ਅਨਲਾਕ 1.0 : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਹੁਕਮ ਜਾਰੀ, ਸਪੋਰਟਸ ਕੰਪਲੈਕਸ ਖੁੱਲ੍ਹਣਗੇ, ਦਰਸ਼ਕਾਂ 'ਤੇ ਰਹੇਗੀ ਰੋਕ

Tuesday, Jun 02, 2020 - 11:36 AM (IST)

ਅਨਲਾਕ 1.0 : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਹੁਕਮ ਜਾਰੀ, ਸਪੋਰਟਸ ਕੰਪਲੈਕਸ ਖੁੱਲ੍ਹਣਗੇ, ਦਰਸ਼ਕਾਂ 'ਤੇ ਰਹੇਗੀ ਰੋਕ

ਬਠਿੰਡਾ (ਬਲਵਿੰਦਰ): ਜ਼ਿਲ੍ਹਾ ਮੈਜਿਸਟ੍ਰੇਟ ਬੀ. ਸ਼੍ਰੀਨਿਵਾਸਨ ਨੇ ਨਵੇਂ ਹੁਕਮ ਜਾਰੀ ਕਰਕੇ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਆਮ ਲੋਕਾਂ ਦੇ ਦਾਖਲੇ 'ਤੇ ਮਨਾਹੀ ਕੀਤੀ ਹੈ, ਜਦਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਹੋਵਗੀ। ਜ਼ਿਲ੍ਹਾ ਮੈਜਿਸਟ੍ਰੇਟ ਜ਼ਾਬਤਾ ਫ਼ੌਜਦਾਰੀ ਦੀ ਧਾਰਾ 144 ਤਹਿਤ ਕੋਵਿਡ-19 ਦੇ ਮੱਦੇਨਜ਼ਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਹੁਕਮ ਜਾਰੀ ਕੀਤੇ ਹਨ।ਇਨ੍ਹਾਂ ਹੁਕਮਾਂ ਮੁਤਾਬਕ 30 ਜੂਨ 2020 ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਹਿਲਾਂ ਵਾਂਗ ਕਰਫਿਊ ਲਾਗੂ ਰਹੇਗਾ । ਸ਼ਾਪਿੰਗ ਮਾਲ ਤੇ ਸ਼ਾਪਿੰਗ ਕੰਪਲੈਕਸ ਬੰਦ ਰਹਿਣਗੇ, ਜਦਕਿ ਬਾਕੀ ਦੁਕਾਨਾਂ ਸ਼ਹਿਰੀ ਅਤੇ ਦਿਹਾਤੀ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣਗੇ। ਸ਼ਹਿਰੀ ਅਤੇ ਦਿਹਾਤੀ ਖੇਤਰਾਂ 'ਚ ਹਰ ਤਰ੍ਹਾਂ ਦੀ ਇੰਡਸਟਰੀ ਅਤੇ ਨਿਰਮਾਣ ਕਾਰਜ ਚੱਲ ਸਕਣਗੇ। ਖੇਤੀ, ਬਾਗਬਾਨੀ, ਪਸ਼ੂ ਪਾਲਣ ਸਬੰਧੀ ਕੰਮਕਾਜ ਬਿਨਾਂ ਰੋਕ ਟੋਕ ਹੋ ਸਕਣਗੇ ਅਤੇ ਈ-ਕਾਮਰਸ ਸੇਵਾਵਾਂ ਨੂੰ ਵੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ । ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਰੇ ਦਫ਼ਤਰ ਖੁੱਲ ਸਕਣਗੇ, ਬਸ਼ਰਤੇ ਉਥੇ ਸਮਾਜਕ ਦੂਰੀ ਰੱਖਣ ਅਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਿਨੇਮਾ ਹਾਲ, ਜਿਮਨੇਜ਼ੀਅਮ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਸ ਤਰ੍ਹਾਂ ਦੀਆਂ ਹੋਰ ਥਾਵਾਂ ਨੂੰ ਖੋਲ੍ਹਣ ਤੋਂ ਰੋਕ ਰਹੇਗੀ । ਸਮਾਜਕ, ਸਿਆਸੀ, ਖੇਡ, ਮਨੋਰਜਕ, ਵਿਦਿਅਕ, ਸੱਭਿਆਚਾਰ, ਧਾਰਮਿਕ ਸਮਾਗਮਾਂ ਅਤੇ ਵੱਡੇ ਇੱਕਠ ਕਰਨ 'ਤੇ ਰੋਕ ਰਹੇਗੀ । ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ਥੁੱਕਣ, ਸ਼ਰਾਬਨੋਸ਼ੀ ਕਰਨ, ਤੰਬਾਕੂ, ਪਾਨ, ਗੁੱਟਖ਼ਾ ਦੀ ਵਰਤੋਂ 'ਤੇ ਪਾਬੰਦੀ ਹੈ । ਇਸੇ ਤਰ੍ਹਾਂ ਧਾਰਮਕ ਸਥਾਨ, ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ ਵੀ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ । ਰੈਸਟੋਰੈਂਟ ਤੋਂ ਹੋਮ ਡਿਲਵਰੀ ਦੀ ਆਗਿਆ ਹੋਵੇਗੀ ਪਰ ਉੱਥੇ ਬੈਠ ਕੇ ਖਾਣਾ ਖਾਣ 'ਤੇ ਰੋਕ ਰਹੇਗੀ । ਇਸ ਤੋਂ ਇਲਾਵਾ ਇੰਟਰਸਟੇਟ ਯਾਤਰਾ ਲਈ ਕੋਵਾ ਐਪ ਤੋਂ ਈ-ਪਾਸ ਜਨਰੇਟ ਕਰਨਾ ਲਾਜ਼ਮੀ ਹੋਵੇਗਾ । ਇਸੇ ਤਰ੍ਹਾਂ ਇੰਟਰਸਟੇਟ ਵਾਹਨਾਂ ਦੀ ਆਵਾਜਾਈ ਵੀ ਆਪਣੇ-ਆਪ ਈ-ਪਾਸ ਜਨਰੇਟ ਕਰਕੇ ਕੀਤੀ ਜਾ ਸਕਦੀ ਹੈ । ਰਾਜ ਦੇ ਅੰਦਰ ਟੈਕਸੀ, ਕੈਬ, ਟੈਂਪੂ ਟਰੈਵਲਰ ਅਤੇ ਕਾਰ ਆਦਿ ਦੀ ਆਵਾਜਾਈ 'ਤੇ ਕੋਈ ਵੀ ਰੋਕ ਨਹੀਂ ਹੈ । ਸਾਈਕਲ ਰਿਕਸ਼ਾ ਅਤੇ ਆਟੋ ਰਿਕਸ਼ਾ ਟਰਾਂਸਪੋਰਟ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਚੱਲ ਸਕਣਗੇ । ਦੋ ਪਹੀਆ ਵਾਹਨ 'ਤੇ ਦੋ ਲੋਕ ਸਫ਼ਰ ਕਰ ਸਕਣਗੇ ਜਦਕਿ ਚਾਰ ਪਹੀਆ ਵਾਹਨ ਵਿਚ ਡਰਾਈਵਰ ਸਮੇਤ ਤਿੰਨ ਲੋਕ ਸਫ਼ਰ ਕਰ ਸਕਣਗੇ । ਸਾਮਾਨ ਦੀ ਅੰਤਰਰਾਜ਼ੀ ਢੋਆ-ਢੁਆਈ 'ਤੇ ਕੋਈ ਵੀ ਰੋਕ ਨਹੀਂ ਹੈ । ਦੂਜੇ ਸੂਬਿਆਂ ਤੋਂ ਬੱਸ, ਟ੍ਰੇਨ, ਹਵਾਈ ਜਹਾਜ਼ ਜਾਂ ਕਾਰ ਰਾਹੀਂ ਆਉਣ ਵਾਲੇ ਵਿਅਕਤੀ ਨੂੰ ਕੋਵਾ ਐਪ ਰਾਹੀਂ ਈ-ਪਾਸ ਜਨਰੇਟ ਕਰਨਾ ਲਾਜ਼ਮੀ ਹੋਵੇਗਾ । ਇਸ ਤੋਂ ਇਲਾਵਾ ਕਨਟੇਨਮੈਂਟ ਜੋਨ ਵਿਚ ਸਿਰਫ਼ ਅਤਿ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਹੋਵੇਗੀ । ਹੁਕਮਾਂ ਦੀ ਉਲੰਘਣਾ ਕਰਨ 'ਤੇ ਸਖ਼ਤ ਕਰਵਾਈ ਕੀਤੀ ਜਾਵੇਗੀ।


author

Shyna

Content Editor

Related News