ਦੀਵਾਲੀ ਬੰਪਰ ਨੇ ਜਲੰਧਰ ਦੇ ਮਜ਼ਦੂਰ ਵਿਨੋਦ ਕੁਮਾਰ ਨੂੰ ਕੀਤਾ ਮਾਲਾ-ਮਾਲ
Sunday, Nov 24, 2019 - 06:27 PM (IST)
![ਦੀਵਾਲੀ ਬੰਪਰ ਨੇ ਜਲੰਧਰ ਦੇ ਮਜ਼ਦੂਰ ਵਿਨੋਦ ਕੁਮਾਰ ਨੂੰ ਕੀਤਾ ਮਾਲਾ-ਮਾਲ](https://static.jagbani.com/multimedia/2019_11image_18_06_262555385jalandhr.jpg)
ਚੰਡੀਗੜ੍ਹ/ਜਲੰਧਰ : ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਜਲੰਧਰ ਦੀ ਇਕ ਰਬੜ ਫੈਕਟਰੀ ਵਿਚ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਵਿਨੋਦ ਕੁਮਾਰ ਨੂੰ ਮਾਲਾ ਮਾਲ ਕਰ ਦਿੱਤਾ ਹੈ। ਵਿਨੋਦ ਕੁਮਾਰ ਦੀਵਾਲੀ ਬੰਪਰ ਦਾ 20 ਲੱਖ ਰੁਪਏ ਦਾ ਦੂਜਾ ਇਨਾਮ ਜਿੱਤ ਕੇ ਰਾਤੋ-ਰਾਤ ਲੱਖ ਪਤੀ ਬਣ ਗਿਆ ਹੈ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦਾ ਵਸਨੀਕ ਵਿਨੋਦ ਕੁਮਾਰ 1989 ਤੋਂ ਜਲੰਧਰ ਵਿਚ ਰਹਿ ਰਿਹਾ ਹੈ। ਤਿੰਨ ਬੇਟਿਆਂ ਅਤੇ ਇਕ ਬੇਟੀ ਦੇ ਪਿਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਜਦੋਂ ਉਸਨੇ ਆਪਣੀ ਲਾਟਰੀ ਦੇ ਨੰਬਰ ਦਾ ਮਿਲਾਨ ਜੇਤੂ ਟਿਕਟ ਨੰਬਰ ਏ -111864 ਨਾਲ ਕੀਤਾ ਤਾਂ ਉਸਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਇਆ । ਇਸ ਤੋਂ ਬਾਅਦ ਉਸਨੇ ਇਨਾਮੀ ਰਾਸ਼ੀ ਲਈ ਆਪਣਾ ਦਾਅਵਾ ਜਮਾ ਕਰਵਾ ਦਿੱਤਾ ਅਤੇ ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਜਲਦ ਤੋਂ ਜਲਦ ਅਦਾਇਗੀ ਕਰਨ ਦਾ ਭਰੋਸਾ ਦਿੱਤਾ।
ਵਿਨੋਦ ਕੁਮਾਰ ਨੇ ਬੇਹੱਦ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇੰਨੀ ਵੱਡੀ ਰਕਮ ਜਿੱਤਣ ਬਾਰੇ ਉਹ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਸੀ ਪਰ ਇਹ ਪੰਜਾਬ ਰਾਜ ਦੀਵਾਲੀ ਬੰਪਰ ਨੇ ਸੰਭਵ ਕਰ ਦਿੱਤਾ ਹੈ। ਸੂਬਾ ਸਰਕਾਰ ਵਲੋਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਜਾਣ 'ਤੇ ਵਿਸ਼ਵਾਸ ਪ੍ਰਗਟਾਉਂਦਿਆਂ ਵਿਨੋਦ ਨੇ ਕਿਹਾ ਕਿ ਇਨਾਮੀ ਰਾਸ਼ੀ ਨਾਲ ਉਹ ਆਪਣੇ ਪਰਿਵਾਰ ਵਿਚ ਚੱਲ ਰਹੇ ਆਰਥਿਕ ਸੰਕਟ ਨੂੰ ਦੂਰ ਕਰਨ ਦੇ ਯੋਗ ਬਣ ਗਿਆ ਹੈ।