ਅੱਵਲ ਤੋਂ 23ਵੇਂ ਨੰਬਰ ''ਤੇ ਲੁੜਕਿਆ ਜਲੰਧਰ: ਡੀ. ਸੀ. ਦਫ਼ਤਰ ''ਚ 71,956 ਸਰਟੀਫਿਕੇਟਾਂ ਦੇ ਮਾਮਲੇ ਪੈਂਡਿੰਗ
Thursday, Sep 10, 2026 - 08:39 AM (IST)
ਜਲੰਧਰ (ਚੋਪੜਾ) : ਜ਼ਿਲ੍ਹੇ ਵਿਚ ਅਨੁਸੂਚਿਤ ਜਾਤੀ (ਐੱਸ. ਸੀ.), ਹੋਰ ਪੱਛੜੀਆਂ ਸ਼੍ਰੇਣੀਆਂ/ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ./ਬੀ. ਸੀ.), ਜਨਰਲ ਜਾਤੀ ਅਤੇ ਰਿਹਾਇਸ਼ ਤੇ ਹੋਰ ਸਰਟੀਫਿਕੇਟਾਂ ਨਾਲ ਸਬੰਧਤ ਵੱਡੀ ਗਿਣਤੀ ਵਿਚ ਮਾਮਲੇ ਪੈਂਡਿੰਗ ਪਏ ਹਨ। 8 ਸਤੰਬਰ ਤੱਕ ਦੇ ਉਪਲਬਧ ਅੰਕੜਿਆਂ ਅਨੁਸਾਰ ਜ਼ਿਲੇ ਦੀਆਂ ਵੱਖ-ਵੱਖ ਤਹਿਸੀਲਾਂ ਅਤੇ ਉਪ-ਤਹਿਸੀਲਾਂ ਵਿਚ ਇਨ੍ਹਾਂ ਸੇਵਾਵਾਂ ਨਾਲ ਸਬੰਧਤ ਕੁੱਲ 71,956 ਮਾਮਲੇ ਪੈਂਡਿੰਗ ਹਨ। ਉਥੇ ਹੀ ਪ੍ਰਸ਼ਾਸਨਿਕ ਵਿਵਸਥਾ ਦੀ ਸੁਸਤੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਕਦੇ ਪੈਂਡੈਂਸੀ ਦੇ ਮਾਮਲੇ ਵਿਚ ਸੂਬੇ ਵਿਚ ਅੱਵਲ ਰਹਿਣ ਵਾਲਾ ਜਲੰਧਰ ਹੁਣ 23ਵੇਂ ਸਥਾਨ ਤੱਕ ਲੁੜਕ ਚੁੱਕਾ ਹੈ। ਡਿਪਟੀ ਕਮਿਸ਼ਨਰ ਤੋਂ ਲੈ ਕੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਕਥਿਤ ਉਦਾਸੀਨਤਾ ਵਿਚਕਾਰ 71,956 ਪੈਂਡਿੰਗ ਮਾਮਲੇ ਜਨਤਾ ਦੀ ਪ੍ਰੇਸ਼ਾਨੀ ਦਾ ਅੰਕੜਾ ਨਹੀਂ, ਸਗੋਂ ਸਰਕਾਰੀ ਵਿਵਸਥਾ ’ਤੇ ਵੱਡਾ ਸਵਾਲ ਬਣ ਕੇ ਸਾਹਮਣੇ ਆਏ ਹਨ।
ਅੰਕੜਿਆਂ ਅਨੁਸਾਰ ਜਲੰਧਰ-1 ਤਹਿਸੀਲ ਵਿਚ ਸਭ ਤੋਂ ਵੱਧ 23,553 ਮਾਮਲੇ ਪੈਂਡਿੰਗ ਹਨ। ਇਨ੍ਹਾਂ ਵਿਚ ਐੱਸ. ਸੀ. ਸਰਟੀਫਿਕੇਟ ਦੇ 17,187, ਰਿਹਾਇਸ਼ ਸਰਟੀਫਿਕੇਟ ਦੇ 3,649, ਓ. ਬੀ. ਸੀ./ਬੀ. ਸੀ. ਸਰਟੀਫਿਕੇਟ ਦੇ 2,327 ਅਤੇ ਜਨਰਲ ਜਾਤੀ ਸਰਟੀਫਿਕੇਟ ਦੇ 390 ਮਾਮਲੇ ਸ਼ਾਮਲ ਹਨ। ਇਸ ਤੋਂ ਬਾਅਦ ਜਲੰਧਰ-2 ਵਿਚ 15,953 ਮਾਮਲੇ ਪੈਂਡਿੰਗ ਹਨ, ਜਿਨ੍ਹਾਂ ਵਿਚ ਐੱਸ. ਸੀ. ਦੇ 11,764, ਰਿਹਾਇਸ਼ ਦੇ 2,875, ਓ. ਬੀ. ਸੀ./ਬੀ. ਸੀ. ਦੇ 1,168 ਅਤੇ ਜਨਰਲ ਜਾਤੀ ਦੇ 146 ਮਾਮਲੇ ਹਨ। ਫਿਲੌਰ ਤਹਿਸੀਲ ਵਿਚ 13,459 ਮਾਮਲੇ ਪੈਂਡਿੰਗ ਹਨ। ਇਨ੍ਹਾਂ ਵਿਚ ਐੱਸ. ਸੀ. ਸਰਟੀਫਿਕੇਟ ਦੇ 10,635, ਰਿਹਾਇਸ਼ ਸਰਟੀਫਿਕੇਟ ਦੇ 1,550, ਓ. ਬੀ. ਸੀ./ਬੀ. ਸੀ. ਦੇ 1,139 ਅਤੇ ਜਨਰਲ ਜਾਤੀ ਸਰਟੀਫਿਕੇਟ ਦੇ 135 ਮਾਮਲੇ ਸ਼ਾਮਲ ਹਨ। ਨਕੋਦਰ ਵਿਚ 4,257, ਉਪ-ਤਹਿਸੀਲ ਭੋਗਪੁਰ ਵਿਚ 4,102, ਕਰਤਾਰਪੁਰ ਵਿਚ 3,477 ਅਤੇ ਗੁਰਾਇਆ ਵਿਚ 2,098 ਮਾਮਲੇ ਪੈਂਡਿੰਗ ਹਨ।

ਅੰਕੜਿਆਂ ਮੁਤਾਬਕ ਉਪ-ਤਹਿਸੀਲ ਆਦਮਪੁਰ ਵਿਚ 1,155, ਨੂਰਮਹਿਲ ਵਿਚ 1,138, ਸ਼ਾਹਕੋਟ ਵਿਚ 910, ਉਪ-ਤਹਿਸੀਲ ਨਕੋਦਰ ਵਿਚ 699, ਆਦਮਪੁਰ ਵਿਚ 387, ਮਹਿਤਪੁਰ ਵਿਚ 341 ਅਤੇ ਲੋਹੀਆਂ ਖਾਸ ਵਿਚ 273 ਮਾਮਲੇ ਪੈਂਡਿੰਗ ਹਨ। ਇਸ ਤੋਂ ਇਲਾਵਾ ਉਪ-ਤਹਿਸੀਲ ਜਲੰਧਰ-2 ਵਿਚ 74, ਜਲੰਧਰ-1 ਵਿਚ 40, ਸ਼ਾਹਕੋਟ ਵਿਚ 21 ਅਤੇ ਫਿਲੌਰ ਵਿਚ 18 ਮਾਮਲੇ ਪੈਂਡਿੰਗ ਦਰਜ ਕੀਤੇ ਗਏ ਹਨ। ਪੂਰੇ ਅੰਕੜਿਆਂ ਵਿਚ ਐੱਸ. ਸੀ. ਸਰਟੀਫਿਕੇਟਾਂ ਨਾਲ ਸਬੰਧਤ ਪੈਂਡਿੰਗ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਦਿਖਾਈ ਦਿੰਦੀ ਹੈ, ਜਦੋਂ ਕਿ ਰਿਹਾਇਸ਼, ਓ. ਬੀ. ਸੀ./ਬੀ. ਸੀ. ਅਤੇ ਜਨਰਲ ਜਾਤੀ ਸਰਟੀਫਿਕੇਟਾਂ ਦੇ ਮਾਮਲੇ ਵੀ ਵੱਖ-ਵੱਖ ਤਹਿਸੀਲਾਂ ਵਿਚ ਪੈਂਡਿੰਗ ਹਨ। ਉਪਲਬਧ ਰਿਪੋਰਟ ਦਾ ਕੁੱਲ ਜੋੜ 71,956 ਮਾਮਲਿਆਂ ਦਾ ਹੈ।
ਉਥੇ ਹੀ ਜ਼ਿਲੇ ਦੇ ਤਹਿਸੀਲ ਕੰਪਲੈਕਸ ਵਿਚ ਜਾਤੀ, ਰਿਹਾਇਸ਼ ਅਤੇ ਹੋਰ ਸਰਟੀਫਿਕੇਟ ਬਣਵਾਉਣ ਲਈ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਇਕ ਪਾਸੇ ਜਿਥੇ ਪ੍ਰਸ਼ਾਸਨ ਵਲੋਂ ਨਾਗਰਿਕ ਸੇਵਾਵਾਂ ਨੂੰ ਆਨਲਾਈਨ ਅਤੇ ਆਸਾਨ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਸਰਟੀਫਿਕੇਟਾਂ ਦੇ ਮਾਮਲੇ ਪੈਂਡਿੰਗ ਹੋਣ ਕਾਰਨ ਤਹਿਸੀਲ ਕੰਪਲੈਕਸ ਵਿਚ ਲੋਕਾਂ ਦੀ ਭੀੜ ਵਧਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਰਟੀਫਿਕੇਟਾਂ ਦੀ ਲੋੜ ਵਿਦਿਆਰਥੀਆਂ, ਨੌਕਰੀ ਦੇ ਬਿਨੈਕਾਰਾਂ, ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਪਰਿਵਾਰਾਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਕੰਮਾਂ ਲਈ ਪੈਂਦੀ ਹੈ। ਅਜਿਹੇ ਵਿਚ ਅਰਜ਼ੀਆਂ ਸਮੇਂ ਸਿਰ ਨਾ ਨਿਬੜਨ ਕਾਰਨ ਲੋਕਾਂ ਨੂੰ ਇਕ ਹੀ ਕੰਮ ਲਈ ਵਾਰ-ਵਾਰ ਤਹਿਸੀਲ ਕੰਪਲੈਕਸ ਪਹੁੰਚਣਾ ਪੈ ਰਿਹਾ ਹੈ। ਕਈ ਬਿਨੈਕਾਰ ਸਵੇਰ ਤੋਂ ਹੀ ਕਤਾਰਾਂ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖਾਈ ਦਿੰਦੇ ਹਨ। ਅਰਜ਼ੀ ਦੀ ਸਥਿਤੀ ਜਾਣਨ ਜਾਂ ਦਸਤਾਵੇਜ਼ਾਂ ਨਾਲ ਸਬੰਧਤ ਜਾਣਕਾਰੀ ਲੈਣ ਲਈ ਵੀ ਲੋਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ 'ਤੇ ਭੜਕਿਆ ਦਲਿਤ ਸਮਾਜ, ਲੁਧਿਆਣਾ ਬੰਦ ਕਰ ਜਾਮ ਕੀਤਾ ਨੈਸ਼ਨਲ ਹਾਈਵੇਅ
ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੋ ਰਹੀ ਹੈ, ਜਿਨ੍ਹਾਂ ਨੂੰ ਸਰਟੀਫਿਕੇਟ ਕਿਸੇ ਨਿਸ਼ਚਿਤ ਸਮਾਂ ਹੱਦ ਦੇ ਅੰਦਰ ਜਮ੍ਹਾ ਕਰਵਾਉਣਾ ਹੈ। ਪੈਂਡਿੰਗ ਮਾਮਲਿਆਂ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਸਰਟੀਫਿਕੇਟ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਤਹਿਸੀਲ ਕੰਪਲੈਕਸ ਵਿਚ ਵਧਦੀ ਭੀੜ ਨਾਲ ਵਿਵਸਥਾ ’ਤੇ ਵੀ ਦਬਾਅ ਵਧ ਰਿਹਾ ਹੈ। ਪਹਿਲਾਂ ਵੀ ਸਰਟੀਫਿਕੇਟ ਬਣਵਾਉਣ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਤਹਿਸੀਲ ਕੰਪਲੈਕਸ ਵਿਚ ਲੋਕਾਂ ਦੀ ਭੀੜ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ ਪਰ ਇਸ ਦੇ ਬਾਵਜੂਦ ਪੈਂਡਿੰਗ ਮਾਮਲਿਆਂ ਦਾ ਅੰਕੜਾ ਲਗਾਤਾਰ ਚਿੰਤਾ ਪੈਦਾ ਕਰ ਰਿਹਾ ਹੈ।
ਪੈਂਡੈਂਸੀ ਦਾ ਦਬਾਅ, ਉੱਪਰੋਂ ਘੰਟਿਆਂਬੱਧੀ ਬਿਜਲੀ ਗੁੱਲ
ਇਕ ਪਾਸੇ ਤਹਿਸੀਲ ਕੰਪਲੈਕਸ ਵਿਚ ਸਰਟੀਫਿਕੇਟਾਂ ਦੀ ਪੈਂਡੈਂਸੀ ਦਾ ਦਬਾਅ ਹੈ ਅਤੇ ਦੂਜੇ ਪਾਸੇ ਘੰਟਿਆਂਬੱਧੀ ਬਿਜਲੀ ਗੁੱਲ ਰਹਿਣ ਨਾਲ ਸਰਕਾਰੀ ਕੰਮਕਾਜ ਦੀ ਰਫ਼ਤਾਰ ’ਤੇ ਵੀ ਬ੍ਰੇਕ ਲੱਗ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਵੀ ਕਈ-ਕਈ ਘੰਟੇ ਬਿਜਲੀ ਨਹੀਂ ਰਹਿੰਦੀ ਪਰ ਇਸ ਦੇ ਬਾਵਜੂਦ ਬਦਲਵੀਂ ਬਿਜਲੀ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਨਜ਼ਰ ਨਹੀਂ ਆਉਂਦੇ। ਅੱਜ ਵੀ ਕਰੀਬ ਡੇਢ ਘੰਟੇ ਤੋਂ ਵੱਧ ਸਮਾਂ ਬਿਜਲੀ ਬੰਦ ਹੋਣ ਕਾਰਨ ਤਹਿਸੀਲਦਾਰ ਜਲੰਧਰ-1 ਅਤੇ ਤਹਿਸੀਲਦਾਰ ਜਲੰਧਰ ਦਫ਼ਤਰਾਂ ਸਮੇਤ ਹੋਰ ਵਿਭਾਗਾਂ ਵਿਚ ਹਨੇਰਾ ਛਾਇਆ ਰਿਹਾ। ਅਜਿਹੇ ਵਿਚ ਸਰਟੀਫਿਕੇਟ ਬਣਵਾਉਣ ਲਈ ਦੂਰ-ਦੁਰਾਡੇ ਤੋਂ ਪਹੁੰਚਣ ਵਾਲੇ ਲੋਕ ਕਦੇ ਕਤਾਰਾਂ ਵਿਚ ਤਾਂ ਕਦੇ ਬਿਜਲੀ ਆਉਣ ਦੇ ਇੰਤਜ਼ਾਰ ਵਿਚ ਸਮਾਂ ਗੁਆਉਣ ਲਈ ਮਜਬੂਰ ਹਨ। ਸਵਾਲ ਇਹ ਹੈ ਕਿ ਜਦੋਂ ਪੈਂਡੈਂਸੀ ਘਟਾਉਣ ਦਾ ਦਬਾਅ ਹੈ ਤਾਂ ਕੰਮ ਸੁਚਾਰੂ ਰੱਖਣ ਲਈ ਬਦਲਵੀਂ ਵਿਵਸਥਾ ਕਿਉਂ ਨਹੀਂ ਕੀਤੀ ਜਾ ਰਹੀ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
