ਦੀਵਾਲੀ ਮੌਕੇ ਜਲੰਧਰ 'ਚ ਲੱਗੀ ਭਿਆਨਕ ਅੱਗ, ਵਿਅਕਤੀ ਦੀ ਦਰਦਨਾਕ ਮੌਤ
Monday, Nov 09, 2026 - 02:35 AM (IST)
ਜਲੰਧਰ (ਵੈੱਬ ਡੈਸਕ)- ਦੀਵਾਲੀ ਦੀ ਦੇਰ ਰਾਤ ਜਲੰਧਰ ਦੇ ਨਿਜ਼ਾਤਮ ਨਗਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਘਰ ਵਿਚ ਅਚਾਨਕ ਅੱਗ ਲੱਗ ਗਈ ਤੇ ਘਰ ਦੇ ਅੰਦਰ ਮੌਜੂਦ ਵਿਅਕਤੀ ਦੀ ਝੁਲਸਣ ਕਾਰਨ ਮੌਤ ਹੋ ਗਈ। ਫ਼ਿਲਹਾਲ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ, ਦੀਵਾਲੀ ਦੀ ਰਾਤ ਜਦੋਂ ਲੋਕਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਸੀ, ਉਸ ਵੇਲੇ ਨਿਜ਼ਾਤਮ ਨਗਰ ਵਿੱਚ ਸਥਿਤ ਇਕ ਘਰ ਵਿੱਚ ਅਚਾਨਕ ਅੱਗ ਲੱਗ ਗਈ। ਉਸ ਘਰ ਦੇ ਅੰਦਰ ਇਕ ਬਜ਼ੁਰਗ ਵਿਅਕਤੀ, ਜੋ ਕਿ ਲਕਵੇ ਤੋਂ ਪੀੜਤ ਦੱਸਿਆ ਜਾ ਰਿਹਾ ਹੈ, ਦੀ ਝੁਲ਼ਸਣ ਕਾਰਨ ਮੌਤ ਹੋ ਗਈ।
ਘਰ ਦੇ ਅੰਦਰੋਂ ਧੂੰਆਂ ਨਿਕਲਣ ‘ਤੇ ਆਲੇ-ਦੁਆਲੇ ਦੇ ਲੋਕ ਮਦਦ ਲਈ ਅੱਗੇ ਆਏ ਤੇ ਫ਼ਾਇਰ ਬ੍ਰਿਗੇਡ ਨੂੰ ਵੀ ਇਸ ਦੀ ਸੂਚਨਾ ਦਿੱਤੀ। ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਪਰ ਘਰ ਦੇ ਅੰਦਰ ਮੌਜੂਦ ਵਿਅਕਤੀ ਦੀ ਜਾਨ ਨਹੀਂ ਬਚਾਈ ਜਾ ਸਕੀ।

ਮ੍ਰਿਤਕ ਦੀ ਪਛਾਣ ਨਿਜ਼ਾਮਤ ਨਗਰ ਦੇ ਰਹਿਣ ਵਾਲੇ ਚੰਨਾ ਢੋਲ ਵਾਲਾ ਵਜੋਂ ਹੋਈ ਹੈ। ਚੰਨਾ ਢੋਲ ਵਾਲਾ ਕਥਿਤ ਤੌਰ 'ਤੇ ਚੱਲਣ ਫਿਰਨ ਵਿਚ ਅਸਮਰਥ ਸਨ। ਅੱਗ ਲੱਗਣ ਸਮੇਂ ਉਹ ਘਰ ਦੇ ਅੰਦਰ ਸਨ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਉਨ੍ਹਾਂ ਕੋਲ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਘਰ 'ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਫਿਰ ਉਹ ਪਰਿਵਾਰ ਨੂੰ ਮਿਲਣ ਗਏ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਸਮੇਂ ਚੰਨਾ ਢੋਲ ਵਾਲਾ ਆਪਣੇ ਘਰ ਵਿੱਚ ਮੌਜੂਦ ਸੀ ਅਤੇ ਆਪਣੇ ਅਧਰੰਗ ਕਾਰਨ ਚੱਲਣ-ਫਿਰਨ ਵਿਚ ਅਸਮਰੱਥ ਸਨ।
ਸੁਸ਼ੀਲ ਰਿੰਕੂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਤੇ ਜਵਾਈ ਘਰ 'ਚ ਮੌਜੂਦ ਸਨ ਪਰ ਉਹ ਘਰ ਦੇ ਬਾਹਰ ਸਨ। ਪਟਾਕਿਆਂ ਦੀ ਆਵਾਜ਼ ਕਾਰਨ ਘਰ ਵਿਚ ਅੱਗ ਲੱਗਣ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਆਸ-ਪਾਸ ਦੇ ਲੋਕਾਂ ਨੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਨ੍ਹਾਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਸ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਘਰ ਦਾ ਸਾਰਾ ਸਾਮਾਨ ਸੜ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਗੇ ਅਤੇ ਪਰਿਵਾਰ ਨੂੰ ਆਰਥਿਕ ਮਦਦ ਕਰਨ ਲਈ ਮੁਆਵਜ਼ਾ ਦੇਣ ਦੀ ਬੇਨਤੀ ਕਰਨਗੇ। ਅੱਗ ਲੱਗਣ ਕਾਰਨ ਹੋਈ ਵਿਅਕਤੀ ਦੀ ਮੌਤ 'ਤੇ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ।
