ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖ ਤੇ ਸ਼ਾਂਤਮਈ ਚੋਣ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਤਿਆਰ: ਡਿਪਟੀ ਕਮਿਸ਼ਨਰ

05/30/2024 9:16:55 PM

ਕਪੂਰਥਲਾ (ਵਿਪਨ ਮਹਾਜਨ) - ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲੋਕਤੰਤਰ ਦੇ ਵੱਡੇ ਪਰਵ ਵਿਚ ਵੋਟਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਅੱਜ ਇੱਥੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਵਲੋਂ ਦਿੱਤੇ ਨਾਅਰੇ ’ਇਸ ਵਾਰ 70 ਪਾਰ’ ਦੀ ਪ੍ਰਾਪਤੀ ਲਈ 70 ਫੀਸਦੀ ਤੋਂ ਵੱਧ ਵੋਟਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖ ਅਤੇ ਸ਼ਾਂਤਮਈ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

PunjabKesari

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ’ਯੂਥ ਚੱਲਿਆ ਬੂਥ’ ਵਾਕਥੋਨ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 791 ਪੋਲਿੰਗ ਸਟੇਸ਼ਨਾਂ ’ਤੇ ਪ੍ਰਸ਼ਾਸਨ ਵਲੋਂ ਵੋਟਰਾਂ ਦੀ ਸਹੂਲਤ ਲਈ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਵੋਟ ਪਾਉਣ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਾਕਥੋਨ ਦਾ ਮਕਸਦ ਵੋਟਰਾਂ ਨੂੰ ਜਾਗਰੂਕ ਕਰਕੇ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿਚ ਵੋਟਾਂ ਪੈ ਸਕਣ। ਉਨ੍ਹਾਂ ਕਿਹਾ ਕਿ ਵਾਕਥੋਨ ਦੌਰਾਨ ਹਰ ਵਰਗ ਦੇ ਵੋਟਰ ਨੂੰ ਵੋਟ ਦੀ ਮਹੱਤਤਾ ਦਾ ਸੁਨੇਹਾ ਦਿੰਦਿਆਂ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ ਜਿਸ ਵਿਚ ਨੌਜਵਾਨ, ਬਜ਼ੁਰਗ, ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰ ਸ਼ਾਮਲ ਹਨ। 

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਵਲੋਂ ਵੋਟਰਾਂ ਨੂੰ ਘਰ ਬੈਠੇ ਆਪਣੇ ਬੂਥ ’ਤੇ ਲੱਗੀ ਵੋਟਰਾਂ ਦੀ ਲਾਈਨ ਜਾਂ ਗਿਣਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਵਟਸਐਪ ਨੰਬਰ  74474-47217 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ 75 ਫੀਸਦੀ ਵੋਟਿੰਗ ਵਾਲੇ ਪੋਲਿੰਗ ਸਟੇਸ਼ਨਾਂ ਦੇ ਬੀ.ਐੱਲ.ਓਜ਼ ਨੂੰ ਪੰਜ ਹਜ਼ਾਰ ਰੁਪਏ ਦੀ ਹੌਂਸਲਾ ਅਫਜਾਈ ਰਾਸ਼ੀ ਨਾਲ ਸਨਮਾਨੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ। 

PunjabKesari

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜਨਰਲ ਆਬਜ਼ਰਵਰ 2011 ਬੈਚ ਦੇ ਆਈ.ਏ.ਐਸ. ਅਧਿਕਾਰੀ ਅਭਿਮਨਯੂ ਕੁਮਾਰ ਦੀ ਮੌਜੂਦਗੀ ਵਿਚ ਅੱਜ ਪੋਲਿੰਗ ਸਟਾਫ ਦੀ ਤੀਜੀ ਅਤੇ ਮਾਈਕਰੋ ਆਬਜ਼ਰਵਰਾਂ ਦੀ ਦੂਜੀ ਰੈਂਡਮਾਈਜੇਸ਼ਨ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਚੋਣ ਆਬਜ਼ਰਵਰ ਨੂੰ ਜਾਣੂ ਕਰਵਾਇਆ ਕਿ 791 ਪੋਲਿੰਗ ਸਟੇਸ਼ਨਾਂ ’ਤੇ ਲੋੜੀਂਦੀ ਗਿਣਤੀ ਵਿਚ ਚੋਣ ਅਮਲਾ ਤਾਇਨਾਤ ਕਰਨ ਤੋਂ ਇਲਾਵਾ ਰਿਜ਼ਰਵ ਸਟਾਫ਼ ਵੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਵੱਖ-ਵੱਖ ਥਾਵਾਂ ਤੋਂ ਪੋਲਿੰਗ ਪਾਰਟੀਆਂ ਸੁਰੱਖਿਆ ਇੰਤਜ਼ਾਮ ਹੇਠ ਅਲਾਟ ਕੀਤੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ। 

PunjabKesari

ਜ਼ਿਲ੍ਹਾ ਚੋਣ ਅਫਸਰ ਅਮਿਤ ਕੁਮਾਰ ਪੰਚਾਲ ਨੇ ਜਨਰਲ ਆਬਜ਼ਰਵਰ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ-ਇਕ ਪਿੰਕ ਪੋਲਿੰਗ ਸਟੇਸ਼ਨ ਅਤੇ ਇਕ-ਇਕ ਪੋਲਿੰਗ ਸਟੇਸ਼ਨ ਅਜਿਹਾ ਹੋਵੇਗਾ ਜਿਹੜਾ ਮੁਕੰਮਲ ਤੌਰ ’ਤੇ ਦਿਵਿਆਂਗ ਚੋਣ ਅਮਲੇ ਵਲੋਂ ਸੰਭਾਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿਚ ਪੰਜ-ਪੰਜ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਐਮ.ਜੀ.ਐਨ. ਕਾਲਜ ਫਾਰ ਵੂਮੈਨ, ਕਪੂਰਥਲਾ ਵਿਖੇ ਯੰਗ ਅਤੇ ਗਰੀਨ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। 

ਵੋਟਰ ਜਾਗਰੂਕਤਾ ਗਤੀਵਿਧੀਆਂ ਦੇ ਨੋਡਲ ਅਧਿਕਾਰੀ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਦੀ ਅਗਵਾਈ ਵਿਚ ਵਾਕਥੋਨ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਨੇੜਲੇ ਬੂਥ ਨੰਬਰ 38 ਸਰਕਾਰੀ ਐਲੀਮੈਂਟਰੀ ਸਕੂਲ ,ਨੂਰਪੂਰ ਦੋਨਾਂ ਵਿਖੇ ਪਹੁੰਚੀ ਜਿੱਥੇ ਵਾਕਥੋਨ ਦਾ ਚੋਣ ਅਮਲੇ ਅਤੇ ਪਿੰਡ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ। ਸਹਾਇਕ ਕਮਿਸ਼ਨਰ ਵਲੋਂ 18-19 ਸਾਲ ਉਮਰ ਵਰਗ ਦੇ 5 ਵੋਟਰਾਂ, 5 ਦਿਵਿਆਂਗ ਵੋਟਰਾਂ, ਐਨ.ਆਰ.ਆਈ. ਵੋਟਰਾਂ ਅਤੇ ਟਰਾਂਸਜੈਂਡਰ ਵੋਟਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News