੇ ਉਨ੍ਹਾਂ ਦੇ ਮਹਿਕਮੇ ਵਾਲੇ ਹੀ ਹਨ ਜਦੋਂ ਕਿ ਇਸ ਮਹਾਮਾਰੀ ਵਿਚ ਪੰਜਾਬ ਦੇ ਆਮ ਵਾਸੀ ਬਰਾਬਰ ਦਾ ਸਹਿਯੋਗ ਪਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਸ ਪਰਿਵਾਰ ਲਈ ਨਾ ਕਿਸੇ ਤਰ੍ਹਾਂ ਦੀ ਸੋਸ਼ਲ ਸਾਈਟਾਂ ਤੇ ਮੁਹਿੰਮ ਵੇਖੀ ਗਈ ਅਤੇ ਨਾ ਹੀ ਸਰਕਾਰਾਂ ਵਲੋਂ ਦੋ ਸ਼ਬਦ ਸੁਣਨ ਨੂੰ ਮਿਲੇ। ਗਿਆਨੀ ਹਰਪਾਲ ਸਿੰਘ ਕਹਿੰਦੇ ਹਨ ਕਿ ਇਹ ਲੱਚਰ ਪ੍ਰਬੰਧ ਦਾ ਹੀ ਨਤੀਜਾ ਹੈ ਕੇ ਹਜ਼ੂਰ ਸਾਹਿਬ ਤੋਂ ਇਨ੍ਹਾਂ ਸੰਗਤਾਂ ਨੂੰ ਰੇਲ ਗੱਡੀ ਰਾਹੀਂ ਲਿਆਂਦਾ ਜਾਂਦਾ ਤਾਂ ਹਾਲਾਤ ਕੁਝ ਬਿਹਤਰ ਹੁੰਦੇ।

ਕੋਰੋਨਾ ਸੰਕਟ ਵਿਚ ਅਸੀਂ ਗੁਰਦੁਆਰਿਆਂ ਦੀ ਪੇਸ਼ਕਸ਼ ਕੀਤੀ ਪਰ ਸਰਕਾਰ ਘੇਸਲ ਵੱਟ ਰਹੀ ਹੈ : ਭਾਈ ਗੋਬਿੰਦ ਸਿੰਘ ਲੌਂਗੋਵਾਲ 

PunjabKesari
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਗੱਲ ਤੇ ਇਤਰਾਜ਼ ਜਤਾਉਂਦੇ ਹਨ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਸੰਬੋਧਿਤ ਹੋਣ ਵੇਲੇ ਹਜ਼ੂਰ ਸਾਹਿਬ ਤੋਂ ਆਈਆਂ 3500 ਸੰਗਤਾਂ ਦਾ ਜ਼ਿਕਰ ਤਾਂ ਜ਼ਰੂਰ ਕਰਦੇ ਹਨ ਪਰ ਏਨੀ ਗਿਣਤੀ ਵਿਚ ਹੋਰ ਥਾਵਾਂ ਤੋਂ ਆਏ ਮਜ਼ਦੂਰਾਂ ਜਾਂ ਲੋਕਾਂ ਦਾ ਜ਼ਿਕਰ ਨਹੀਂ ਕਰਦੇ। ਉਨ੍ਹਾਂ ਮੁਤਾਬਕ ਸਰਕਾਰ ਇੰਝ ਕਰਕੇ ਖਾਸ ਭਾਈਚਾਰੇ ਲਈ ਬਾਇਨਰੀ ਬਣਾਉਂਦੀ ਹੈ, ਜੋ ਮੰਦਭਾਗਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਹਨ ਕਿ ਆਈਆਂ ਸੰਗਤਾਂ ਨੂੰ ਪਾਣੀ ਰਹਿਣ ਸਹਿਣ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਕਾਫੀ ਔਕੜਾਂ ਆਈਆਂ ਹਨ, ਜਿਸ ਦਾ ਜ਼ਿਕਰ ਸੰਗਤਾਂ ਆਪ ਕਰ ਰਹੀਆਂ ਹਨ ਪਰ ਸਰਕਾਰ ਆਪਣੇ ਮਹਿਕਮਿਆਂ ਦੀ ਮਸ਼ਹੂਰੀ ਕਰਨ ਵਿਚ ਹੀ ਮਸ਼ਰੂਫ਼ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁਤਾਬਕ ਉਨ੍ਹਾਂ ਨੇ ਇਸ ਦੌਰਾਨ ਆਪਣੇ ਗੁਰਦੁਆਰਿਆਂ ਦੀਆਂ ਸਰਾਵਾਂ ਦੀ ਪੇਸ਼ਕਸ਼ ਵੀ ਵਾਰ-ਵਾਰ ਕੀਤੀ ਹੈ, ਕਿਉਂਕਿ ਇਨ੍ਹਾਂ ਥਾਵਾਂ ਦੇ ਰੱਖ ਰਖਾਵ ਨੂੰ ਬਿਹਤਰ ਸੈਨੇਟਰਜ਼ ਕਰਕੇ ਸਾਰੇ ਇੰਤਜ਼ਾਮ ਕੀਤੇ ਗਏ ਹਨ।


rajwinder kaur

Content Editor

Related News