ਡੀ.ਜੇ.-ਆਰਕੈਸਟਰਾਂ ਵਾਲਿਆਂ ਦੀ ਤਾਲਾਬੰਦੀ ਦੌਰਾਨ ਨਹੀਂ ਲਈ ਕਿਸੇ ਨੇ ਸਾਰ, ਆਰਥਿਕ ਹਾਲਤ ਡਾਅਢੀ ਖ਼ਰਾਬ
Saturday, Jun 20, 2020 - 06:16 PM (IST)
ਸ੍ਰੀ ਮੁਕਤਸਰ ਸਾਹਿਬ(ਕੁਲਦੀਪ ਸਿੰਘ) - ਤਾਲਾਬੰਦੀ ਦੌਰਾਨ ਜਿਥੇ ਦੇਸ਼ ਭਰ ਦੇ ਕਈ ਕਾਰੋਬਾਰ ਪਰਭਾਵਿਤ ਹੋਏ ਹਨ, ਉਥੇ ਹੀ ਡੀ.ਜੇ., ਸੱਭਿਆਚਾਰਕ ਗਰੁੱਪਾਂ ਅਤੇ ਆਰਕੈਸ਼ਟਰਾ ਦਾ ਰੁਜ਼ਗਾਰ ਤਾਂ ਬਿਲਕੁਲ ਬੰਦ ਹੋ ਕਿ ਰਹਿ ਗਿਆ ਹੈ। ਵਿਆਹ ਸ਼ਾਦੀਆਂ, ਮੇਲੇ, ਅਖਾੜੇ ਆਦਿ ਨਾਲ ਕਈਆਂ ਦੇ ਰੁਜ਼ਗਾਰ ਜੁੜੇ ਹੋਏ ਹਨ। ਤਾਲਾਬੰਦੀ ਦੇ ਚਲਦਿਆਂ ਕੁਝ ਕੰਮ ਧੰਦੇ ਤਾਂ ਮੁਡ਼ ਤੋਂ ਸ਼ੁਰੂ ਹੋ ਗਏ ਹਨ। ਪਰ ਛੋਟੇ ਸਟੇਜ ਕਲਾਕਾਰ, ਆਰਕੈਸ਼ਟਰਾ, ਸੱਭਿਆਚਾਰਕ ਗਰੁੱਪ, ਡੀ.ਜੇ. ਵਾਲਿਅਾਂ ਦਾ ਕਾਰੋਬਾਰ ਤਾਂ ਬਿਲਕੁੱਲ ਹੀ ਬੰਦ ਹੋ ਕਿ ਹੀ ਰਹਿ ਗਿਆ ਹੈ।
ਇੰਟਰਨੈਸ਼ਨਲ ਪੰਜਾਬੀ ਲੋਕ ਗਾਇਕ ਮੰਚ ਦੇ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਪ੍ਰਧਾਨ ਛਿੰਦਾ ਬਰਾੜ ਨੇ ਕਿਹਾ ਕਿ ਸਾਡੀ ਹਾਲਤ ਇਸ ਤਾਲਾਬੰਦੀ ਦੌਰਾਨ ਬਹੁਤ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਜਿੰਨ੍ਹਾ ਛੋਟੇ ਕਲਾਕਾਰਾਂ ਦਾ ਰੁਜ਼ਗਾਰ ਛੋਟੇ ਮੇਲਿਆਂ, ਚੌਂਕੀਆਂ, ਜਗਰਾਤਿਆਂ ਰਾਹੀ ਚੱਲਦਾ ਸੀ ਉਹ ਬਿਲਕੁਲ ਬੰਦ ਹੋ ਗਿਆ। ਇਸ ਸਮੇਂ ਰੋਟੀ ਤੋਂ ਮੁਹਤਾਜ ਹਨ। ਕਿਸਾਨਾਂ ਨੇ ਵੀ ਫਸਲ ਬੀਜ ਲਈ ਹੋਰ ਵੀ ਕਾਰੋਬਾਰ ਸ਼ੁਰੂ ਹੋ ਗਏ। ਪਰ ਅਸੀ ਜੋਂ ਖੁਸ਼ੀ ਦੇ ਪ੍ਰੋਗਰਾਮਾਂ 'ਤੇ ਨਿਰਭਰ ਹਾਂ ਅਜੇ ਤੱਕ ਪੂਰੀ ਤਰ੍ਹਾਂ ਤਾਲਾਬੰਦੀ ਨਾ ਖੁੱਲਣ ਕਾਰਨ ਉਸੇ ਤਰ੍ਹਾਂ ਬੇਰੁਜ਼ਗਾਰ ਹਾਂ। ਡੀ.ਜੇ. ਕਾਰੋਬਾਰ ਨਾਲ ਜੁੜੇ ਨਿਸ਼ਾਨ ਸਿੰਘ ਨੇ ਕਿਹਾ ਕਿ ਸਰਕਾਰ ਉਹਨਾਂ ਲੋਕਾਂ ਦੀ ਜ਼ਰੂਰ ਮਦਦ ਕਰੇ ਜਿੰਨ੍ਹਾਂ ਦਾ ਕਾਰੋਬਾਰ ਹੀ ਖੁਸ਼ੀ ਦੇ ਸਮਾਗਮਾਂ ਨਾਲ ਜੁੜਿਆ ਹੋਇਆ ਸੀ। ਆਰਕੈਸ਼ਟਰਾ ਨਾਲ ਜੁੜੀਆਂ ਰਣਜੀਤ ਕੌਰ ਅਤੇ ਡਿੰਪਲ ਅਨੁਸਾਰ ਜੇਕਰ ਸਰਕਾਰ ਨੇ ਅਜੇ ਕੋਰੋਨਾ ਕਾਰਨ ਲਾਈਆਂ ਪਾਬੰਦੀਆਂ ਨੂੰ ਨਹੀਂ ਹਟਾਉਣਾ ਤਾਂ ਸਾਡੀ ਕੁਝ ਤਾਂ ਮਦਦ ਕਰੇ। ਅਸੀ ਰੋਟੀ ਤੋਂ ਵੀ ਮੁਹਤਾਜ ਹਾਂ।