20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖਿਆ, ਪਲਾਟ ਮਾਲਕਾਂ ਨੇ ਥਾਣਾ ਮੁਖੀ ’ਤੇ ਲਾਏ ਦੋਸ਼
Sunday, Nov 29, 2026 - 10:53 AM (IST)
ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ ਵਿਖੇ ਕੰਟਰੀ ਸਾਈਡ ਦੇ ਮੁੱਖ ਗੇਟ ਸਾਹਮਣੇ ਸਥਿਤ ਕਰੀਬ 15 ਤੋਂ 20 ਪਲਾਟਾਂ ਨੂੰ ਜਾਣ ਵਾਲੇ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਪਲਾਟ ਮਾਲਕਾਂ ਨੇ ਰਸਤੇ ਵਾਲੀ ਜ਼ਮੀਨ ’ਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਾਉਂਦਿਆਂ ਡੇਰਾਬੱਸੀ ਦੇ ਥਾਣਾ ਮੁਖੀ ਅਤੇ ਪਿੰਡ ਪਰਾਗਪੁਰ ਦੇ ਇਕ ਵਿਅਕਤੀ ਨੂੰ ਇਸ ਮਾਮਲੇ 'ਚ ਘੇਰਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਆਪਣਾ ਰਸਤਾ ਬਹਾਲ ਰੱਖਣ ਦੀ ਮੰਗ ਕੀਤੀ ਹੈ। ਉੱਧਰ ਥਾਣਾ ਮੁਖੀ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਜ਼ਮੀਨ ਦੀ ਖ਼ਰੀਦ ਨੂੰ ਕਾਨੂੰਨੀ ਕਰਾਰ ਦਿੱਤਾ ਹੈ।
ਮੌਕੇ ’ਤੇ ਇਕੱਠੇ ਹੋਏ ਪਲਾਟ ਮਾਲਕਾਂ ਧਰਮਪਾਲ ਸਿੰਘ ਸੋਢੀ ਵਾਸੀ ਆਦਰਸ਼ ਨਗਰ ਡੇਰਾਬੱਸੀ, ਲਖਵਿੰਦਰ ਸਿੰਘ ਵਾਸੀ ਡੇਰਾ ਕਲੋਨੀ ਅਤੇ ਹੋਰਨਾਂ ਨੇ ਆਪਣੀਆਂ ਰਜਿਸਟਰੀਆਂ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2011-12 ਦੌਰਾਨ ਗੁਲਸ਼ਨ ਨਾਮਕ ਵਿਅਕਤੀ ਤੋਂ ਪਲਾਟ ਖ਼ਰੀਦੇ ਸਨ। ਇਨ੍ਹਾਂ ਰਜਿਸਟਰੀਆਂ 'ਚ ਪਲਾਟਾਂ ਤੱਕ ਆਉਣ-ਜਾਣ ਲਈ 20 ਫੁੱਟ ਚੌੜੀ ‘ਗਲੀ-ਆਮ’ ਦਰਜ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਸ ਰਸਤੇ ਵਾਲੀ ਜਗ੍ਹਾ ’ਤੇ ਮਿੱਟੀ ਪਾ ਕੇ ਚਾਰਦੀਵਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਕਈ ਪਲਾਟ ਮਾਲਕਾਂ ਦਾ ਆਪਣੇ ਪਲਾਟਾਂ ਤੱਕ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ।
ਪਲਾਟ ਮਾਲਕਾਂ ਨੇ ਸਵਾਲ ਉਠਾਇਆ ਕਿ ਜਦੋਂ ਉਨ੍ਹਾਂ ਦੀਆਂ ਰਜਿਸਟਰੀਆਂ 'ਚ ਸਾਂਝਾ ਰਸਤਾ ਸਪੱਸ਼ਟ ਤੌਰ ’ਤੇ ਦਰਜ ਹੈ ਤਾਂ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਿਸ ਆਧਾਰ ’ਤੇ ਕੀਤੀ ਜਾ ਰਹੀ ਹੈ? ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਜਾਣੂੰ ਕਰਵਾਇਆ ਗਿਆ ਸੀ, ਪਰ ਕੁੱਝ ਦਿਨਾਂ ਬਾਅਦ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਸਾਰੀ ਦਾ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਵੀ ਕੀਤੀ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਲ ਰਿਕਾਰਡ ਅਤੇ ਰਜਿਸਟਰੀਆਂ ਦੀ ਜਾਂਚ ਕਰਕੇ ਜ਼ਮੀਨ ਦੀ ਸਰਕਾਰੀ ਤੌਰ ’ਤੇ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਕਿਸੇ ਵੀ ਪ੍ਰਭਾਵ ਹੇਠ ਆਏ ਬਿਨਾਂ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ।
ਜ਼ਮੀਨ ਕਾਨੂੰਨੀ ਤਰੀਕੇ ਨਾਲ ਖ਼ਰੀਦੀ ਹੈ : ਥਾਣਾ ਮੁਖੀ
ਦੂਜੇ ਪਾਸੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਉਕਤ ਜ਼ਮੀਨ ਗੁਲਸ਼ਨ ਤੋਂ ਕਾਨੂੰਨੀ ਤਰੀਕੇ ਨਾਲ ਖ਼ਰੀਦੀ ਹੈ ਅਤੇ ਇਸ ਸਬੰਧੀ ਸਾਰੇ ਦਸਤਾਵੇਜ਼ ਮੁਕੰਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਲਾਟ ਮਾਲਕਾਂ ਦੇ ਆਉਣ-ਜਾਣ ਲਈ ਪਿਛਲੇ ਪਾਸੇ ਵਾਲੀ ਗਲੀ ਮੌਜੂਦ ਹੈ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
