ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਮੂਹ ਹੋਟਲ ਮਾਲਕਾਂ ਨੂੰ ਸਖ਼ਤ ਹੁਕਮ ਜਾਰੀ

08/22/2023 12:48:42 PM

ਮੋਗਾ (ਗੋਪੀ ਰਾਊਕੇ) : ਜ਼ਿਲ੍ਹਾ ਮੋਗਾ ਦੇ ਹੋਟਲਾਂ ’ਚ ਅਣਪਛਾਤੇ ਵਿਅਕਤੀ ਠਹਿਰਣ ਲਈ ਆਉਂਦੇ ਹਨ ਤਾਂ ਹੋਟਲ ਮਾਲਕਾਂ/ਸਟਾਫ਼ ਵੱਲੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ/ਮੋਬਾਇਲ ਨੰਬਰ ਆਦਿ ਦੀ ਜਾਣਕਾਰੀ ਨਹੀਂ ਰੱਖੀ ਜਾਂਦੀ। ਇਨ੍ਹਾਂ ਅਣਪਛਾਤੇ ਵਿਅਕਤੀਆਂ ’ਚੋਂ ਕਈ ਵਾਰ ਜ਼ੁਰਮ/ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਇਸ ਲਈ ਹੋਟਲਾਂ ਵਿਚ ਠਹਿਰਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਰੱਖਣੀ ਅਤਿ ਜ਼ਰੂਰੀ ਹੈ ਤਾਂ ਜੋ ਵੱਧਦੇ ਹੋਏ ਜ਼ੁਰਮਾਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਡਾ. ਨਿਧੀ ਕਮੁਦ ਬਾਂਬਾ ਨੇ ਦੱਸਿਆ ਕਿ ਉਕਤ ਨੂੰ ਧਿਆਨ ਵਿਚ ਰੱਖਦੇ ਹੋਏ ਫੌਜ਼ਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਹੋਟਲਾਂ ਦੇ ਮਾਲਕਾਂ ਨੂੰ ਕੁਝ ਜ਼ਰੂਰੀ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਇਨ੍ਹਾਂ ਆਦੇਸ਼ਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੋਟਲ ਵਿਚ ਠਹਿਰਣ ਵਾਲੇ ਹਰ ਵਿਅਕਤੀ ਦੀ ਸ਼ਨਾਖਤ ਲਈ ਆਈ. ਡੀ. ਪਰੂਫ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਆਦਿ ਜ਼ਰੂਰੀ ਤੌਰ ਉੱਪਰ ਲਿਆ ਜਾਵੇ।

ਜੇਕਰ ਇਕ ਤੋਂ ਵੱਧ ਵਿਅਕਤਆਂ ਵੱਲੋਂ ਇਕ ਕਮਰਾ ਲਿਆ ਜਾਂਦਾ ਹੈ ਤਾਂ ਕਮਰੇ ਵਿਚ ਠਹਿਰਣ ਵਾਲੇ ਹਰ ਇਕ ਵਿਅਕਤੀ ਦਾ ਆਈ.ਡੀ. ਪਰੂਫ ਲਿਆ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਹੋਟਲ ਵਿਚ ਠਹਿਰਣ ਵਾਲੇ ਵਿਅਕਤੀਆਂ ਵੱਲੋਂ ਜੋ ਮੋਬਾਇਲ ਨੰਬਰ ਦਿੱਤਾ ਜਾਂਦਾ ਹੈ, ਉਹ ਉਨ੍ਹਾਂ ਵਿਅਕਤੀਆਂ ਪਾਸ ਚਾਲੂ ਹਾਲਤ ਵਿਚ ਹੋਵੇ। ਇਸ ਦੀ ਪੁਸ਼ਟੀ ਲਈ ਦਿੱਤੇ ਗਏ ਮੋਬਾਇਲ ਨੰਬਰ ’ਤੇ ਕਾਲ ਕਰ ਕੇ ਪਤਾ ਲਗਾਇਆ ਜਾਵੇ। ਹੋਟਲਾਂ ਵਿਚ ਠਹਿਰਣ ਵਾਲਿਆਂ ਦੀ ਸੂਚਨਾ ਸਮੇਂ-ਸਮੇਂ ਸਿਰ ਆਪਣੇ ਨਜ਼ਦੀਕੀ ਥਾਣੇ ਵਿਚ ਦਰਜ ਕਰਵਾਈ ਜਾਵੇ। ਜੇਕਰ ਹੋਟਲ ਮਾਲਕਾਂ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਖਿਲਾਫ਼ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਹੋਟਲ ਵਿਚ ਠਹਿਰਣ ਵਾਲੇ ਵਿਅਕਤੀਆਂ ਵੱਲੋਂ ਉਕਤ ਜਾਣਕਾਰੀ ਦੇਣ ਤੋਂ ਮਨਾਹੀ ਕੀਤੀ ਜਾਂਦੀ ਹੈ ਤਾਂ ਹੋਟਲ ਮਾਲਕ/ਸਟਾਫ਼ ਵੱਲੋਂ ਇਸ ਬਾਰੇ ਨਜ਼ਦੀਕੀ ਥਾਣੇ ਵਿਚ ਸੂਚਨਾ ਦਿੱਤੀ ਜਾਵੇਗੀ। ਇਹ ਹੁਕਮ 30 ਸਤੰਬਰ, 2023 ਤੱਕ ਲਾਗੂ ਰਹਿਣਗੇ।


Gurminder Singh

Content Editor

Related News