ਪਰਾਲੀ ਸਾੜਨ ਦੇ 56 ਫ਼ੀਸਦੀ ਮਾਮਲੇ ਘਟਾ ਕੇ ਪੂਰੇ ਪੰਜਾਬ ’ਚੋਂ ਦੂਜੇ ਨੰਬਰ ’ਤੇ ਰਿਹਾ ਜ਼ਿਲ੍ਹਾ ਗੁਰਦਾਸਪੁਰ

11/20/2023 6:20:30 PM

ਗੁਰਦਾਸਪੁਰ (ਹਰਮਨ)- ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਰੋਕਣ ਲਈ ਇਸ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੀ ਗਈ ਸਖਤ ਮਿਹਨਤ ਨੇ ਰੰਗ ਦਿਖਾਇਆ ਹੈ, ਜਿਸ ਤਹਿਤ ਸਮੁੱਚੇ ਪੰਜਾਬ ਅੰਦਰ ਪਿਛਲੇ ਸਾਲ ਦੇ ਮੁਕਾਬਲੇ ਅੱਗ ਲਗਾਉਣ ਦੇ ਮਾਮਲਿਆਂ ਵਿਚ 50 ਫ਼ੀਸਦੀ ਤੋਂ ਜ਼ਿਆਦਾ ਕਟੌਤੀ ਕਰਨ ਵਾਲੇ ਜ਼ਿਲਿਆਂ ਵਿਚ ਗੁਰਦਾਸਪੁਰ ਜ਼ਿਲ੍ਹੇ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ ਅਤੇ ਜੇਕਰ ਸਿਰਫ ਜ਼ਿਆਦਾ ਰਕਬੇ ਵਿਚ ਜ਼ਿਲ੍ਹਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਇਸ ਸਾਲ ਗੁਰਦਾਸਪੁਰ ਜ਼ਿਲ੍ਹਾ 50 ਫੀਸਦੀ ਤੋਂ ਵੀ ਜ਼ਿਆਦਾ ਮਾਮਲੇ ਘੱਟ ਕਰ ਕੇ ਪੰਜਾਬ ਵਿਚ ਪਹਿਲੇ ਸਥਾਨ ’ਤੇ ਰਿਹਾ ਹੈ।

ਇੰਨੇ ਵੱਡੇ ਪੱਧਰ ’ਤੇ ਅੱਗ ਲਗਾਉਣ ਦੇ ਰੁਝਾਨ ਨੂੰ ਘੱਟ ਕਰਨ ਲਈ ਜਿਥੇ ਖੇਤੀਬਾੜੀ 'ਤੇ ਕਿਸਾਨ ਭਲਾਈ ਵਿਭਾਗ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਿਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਈ ਮਹੀਨੇ ਪਹਿਲਾਂ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਸੀ, ਉਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਇਸ ਵਾਰ ਨਿਵੇਕਲੀ ਪਹਿਲਕਦਮੀ ਕਰਦਿਆਂ ਝੋਨੇ ਦੀ ਵਾਢੀ ਤੋਂ ਕਰੀਬ 2 ਮਹੀਨੇ ਪਹਿਲਾਂ ਹੀ ਜ਼ਿਲ੍ਹੇ ਨੂੰ 79 ਜ਼ੋਨਾਂ ਵਿਚ ਵੰਡ ਕੇ 331 ਨੋਡਲ ਅਫ਼ਸਰ ਤਾਇਨਾਤ ਕਰ ਦਿੱਤੇ ਸਨ।

ਇਹ ਵੀ ਪੜ੍ਹੋ-  ਗੁ: ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ’ਚ ਮਰਿਆਦਾ ਦੀ ਉਲੰਘਣਾ ਦਾ SGPC ਨੇ ਲਿਆ ਸਖ਼ਤ ਨੋਟਿਸ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਾਰੇ ਜ਼ੋਨਾਂ ਵਿਚ 1-1 ਕਲਸੱਟਰ ਅਫ਼ਸਰ ਤਾਇਨਾਤ ਕੀਤਾ ਸੀ ਅਤੇ ਨਾਲ ਹੀ ਕਲੱਸਟਰ ਅਫ਼ਸਰ ਦੇ ਅਧੀਨ ਜੋ ਨੋਡਲ ਅਫ਼ਸਰ ਤਾਇਨਾਤ ਕੀਤੇ ਸਨ, ਉਨ੍ਹਾਂ ਨੂੰ ਔਸਤਨ 3-4 ਪਿੰਡ ਦੇ ਕੇ ਹਦਾਇਤ ਕੀਤੀ ਸੀ ਕਿ ਉਹ ਇਨ੍ਹਾਂ ਪਿੰਡਾਂ ਵਿਚ ਹੀ ਮੌਜੂਦ ਰਹਿ ਕੇ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਜੇਕਰ ਫਿਰ ਵੀ ਕੋਈ ਕਿਸਾਨ ਅੱਗ ਲਗਾਉਂਦਾ ਹੈ ਤਾਂ ਅੱਗ ਲੱਗਣ ਦਾ ਪਤਾ ਲੱਗਣ ਦੇ ਤੁਰੰਤ ਬਾਅਦ ਮੌਕੇ ’ਤੇ ਹੀ ਪਹੁੰਚ ਕੇ ਅੱਗ ਬੁਝਾਈ ਜਾਵੇ। ਇਸ ਕਾਰਨ ਬੇਸ਼ੱਕ ਇਸ ਵਾਰ ਸੈਟਲਾਈਟ ਨੇ ਜੋ ਅੰਕੜੇ ਦਿਖਾਏ ਹਨ, ਉਸ ਦੇ ਮੁਕਾਬਲੇ ਕੁਝ ਜ਼ਿਆਦਾ ਖੇਤਾਂ ਵਿਚ ਅੱਗ ਲੱਗੀ ਹੋ ਸਕਦੀ ਹੈ ਪਰ ਜੋ ਖੇਤ ਸੈਟਲਾਈਟ ਦੀ ਨਜ਼ਰ ਵਿਚ ਨਹੀਂ ਆਏ, ਉਨ੍ਹਾਂ ਵਿਚ ਵੱਖ-ਵੱਖ ਟੀਮਾਂ ਨੇ ਤੁਰੰਤ ਪਹੁੰਚ ਕੇ ਅੱਗ ਬੁਝਾ ਦਿੱਤੀ, ਜਿਸ ਕਾਰਨ ਇਸ ਵਾਰ ਅੱਗ ਲਗਾਉਣ ਦੇ ਮਾਮਲਿਆਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

PunjabKesari

ਪਿਛਲੇ ਸਾਲ ਸਨ 848 ਸਪਾਟ, ਇਸ ਵਾਰ 379 ਤੱਕ ਰਹੀ ਗਿਣਤੀ

ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ 18 ਨਵੰਬਰ ਤੱਕ ਸੈਟਲਾਈਟ ਰਿਪੋਰਟ ਅਨੁਸਾਰ 379 ਖੇਤਾਂ ਵਿਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਗਿਣਤੀ 848 ਦੇ ਕਰੀਬ ਸੀ, ਜਿਸ ਤਹਿਤ ਪਿਛਲੇ ਸਾਲ ਦੇ ਮੁਕਾਬਲੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ 56 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਇਕ ਰੂਪਨਗਰ ਜ਼ਿਲ੍ਹਾ ਅਜਿਹਾ ਹੈ, ਜਿਸ ਵਿਚ 56 ਫ਼ੀਸਦੀ ਤੋਂ ਜ਼ਿਆਦਾ ਗਿਣਤੀ ਘਟੀ ਹੈ, ਜਿਸ ਕਾਰਨ ਗੁਰਦਾਸਪੁਰ ਜ਼ਿਲ੍ਹਾ ਦੂਸਰੇ ਨੰਬਰ ’ਤੇ ਹੈ ਪਰ ਜੇਕਰ ਵੱਡੇ ਰਕਬੇ ਵਾਲੇ ਜ਼ਿਲ੍ਹਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੇ ਸਖਤ ਮਿਹਨਤ ਕਰ ਕੇ ਪੂਰੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।

ਕਿਵੇਂ ਹਾਸਿਲ ਹੋਈ ਵੱਡੀ ਪ੍ਰਾਪਤੀ?

ਡਾ. ਕਿਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਬਿਜਾਈ ਦੇ ਬਾਅਦ ਹੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਅਤੇ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੇਤਾਂ ਵਿਚ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਵਿਚ ਪਿਛਲੇ ਸਾਲ ਜ਼ਿਆਦਾ ਅੱਗ ਲੱਗੀ ਸੀ, ਉਨ੍ਹਾਂ ਪਿੰਡਾਂ ਨੂੰ ਹਾਟ ਸਪਾਟ ਮੰਨ ਕੇ ਉਨ੍ਹਾਂ ਪਿੰਡਾਂ ਵਿਚ ਵੱਖਰੇ ਤੌਰ ’ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਸਨ ਤਾਂ ਜੋ ਇਸ ਸਾਲ ਉਥੇ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ, ਹੈੱਡ ਗ੍ਰੰਥੀ 'ਤੇ ਵੀ ਉੱਠੇ ਸਵਾਲ

ਉਨ੍ਹਾਂ ਕਿਹਾ ਕਿ ਜਿਥੇ ਵੀ ਕਿਸੇ ਖੇਤ ਵਿਚ ਅੱਗ ਲੱਗਦੀ ਸੀ, ਵਿਭਾਗ ਦੇ ਅਧਿਕਾਰੀਆਂ ਵੱਲੋਂ ਤੁਰੰਤ ਪਹੁੰਚ ਕੇ ਅੱਗ ਬੁਝਾਈ ਜਾਂਦੀ ਸੀ। ਇਸੇ ਤਰ੍ਹਾਂ ਪਿੰਡਾਂ ਅੰਦਰ ਪੰਚਾਇਤਾਂ, ਨੰਬਰਦਾਰਾਂ ਤੇ ਹੋਰ ਮੋਹਤਬਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਖਾਸ ਤੌਰ ’ਤੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਵਾਰ ਟੀਮਾਂ ਨੂੰ ਕਾਫ਼ੀ ਸਹਿਯੋਗ ਦਿੱਤਾ ਹੈ, ਜਿਸ ਕਾਰਨ ਜ਼ਿਲ੍ਹੇ ਅੰਦਰ ਅੱਗ ਦੀਆਂ ਘਟਨਾਵਾਂ ਘੱਟ ਕਰਨ ਵਿਚ ਮਦਦ ਮਿਲੀ ਹੈ।

ਮਸ਼ੀਨਰੀ ਦੀ ਉਪਲਬਧਤਾ ਨੇ ਵੀ ਹੱਲ ਕੀਤੀ ਸਮੱਸਿਆ

ਡਾ. ਢਿੱਲੋਂ ਨੇ ਦੱਸਿਆ ਕਿ ਜ਼ਿਲੇ ਅੰਦਰ 1 ਲੱਖ 70 ਹਜ਼ਾਰ ਦੇ ਕਰੀਬ ਰਕਬੇ ਵਿਚ ਝੋਨੇ ਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ ਸੀ। ਇਸ ਰਕਬੇ ਵਿਚ ਅੱਗ ਲਗਾਏ ਬਗੈਰ ਪਰਾਲੀ ਦੇ ਨਿਪਟਾਰੇ ਲਈ ਵਿਭਾਗ ਵੱਲੋਂ 5 ਹਜ਼ਾਰ ਤੋਂ ਜ਼ਿਆਦਾ ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਇਸ ਸਾਲ 180 ਦੇ ਕਰੀਬ ਬੇਲਰ ਜ਼ਿਲ੍ਹੇ ਅੰਦਰ ਚਲ ਰਹੇ ਸਨ, ਜਿਨ੍ਹਾਂ ਨੇ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਬਣਾਈਆਂ। ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਅਗਲੇ ਸਾਲ ਅੱਗ ਲਗਾਉਣ ਦੇ ਮਾਮਲਿਆਂ ਵਿਚ ਹੋਰ ਗਿਰਾਵਟ ਆਵੇਗੀ ਕਿਉਂਕਿ ਬੇਲਰਾਂ ਦੀ ਗਿਣਤੀ ਵਧਣ ਨਾਲ ਕਿਸਾਨ ਹੋਰ ਵੀ ਆਸਾਨੀ ਨਾਲ ਰਹਿੰਦ ਖੂੰਹਦ ਇਕੱਤਰ ਕਰ ਸਕਣਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ

299 ਕਿਸਾਨਾਂ ਦੇ ਕੱਟੇ ਚਲਾਨ, ਦਰਜ ਕੀਤੇ 5 ਪਰਚੇ, ਵਸੂਲਿਆ 7.62 ਲੱਖ ਰੁਪਏ ਜੁਰਮਾਨਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਸਿਮਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਅੰਦਰ ਸੈਟੇਲਾਈਟ ਰਾਹੀਂ ਅੱਗ ਲਗਾਉਣ ਵਾਲੇ ਜਿਹੜੇ ਸਪਾਟਾਂ ਦੀ ਜਾਣਕਾਰੀ ਮਿਲੀ ਸੀ, ਉਨ੍ਹਾਂ ’ਚੋਂ 299 ਥਾਵਾਂ ’ਤੇ ਸਬੰਧਤ ਕਿਸਾਨਾਂ ਦੇ ਚਲਾਨ ਕੱਟ ਕੇ 7 ਲੱਖ 62 ਹਜ਼ਾਰ ਰੁਪਏ ਜੁਰਮਾਨਾ ਵੀ ਵਸੂਲਿਆ ਗਿਆ ਹੈ ਅਤੇ ਨਾਲ ਹੀ 5 ਕਿਸਾਨਾਂ ਖ਼ਿਲਾਫ਼ ਸਬੰਧਤ ਧਾਰਾਵਾਂ ਅਧੀਨ ਪਰਚੇ ਵੀ ਦਰਜ ਕੀਤੇ ਗਏ ਹਨ, ਨਾਲ ਹੀ ਡਿਊਟੀ ਵਿਚ ਢਿੱਲ ਵਰਤਣ ਵਾਲੇ ਕਰੀਬ 20 ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਥਾਣਿਆਂ ਦੇ ਐੱਸ. ਐੱਚ. ਓ. ਵੀ ਸ਼ਾਮਲ ਹਨ।

ਪ੍ਰਸ਼ਾਸਨ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਖਤੀ ਨਹੀਂ ਕਰਨੀ ਚਾਹੁੰਦਾ ਅਤੇ ਨਾ ਹੀ ਇਸ ਸਾਲ ਇਸ ਮੁਹਿੰਮ ਨੂੰ ਸਿਰਫ਼ ਸਖ਼ਤੀ ਕਰਨ ਤੱਕ ਸੀਮਤ ਰੱਖਿਆ ਗਿਆ। ਪੂਰੀ ਮੁਹਿੰਮ ਦੌਰਾਨ ਇਹੀ ਕੋਸ਼ਿਸ ਰਹੀ ਹੈ ਕਿ ਕਿਸਾਨਾਂ ਤੱਕ ਪਹੁੰਚ ਕਰ ਕੇ ਇਹ ਦੱਸਿਆ ਜਾਵੇ ਕਿ ਅੱਗ ਲਗਾਉਣ ਨਾਲ ਮਨੁੱਖੀ ਸਿਹਤ, ਜੀਵ ਜੰਤੂ ਤੇ ਬਨਸਪਤੀ ਆਦਿ ’ਤੇ ਕਿਹੜੇ ਮਾਰੂ ਪ੍ਰਭਾਵ ਪੈਂਦੇ ਹਨ ਅਤੇ ਨਾਲ ਹੀ ਕਿਸਾਨਾਂ ਨੂੰ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਸਿਖਲਾਈ ਅਤੇ ਲੋੜੀਂਦੀ ਮਸ਼ੀਨਰੀ ਵੀ ਉਪਲੱਬਧ ਕਰਵਾਈ ਗਈ ਹੈ। ਪ੍ਰਸ਼ਾਸਨ ਵੱਲੋਂ ਗਠਿਤ ਟੀਮਾਂ ਨੇ ਫੀਲਡ ਵਿਚ ਕੰਮ ਕਰ ਕੇ ਖੁਦ ਅਨੇਕਾਂ ਖੇਤਾਂ ਵਿਚ ਪਹੁੰਚ ਕੇ ਮੌਕੇ ’ਤੇ ਹੀ ਅੱਗ ਬੁਝਾਈ ਹੈ। ਇਸ ਤਹਿਤ ਸਿਰਫ ਫੀਲਡ ਸਟਾਫ ਹੀ ਨਹੀਂ ਸਗੋਂ ਪ੍ਰਸ਼ਾਸਨ ਦੇ ਉਚ ਅਧਿਕਾਰੀ ਵੀ ਖੇਤਾਂ ਵਿਚ ਪਹੁੰਚੇ, ਜਿਨ੍ਹਾਂ ਨੇ ਕਿਸਾਨਾਂ ਨੂੰ ਸਮਝਾ ਕੇ ਅੱਗ ਲਗਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News