ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ
Thursday, Dec 09, 2021 - 04:12 PM (IST)
ਜਲੰਧਰ (ਸੁਧੀਰ, ਸੋਨੂੰ)–ਸਥਾਨਕ ਖਿੰਗਰਾ ਗੇਟ ਵਿਚ ਜਨਮ ਦਿਨ ਦੀ ਪਾਰਟੀ ਦੌਰਾਨ 2 ਧਿਰਾਂ ਵਿਚ ਜੰਮ ਕੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਇਕ ਧਿਰ ਦੇ ਨੌਜਵਾਨਾਂ ਨੇ ਸੜਕ ’ਤੇ ਜੰਮ ਕੇ ਬੋਤਲਾਂ ਚਲਾਈਆਂ ਅਤੇ ਦੂਜੀ ਧਿਰ ਦੇ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਕ ਨੌਜਵਾਨ ਨਾਲ ਕੁੱਟਮਾਰ ਕਰਕੇ ਉਸ ਦੀ ਪਗੜੀ ਵੀ ਉਤਾਰ ਦਿੱਤੀ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਦੂਜੀ ਧਿਰ ਦੇ 2 ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਮੁਹੱਲੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਵੇਖ ਲੋਕਾਂ ਵਿਚ ਭੱਜ-ਦੌੜ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਅਤੇ ਥਾਣਾ ਨੰਬਰ 3 ਦੇ ਮੁਖੀ ਮੁਕੇਸ਼ ਕੁਮਾਰ ਘਟਨਾ ਸਥਾਨ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਘਟਨਾ ਵਿਚ ਜ਼ਖ਼ਮੀ ਹੋਏ ਇਕ ਧਿਰ ਦੇ ਰਾਹੁਲ ਵਾਸੀ ਅਸ਼ੋਕ ਨਗਰ ਅਤੇ ਉਸ ਦੇ ਸਾਥੀ ਤਜਿੰਦਰ ਸਿੰਘ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਦੋਸਤ ਗੋਲੂ ਦਾ ਬੁੱਧਵਾਰ ਨੂੰ ਜਨਮ ਦਿਨ ਸੀ, ਜਿਸ ਕਾਰਨ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ ਖਿੰਗਰਾ ਗੇਟ ਨੇੜੇ ਇਕ ਹੁੱਕਾ ਬਾਰ ਵਿਚ ਬੁਲਾਇਆ।
ਇਹ ਵੀ ਪੜ੍ਹੋ: ਵਿਰਾਸਤ-ਏ-ਖਾਲਸਾ ਪੁੱਜੇ CM ਚੰਨੀ ਨੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ, ਕੀਤੇ ਵੱਡੇ ਐਲਾਨ
ਤਜਿੰਦਰ ਨੇ ਦੱਸਿਆ ਕਿ ਉਸ ਨੇ ਕਦੇ ਹੁੱਕਾ ਨਹੀਂ ਪੀਤਾ। ਉਹ ਹੁੱਕੇ ਦੇ ਫਲੇਵਰ ਵੇਖ ਰਿਹਾ ਸੀ। ਉਦੋਂ ਦੂਜੀ ਧਿਰ ਦੇ ਇਕ ਨੌਜਵਾਨ ਨੇ ਉਸ ’ਤੇ ਚੋਰੀ ਦਾ ਦੋਸ਼ ਲਗਾ ਦਿੱਤਾ। ਤਜਿੰਦਰ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦੂਜੀ ਧਿਰ ਦੇ ਇਕ ਨੌਜਵਾਨ ਨੇ ਉਸ ਨਾਲ ਬਿਨਾਂ ਕਾਰਨ ਗਾਲੀ-ਗਲੋਚ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਕਤ ਨੌਜਵਾਨ ਨੇ ਫੋਨ ’ਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ। ਤਜਿੰਦਰ ਨੇ ਦੱਸਿਆ ਕਿ ਇੰਨੇ ਵਿਚ ਜਦੋਂ ਉਸ ਦਾ ਦੂਸਰਾ ਸਾਥੀ ਰਾਹੁਲ ਉਸ ਨੂੰ ਛੁਡਾਉਣ ਆਇਆ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਇੰਨੇ ਵਿਚ ਉਸਦੇ ਹੋਰ ਸਾਥੀਆਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਪੰਜਾਬ ’ਚ ਬਾਦਲ ਪਰਿਵਾਰ ਨੂੰ ਝਟਕਾ ਦੇਣ ਲਈ ਭਾਜਪਾ ਨੇ ਤਿਆਰ ਕੀਤੀ ਰਣਨੀਤੀ
ਪੁਲਸ ਦੀ ਲਾਪjਵਾਹੀ ਨਾਲ ਚੱਲ ਰਹੇ ਸ਼ਹਿਰ ਵਿਚ ਹੁੱਕਾ ਬਾਰ: ਕੇ. ਡੀ. ਭੰਡਾਰੀ
ਦੂਜੇ ਪਾਸੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਖਿੰਗਰਾ ਗੇਟ ਵਿਚ ਹੋਈ ਗੁੰਡਾਗਰਦੀ ਦਾ ਵਿਰੋਧ ਕਰਦਿਆਂ ਕਿਹਾ ਕਿ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਸ਼ਹਿਰ ਵਿਚ ਗੁੰਡਾ ਅਨਸਰ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਦੀ ਲਾਪਰਵਾਹੀ ਨਾਲ ਹੀ ਸ਼ਹਿਰ ਵਿਚ ਨਾਜਾਇਜ਼ ਹੁੱਕਾ ਬਾਰ ਚੱਲ ਰਹੇ ਹਨ ਅਤੇ ਉਕਤ ਹੁੱਕਾ ਬਾਰ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਨੋਟਿਸ ਵਿਚ ਲਿਆਂਦਾ ਹੈ, ਜਿਨ੍ਹਾਂ ਨੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਕੀ ਕਹਿੰਦੇ ਹਨ ਏ. ਡੀ. ਸੀ. ਪੀ. ਸੁਹੇਲ ਮੀਰ
ਦੂਜੇ ਪਾਸੇ ਸੰਪਰਕ ਕਰਨ ’ਤੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਖੁਦ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੂੰ ਕਿਸੇ ਧਿਰ ਨੇ ਬਿਆਨ ਦਰਜ ਨਹੀਂ ਕਰਵਾਏ। ਪੁਲਸ ਘਟਨਾ ਸਥਾਨ ਦੇ ਨੇੜੇ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਪਾਈ ਜਾਣ ਵਾਲੀ ਧਿਰ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮੱਥੇ ’ਤੇ ‘ਬਿੰਦੀ’ ਲਾਉਂਦੇ ਸਮੇਂ ਲਾਸ਼ ਨੂੰ ਵੇਖ ਰੋਂਦੇ ਬੋਲੀ ਭੈਣ, ‘ਸੁਹਾਗਣ ਵਿਦਾ ਹੋਣਾ ਚਾਹੁੰਦੀ ਸੀ ਮੇਰੀ ਭੈਣ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ