ਕੈਪਟਨ ਦਾ ਪੁਤਲਾ ਫੂਕਣ ਪੁੱਜੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਤਕਰਾਰ
Sunday, Mar 28, 2021 - 11:07 PM (IST)
ਜ਼ੀਰਕਪੁਰ (ਮੇਸ਼ੀ)-ਪੰਜਾਬ ਅੰਦਰ ਭਾਜਪਾ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਵਿਰੋਧ ਵਧਦਾ ਹੀ ਜਾ ਰਿਹਾ ਹੈ, ਜਿਸ ਕਰ ਕੇ ਭਾਜਪਾ ਦੇ ਆਗੂਆਂ ਦਾ ਘਰੋਂ ਬਾਹਰ ਆਉਣਾ ਵੀ ਮੁਸ਼ਕਲ ਹੁੰਦਾ ਜਾਪਣ ਲੱਗਾ ਹੈ। ਬੀਤੇ ਦਿਨੀਂ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਹਲਕਾ ਵਿਧਾਇਕ ਨਾਰੰਗ ਨਾਲ ਕੀਤੀ ਕੁੱਟਮਾਰ ਅਤੇ ਬਦਤਮੀਜ਼ੀ ਦੇ ਵਿਰੋਧ ਵਿਚ ਅੱਜ ਜ਼ੀਰਕਪੁਰ ਦੇ ਕੁਝ ਸਥਾਨਕ ਭਾਜਪਾ ਆਗੂਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਇਸ ਤਹਿਤ ਬਲਟਾਣਾ ਦੀ ਕਲਗੀਧਰ ਮਾਰਕੀਟ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਨਾ ਸੀ ਪਰ ਇਨ੍ਹਾਂ ਭਾਜਪਾ ਵਰਕਰਾਂ ਦੀਆਂ ਉਮੀਦਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਕੁਝ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਦੇ ਇਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਕਿਸਾਨ ਆਗੂ ਕਲਗੀਧਰ ਮਾਰਕੀਟ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਕਰ ਕੇ ਭਾਜਪਾ ਅਤੇ ਕਿਸਾਨਾਂ ਵਿਚਕਾਰ ਤਣਾਅ ਹੋਣ ਕਾਰਣ ਮਾਹੌਲ ਦਹਿਸ਼ਤ ਭਰਿਆ ਬਣ ਗਿਆ, ਜਿੱਥੇ ਭਾਰੀ ਪੁਲਸ ਫੋਰਸ ਲਗਾਈ ਗਈ। ਪੁਲਸ ਪ੍ਰਸ਼ਾਸਨ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੋਂ ਭਾਜਪਾ ਵਰਕਰਾਂ ਨੂੰ ਦੂਜੇ ਪਾਸੇ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ-ਰੇਲਵੇ ਦਾ ਯਾਤਰੀਆਂ ਲਈ ਵੱਡਾ ਐਲਾਨ, ਅਪ੍ਰੈਲ ਮਹੀਨੇ ਤੋਂ ਇਨ੍ਹਾਂ ਰੂਟਾਂ 'ਤੇ ਚੱਲ ਸਕਦੀਆਂ ਹਨ ਟਰੇਨਾਂ
ਇਸੇ ਦੌਰਾਨ ਇਕੱਠੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਭਾਜਪਾ ਵਰਕਰਾਂ ਵਲੋਂ ਜੋ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਕਲਗੀਧਰ ਮਾਰਕੀਟ ਵਿਚ ਰੱਖਿਆ ਗਿਆ ਸੀ, ਉਥੋਂ ਬਦਲ ਕੇ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਲੀਡਰ ਸੰਜੀਵ ਖੰਨਾ ਨੇ ਦੱਸਿਆ ਕਿ ਉਹ ਸਿਰਫ਼ ਪੰਜਾਬ ਸਰਕਾਰ ਦਾ ਵਿਰੋਧ ਕਰਨ ਆਏ ਹਨ ਅਤੇ ਕਿਸਾਨ ਜਥੇਬੰਦੀਆਂ ਵਿਰੁੱਧ ਕੁਝ ਨਹੀਂ ਬੋਲ ਰਹੇ। ਥਾਣਾ ਮੁਖੀ ਜ਼ੀਰਕਪੁਰ ਓਂਕਾਰ ਸਿੰਘ ਨੇ ਦੱਸਿਆ ਕਿ ਸਾਰੀ ਸਥਿਤੀ ਪੁਲਸ ਦੇ ਕੰਟਰੋਲ ਵਿਚ ਹੈ ਕਾਨੂੰਨ ਵਿਵਸਥਾ ਕਿਸੇ ਵੀ ਕੀਮਤ ’ਤੇ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ।