ਮੰਗਾਂ ਨਾ ਮੰਨਣ ’ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਚਿਤਾਵਨੀ

Friday, Jul 20, 2018 - 12:57 AM (IST)

ਮੰਗਾਂ ਨਾ ਮੰਨਣ ’ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਚਿਤਾਵਨੀ

 ਗੁਰਦਾਸਪੁਰ,  (ਹਰਮਨਪ੍ਰੀਤ, ਦੀਪਕ)-  ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲਾ ਗੁਰਦਾਸਪੁਰ ਦੇ ਕਨਵੀਨਰ ਲਵਪ੍ਰੀਤ ਸਿੰਘ ਤੇ ਕੋਆਰਡੀਨੇਟਰ ਗੁਰਪ੍ਰੀਤ ਰੰਗੀਲਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਜ਼ਿਮਨੀ ਚੋਣਾਂ ਸਮੇਂ ਸ਼ਾਹਕੋਟ ਵਿਖੇ 20 ਮਈ ਨੂੰ ਕੀਤੀ ਰੈਲੀ ਦੇ ਦਬਾਅ ਸਦਕਾ ਕੈਬਨਿਟ ਮੰਤਰੀਆਂ ਦੀ ਸਬ-ਕਮੇਟੀ ਨੇ ਪੁਰਾਣੀ ਪੈਨਸ਼ਨ ਬਹਾਲੀ ਸੰੰਘਰਸ਼ ਕਮੇਟੀ ਨਾਲ 22 ਮਈ ਨੂੰ ਮੀਟਿੰਗ ’ਚ ਮੰਨ ਲਿਆ ਸੀ ਕਿ ਉਹ ਐਕਸਗ੍ਰੇਸ਼ੀਆ ਅਤੇ ਗਰੈਚੁਟੀ ਸਬੰਧੀ ਨੋਟੀਫਿਕੇਸ਼ਨ 2 ਜੂਨ ਤੱਕ ਕਰ ਦੇਣਗੇ। ਇਸ ਤੋਂ ਇਲਾਵਾ ਨਵੀਂ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਰੀਵਿਊ ਕਮੇਟੀ ਜਲਦੀ ਬਿਠਾਉਣਗੇ ਪਰ 2 ਮਹੀਨੇ ਦਾ ਸਮਾਂ ਬੀਤ ਜਾਣ ’ਤੇ ਕੈਬਨਿਟ ਮੰਤਰੀਆਂ ਦੀ ਸਬ ਕਮੇਟੀ ਵੱਲੋਂ ਐਕਸਗ੍ਰੇਸ਼ੀਆ ਅਤੇ ਗਰੈਚੁਟੀ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਜਿਸ ਕਾਰਨ ਸਮੁੱਚੇ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐਕਸਗ੍ਰੇਸ਼ੀਆ ਅਤੇ ਗਰੈਚੁਟੀ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਅਤੇ ਰੀਵਿਊ ਕਮੇਟੀ ਜਲਦੀ ਨਾ ਬਿਠਾਈ ਤਾਂ ਸੂਬਾ ਕਨਵੀਨਰ ਜਸਵੀਰ ਤਲਵਾਡ਼ਾ ਦੀ ਅਗਵਾਈ ਹੇਠ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰੰਘਰਸ਼ ਕਮੇਟੀ, ਪੰਜਾਬ ਐਂਡ ਯੂ. ਟੀ. ਸੰਘਰਸ਼ ਕਮੇਟੀ 30 ਜੁਲਾਈ ਨੂੰ ਗੁਰਦਾਸਪੁਰ ਵਿਖੇ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਵੇਗੀ। ਮੀਟਿੰਗ ’ਚ ਕੁਲਵੰਤ ਸਿੰਘ, ਅਮਨਦੀਪ ਸਿੰਘ, ਜਗਦੀਸ਼ ਰਾਜ, ਅਸ਼ੋਕ ਕੁਮਾਰ, ਗੁਰਿੰਦਰਜੀਤ ਸਿੰਘ, ਸਤਿੰਦਰਜੀਤ ਸਿੰਘ, ਗੁਰਦਿਆਲ ਚੰਦ, ਸੁਖਜਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਹੀਰਾ ਸਿੰਘ ਭੱਟੀ, ਵਨੀਤ ਸਿੰਘ ਹਾਜ਼ਰ ਸਨ। 
 


Related News