ਦੀਵਾਲੀ ਵਾਲੀ ਸ਼ਾਮ ਦਸੂਹੇ ਨੇੜੇ ਵਾਪਰਿਆ ਵੱਡਾ ਹਾਦਸਾ, ਸਕੇ ਭੈਣ-ਭਰਾ ਦੀ ਮੌਤ
Friday, Nov 05, 2021 - 05:16 PM (IST)
ਹੁਸ਼ਿਆਰਪੁਰ (ਅਮਰੀਕ) : ਦੀਵਾਲੀ ਵਾਲੀ ਸ਼ਾਮ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉਥੇ ਹੀ ਦਸੂਹਾ ਦੇ ਨੇੜਲੇ ਪਿੰਡ ਬੜਲਾ ਵਿਚ ਸ਼ਾਮ ਨੂੰ ਖੇਤਾਂ ’ਚੋਂ ਕੰਮ ਕਰਕੇ ਪਰਤਦੇ ਸਮੇਂ ਟਰੈਕਟਰ ਪਲਟਣ ਨਾਲ ਦੋ ਸਕੇ ਭੈਣ ਭਰਾ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 14 ਸਾਲਾ ਕ੍ਰਿਤਿਕਾ ਅਤੇ 10 ਸਾਲਾ ਕਾਰਤਿਕ ਦੇ ਤੌਰ ’ਤੇ ਹੋਈ ਹੈ। ਬੱਚਿਆਂ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਮੁਤਾਬਕ ਕ੍ਰਿਤਿਕਾ ਅਤੇ ਕਾਰਤਿਕ ਦੋਵੇਂ ਖੇਤਾਂ ਵਿਚੋਂ ਕੰਮ ਕਰਕੇ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਗੁਆਂਢੀ ਟ੍ਰੈਕਟਰ ਚਾਲਕ ਰਾਜੇਸ਼ ਕੁਮਾਰ ਵੀ ਆਪਣੇ ਖੇਤਾਂ ’ਚੋਂ ਕੰਮ ਕਰਕੇ ਵਾਪਸ ਪਰਤ ਰਿਹਾ ਸੀ ਤਾਂ ਉਸ ਨੇ ਦੋਵਾਂ ਬੱਚਿਆਂ ਨੂੰ ਘਰ ਜਾਣ ਲਈ ਲਿਫਟ ਦੇ ਦਿੱਤੀ ਪਰ ਰਸਤੇ ਵਿਚ ਜਦੋਂ ਉਹ ਨਹਿਰ ਪਾਰ ਕਰਨ ਲੱਗੇ ਤਾਂ ਉਸ ਦਾ ਟ੍ਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਚਿਆਂ ਸਮੇਤ ਨਹਿਰ ਵਿਚ ਡਿੱਗ ਗਿਆ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਘਰੋਂ ਸਮਾਨ ਲੈਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ
ਇਸ ਦੌਰਾਨ ਦੋਵੇਂ ਭੈਣ ਭਰਾ ਟ੍ਰੈਕਟਰ ਹੇਠਾਂ ਦੱਬੇ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਟ੍ਰੈਕਟਰ ਚਾਲਕ ਜ਼ਖਮੀ ਹੋ ਗਿਆ ਅਤੇ ਉਸ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਪਰਿਵਾਰ ਨੇ ਨਹੀਂ ਮਨਾਈ ਦਿਵਾਲੀ, ਧੀ ਰਾਬੀਆ ਨੇ ਇੰਸਟਾਗ੍ਰਾਮ ’ਤੇ ਆਖੀ ਵੱਡੀ ਗੱਲ
ਪਿੰਡ ਦੇ ਸਰਪੰਚ ਬਾਲਕ ਰਾਮ ਨੇ ਇਸ ਘਟਨਾ ’ਤੇ ਦੁਖ ਜ਼ਾਹਰ ਕਰਦਿਆਂ ਕਿਹਾ ਕਿ ਪੀੜਤ ਬੱਚੇ ਗਰੀਬ ਪਰਿਵਾਰ ਨਾਲ ਸੰਬੰਧਤ ਸਨ ਅਤੇ ਇਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦੋਵੇਂ ਬੱਚੇ ਮਾਂ ਦਾ ਸਹਾਰਾ ਸਨ। ਲਿਹਾਜ਼ਾ ਸਰਕਾਰ ਨੂੰ ਗਰੀਬ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਉਧਰ ਜਾਂਚ ਅਧਿਕਾਰੀ ਸਰਵਜੀਤ ਸਿੰਘ ਮੁਤਾਬਕ ਕ੍ਰਿਤਿਕਾ ਅਤੇ ਕਾਰਤਿਕ ਦੀ ਮੌਤ ਨੂੰ ਲੈ ਕੇ ਪਰਿਵਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਹੋਰ ਘੱਟ ਸਕਦੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਮਨਪ੍ਰੀਤ ਬਾਦਲ ਨੇ ਦਿੱਤਾ ਵੱਡਾ ਬਿਆਨ