ਬੱਸ ''ਚ ਖਿੱਚੀ ਸੈਲਫੀ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਕੀਤੀ ਖੁਦਕੁਸ਼ੀ

Friday, Mar 09, 2018 - 06:08 AM (IST)

ਬੱਸ ''ਚ ਖਿੱਚੀ ਸੈਲਫੀ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ,  (ਅਰੁਣ)-  ਬੱਸ 'ਚ ਸਫਰ ਕਰਦਿਆਂ ਨਾਲ ਬੈਠੀ ਇਕ ਵਿਆਹੁਤਾ ਨਾਲ ਸੈਲਫੀ ਲੈਣ ਮਗਰੋਂ ਨੌਜਵਾਨ ਨੇ ਉਸ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਦੁਖੀ ਹੋਈ ਇਸ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਮ੍ਰਿਤਕਾ ਜਿਸ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ, ਦੇ ਪਤੀ ਰਣਬੀਰ ਸਿੰਘ ਨੇ ਥਾਣਾ ਸੁਲਤਾਨਵਿੰਡ ਦੀ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਤਰਨਤਾਰਨ ਵਾਸੀ ਸੰਦੀਪ ਕੌਰ ਨਾਲ ਹੋਇਆ ਸੀ, 3 ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਜਦੋਂ ਉਹ ਪੱਟੀ ਤੋਂ ਬੱਸ ਵਿਚ ਬੈਠ ਕੇ ਆਪਣੇ ਪੇਕੇ ਘਰ ਤਰਨਤਾਰਨ ਜਾ ਰਹੀ ਸੀ ਤਾਂ ਉਸ ਦੀ ਨਾਲ ਵਾਲੀ ਸੀਟ 'ਤੇ ਬੈਠੇ ਇਕ ਨੌਜਵਾਨ ਨੇ ਉਸ ਦੀ ਸੈਲਫੀ ਲੈ ਲਈ।
ਇਹ ਨੌਜਵਾਨ ਬਾਅਦ ਵਿਚ ਉਸ ਨੂੰ ਫੋਨ ਕਰਨ ਲਈ ਮਜਬੂਰ ਕਰਦਿਆਂ ਬਲੈਕਮੇਲ ਕਰਨ ਲੱਗ ਪਿਆ। ਉਸ ਦੀ ਪਤਨੀ ਨੇ ਇਸ ਸਬੰਧੀ ਥਾਣਾ ਪੱਟੀ ਵਿਖੇ ਰਿਪੋਰਟ ਵੀ ਦਰਜ ਕਰਵਾਈ ਸੀ ਪਰ ਮੋਹਤਬਰ ਵਿਅਕਤੀਆਂ ਵੱਲੋਂ ਕਹਿਣ 'ਤੇ ਸਮਝੌਤਾ ਹੋ ਗਿਆ ਸੀ। ਪਿਛਲੇ ਹਫਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਸਬੰਧੀ ਬੇਇੱਜ਼ਤੀ ਮਹਿਸੂਸ ਕਰ ਰਹੀ ਹੈ ਅਤੇ ਉਹ ਜਿਊਣਾ ਨਹੀਂ ਚਾਹੁੰਦੀ। 3 ਮਾਰਚ ਨੂੰ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਤੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਸੁਖਰਾਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦੁਬਲੀ ਤਰਨਤਾਰਨ ਖਿਲਾਫ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Related News