ਸਕੂਲ ਫੀਸਾਂ ਨੂੰ ਲੈ ਕੇ ਮਾਪਿਆਂ ਤੇ ਪ੍ਰਬੰਧਕਾਂ ਵਿਚਕਾਰ ਬਹਿਸ, ਸੁਲਝਿਆ ਮਾਮਲਾ

Monday, Jul 06, 2020 - 03:47 PM (IST)

ਸਕੂਲ ਫੀਸਾਂ ਨੂੰ ਲੈ ਕੇ ਮਾਪਿਆਂ ਤੇ ਪ੍ਰਬੰਧਕਾਂ ਵਿਚਕਾਰ ਬਹਿਸ, ਸੁਲਝਿਆ ਮਾਮਲਾ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਇੱਕ ਨਿੱਜੀ ਸਕੂਲ ’ਚ ਅੱਜ ਸਵੇਰੇ ਤਾਲਾਬੰਦੀ ਕਾਰਨ ਸਕੂਲ ਫੀਸਾਂ ਨੂੰ ਲੈ ਕੇ ਪ੍ਰਬੰਧਕਾਂ ਤੇ ਮਾਪਿਆਂ ਵਿਚਕਾਰ ਕੁੱਝ ਵਿਵਾਦ ਹੋਇਆ, ਜੋ ਕਿ ਬਾਅਦ 'ਚ ਸੁਲਝਾ ਲਿਆ ਗਿਆ। ਨਿੱਜੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਤਾਲਾਬੰਦੀ ਕਾਰਨ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਕੁੱਝ ਦਿਨ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਤੇ ਹਦਾਇਤਾਂ ਤੋਂ ਬਾਅਦ ਸਕੂਲ ਵੱਲੋਂ ਮਾਪਿਆਂ ਤੋਂ ਬੱਚਿਆਂ ਦੀ ਫੀਸ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਆਰੰਭੀ ਗਈ।

ਅੱਜ ਕੁੱਝ ਮਾਪੇ ਸਕੂਲ ’ਚ ਇਕੱਠੇ ਹੋਏ, ਜਿਨ੍ਹਾਂ ਨੇ ਮੰਗ ਕੀਤੀ ਕਿ ਤਾਲਾਬੰਦੀ ਕਾਰਨ ਹਰੇਕ ਵਰਗ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਇਸ ਲਈ ਜਾਇਜ਼ ਫੀਸ ਹੀ ਵਸੂਲੀ ਜਾਵੇ, ਜਿਸ ’ਤੇ ਪ੍ਰਬੰਧਕਾਂ ਨੇ ਮਾਪਿਆਂ ਨੂੰ ਸਮਝਾਇਆ ਕਿ ਬੇਸ਼ੱਕ ਸਰਕਾਰ ਵੱਲੋਂ ਹਦਾਇਤਾਂ ਹਨ ਕਿ ਟਿਊਸ਼ਨ ਫੀਸ, ਅੱਧੀ ਟ੍ਰਾਂਸਪੋਰਟ ਫੀਸ ਅਤੇ ਸਲਾਨਾ ਫੰਡ ਵਸੂਲੇ ਜਾਣ ਪਰ ਸਕੂਲ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਪੜ੍ਹਾਉਣ ਵਾਲੀ ਟਿਊਸ਼ਨ ਫੀਸ ਹੀ ਵਸੂਲੀ ਜਾਵੇਗੀ ਤਾਂ ਜੋ ਆਨਲਾਈਨ ਘਰ ਬੈਠੇ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਨੂੰ ਵੀ ਤਨਖਾਹ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਵੱਲੋਂ ਸਲਾਨਾ ਚਾਰਜ ਵੀ ਬਹੁਤ ਘੱਟ ਵਸੂਲੇ ਜਾਣਗੇ, ਜਦੋਂ ਕਿ ਅੱਧੀ ਟਰਾਂਸਪੋਰਟ ਫੀਸ ਵੀ ਨਹੀਂ ਲਈ ਜਾ ਰਹੀ।

ਮਾਪਿਆਂ ਦੀ ਮੰਗ ’ਤੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਉਹ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਟਿਊਸ਼ਨ ਫੀਸ ਤੇ ਸਲਾਨਾ ਚਾਰਜ ਜੋ ਵੀ ਵੱਧ ਤੋਂ ਵੱਧ ਛੋਟ ਦੇ ਸਕਦੇ ਹੋਣਗੇ, ਉਹ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਕੂਲ ਦੀਆਂ ਕਿਤਾਬਾਂ ਕਿਤੋਂ ਵੀ ਬਾਹਰੋਂ ਲਈਆਂ ਜਾ ਸਕਦੀਆਂ ਹਨ, ਇਸ ਲਈ ਮਾਪੇ ਗੁੰਮਰਾਹ ਨਾ ਹੋਣ। 2 ਘੰਟੇ ਚੱਲੇ ਵਿਵਾਦ ਤੋਂ ਬਾਅਦ ਸਕੂਲ ਪ੍ਰਿੰਸੀਪਲ ਦੀਆਂ ਗੱਲਾਂ ਤੋਂ ਮਾਪੇ ਸੰਤੁਸ਼ਟ ਹੋਏ ਅਤੇ ਵਿਵਾਦ ਸੁਲਝ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰ. ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਬੇਸ਼ੱਕ ਇਸ ਸਮੇਂ ਤਾਲਾਬੰਦੀ ਕਾਰਨ ਹਰੇਕ ਪਰਿਵਾਰ ਆਰਥਿਕ ਮੰਦੀ ’ਚੋਂ ਗੁਜ਼ਰ ਰਿਹਾ ਹੈ ਪਰ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਵੀ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਖਰਚਿਆਂ ਲਈ ਟਿਊਸ਼ਨ ਫੀਸ ਤਾਂ ਵਸੂਲਣੀ ਹੀ ਪਵੇਗੀ ਪਰ ਫਿਰ ਵੀ ਉਹ ਮਾਪਿਆਂ ਦੀ ਤਕਲੀਫ਼ ਨੂੰ ਸਮਝਦੇ ਹੋਏ ਪ੍ਰਬੰਧਕ ਕਮੇਟੀ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕੱਢਣਗੇ।
 


author

Babita

Content Editor

Related News