ਦੀਵਾਨ ਟੋਡਰ ਮੱਲ ਜਹਾਜ਼ੀ ਹਵੇਲੀ ਦੀ ਪੁਰਾਤਨ ਦਿੱਖ ਬਹਾਲ ਕਰਨ ਦੀ ਮੰਗ

01/06/2020 11:45:32 AM

ਫਤਿਹਗੜ੍ਹ ਸਾਹਿਬ (ਮੱਗੋ): ਪੰਜਾਬ ਪ੍ਰਦੇਸ਼ ਅਗਰਵਾਲ ਸਭਾ ਬਠਿੰਡਾ ਨੇ ਫਤਿਹਗੜ੍ਹ ਸਾਹਿਬ 'ਚ ਸਥਿਤ ਦੀਵਾਨ ਟੋਡਰ ਮੱਲ ਜੈਨ ਦੀ ਜਹਾਜ਼ੀ ਹਵੇਲੀ ਦੀ ਹੋ ਰਹੀ ਮਾੜੀ ਹਾਲਤ 'ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਨਾਲ ਹੀ ਸਮੇਂ ਦੀਆਂ ਸਰਕਾਰਾਂ ਤੋਂ ਹੋ ਰਹੀ ਅਣਦੇਖੀ 'ਤੇ ਵੀ ਰੋਸ ਜਾਹਰ ਕੀਤਾ ਹੈ। ਸਭਾ ਰਾਸ਼ਟਰ ਸਕੱਤਰ ਚੌਧਰੀ ਰਾਜੇਸ਼ ਕੁਮਾਰ ਗਹਰੀਵਾਲਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਅਗਰਵਾਲ ਸਭਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬ ਇਸ ਅਣਦੇਖੀ ਦਾ ਸਖ਼ਤ ਵਿਰੋਧ ਕਰਦੀ ਹੈ। ਦਾਨੀ ਸੇਠ ਦੀਵਾਨ ਟੋਡਰ ਮੱਲ ਜੈਨ ਨੂੰ ਸਿੱਖ ਇਤਿਹਾਸ 'ਚ ਬਹੁਤ ਵੱਡੀ ਥਾਂ ਪ੍ਰਾਪਤ ਹੈ, ਕਿਉਂਕਿ ਦੀਵਾਨ ਜੀ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਅਤੁੱਲ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਸੂਬਾ ਸਰਹਿੰਦ ਵਜੀਦ ਖਾਨ ਦੀ ਮੰਗ 'ਤੇ 78 ਹਜ਼ਾਰ ਸੋਨੇ ਦੀ ਖੜ੍ਹੀਆਂ ਮੋਹਰਾਂ ਕਰ ਕੇ ਜ਼ਮੀਨ ਖਰੀਦੀ ਸੀ, ਜਿਸ ਨੂੰ ਵਿਸ਼ਵ ਦੀ ਸਭ ਤੋਂ ਮਹਿੰਗੀ ਜ਼ਮੀਨ ਹੋਣ ਦਾ ਮਾਣ ਪ੍ਰਾਪਤ ਹੈ।

ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ੀ ਹਵੇਲੀ ਨੂੰ ਇਕ ਪਾਸੇ ਕਰ ਰਹੀ ਹੈ, ਜਦੋਂ ਕਿ ਸਰਕਾਰ ਤੇ ਐੱਸ. ਜੀ. ਪੀ. ਸੀ. ਦੇ ਕੋਲ ਵੱਡਾ ਬਜਟ ਹੈ ਤੇ ਆਪਣੀ ਮੁੱਢਲੀ ਜ਼ਿੰਮੇਵਾਰੀ ਨੂੰ ਮੁੜ ਪੁਰਾਤਨ ਦਿੱਖ ਬਹਾਲ ਕੀਤੀ ਜਾ ਸਕਦੀ ਹੈ। ਚੌਧਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਅਗਰਵਾਲ ਸਮਾਜ ਜਹਾਜ਼ੀ ਹਵੇਲੀ ਦੇ ਮੁੜ ਨਿਰਮਾਣ ਲਈ ਸੰਘਰਸ਼ ਵੀ ਸ਼ੁਰੂ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਸਿੱਖ ਸਟੂਡੈਂਟ ਆਲ ਇੰਡੀਆ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਫਰੀਦਕੋਟ ਤੋਂ ਸਾਬਕਾ ਪ੍ਰਧਾਨ ਮੱਖਣ ਸਿੰਘ ਨੰਗਲ, ਬਠਿੰਡਾ ਤੋਂ ਅਸ਼ੋਕ ਕੁਮਾਰ ਵਿੱਕੀ ਸਮੇਤ ਹੋਰ ਲੋਕ ਮੌਜੂਦ ਸਨ।


Shyna

Content Editor

Related News