CM ਮਾਨ ਤੱਕ ਪੁੱਜਾ 'ਆਪ' ਵਿਧਾਇਕ ਤੇ DCP ਦਾ ਵਿਵਾਦ, ਪੁਲਸ ਕਮਿਸ਼ਨਰ ਸੰਧੂ ਦੀ ਸੂਝ-ਬੂਝ ਨੇ ਵਿਖਾਇਆ ਰੰਗ

09/23/2022 12:43:32 PM

ਜਲੰਧਰ (ਵਿਸ਼ੇਸ਼, ਧਵਨ)–ਜਲੰਧਰ ਵਿਚ ਬੁੱਧਵਾਰ ਦੀ ਰਾਤ ਜਿਸ ਤਰ੍ਹਾਂ ਨਾਲ ਹੰਗਾਮਾ ਹੋਇਆ, ਉਸ ਦੀ ਸਾਰੀ ਜਾਣਕਾਰੀ ਵੀਰਵਾਰ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਵੀ ਪਹੁੰਚ ਗਈ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀਆਂ ਨੇ ਵੀ ਜਲੰਧਰ ’ਚ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ. ਨਰੇਸ਼ ਡੋਗਰਾ ਵਿਚਕਾਰ ਪੈਦਾ ਹੋਏ ਵਿਵਾਦ ਬਾਰੇ ਜਾਣਕਾਰੀ ਹਾਸਲ ਕੀਤੀ।

ਕੈਬਨਿਟ ਮੰਤਰੀਆਂ ਨੂੰ ਜਲੰਧਰ ਤੋਂ ਜਿਹੜੀ ਰਿਪੋਰਟ ਗਈ, ਉਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੂਚਿਤ ਕੀਤਾ ਗਿਆ। ਮੁੱਖ ਮੰਤਰੀ ਨੇ ਵੀ ਸਿੱਧੇ ਰੂਪ ਵਿਚ ਇਹੀ ਸੰਦੇਸ਼ ਭੇਜਿਆ ਕਿ ਕਿਸੇ ਵੀ ਤਰ੍ਹਾਂ ਮਾਮਲੇ ਦਾ ਨਿਬੇੜਾ ਕੀਤਾ ਜਾਵੇ ਅਤੇ ਮੁੱਖ ਮੰਤਰੀ ਦੇ ਦਖ਼ਲ ਸਦਕਾ ਹੀ ਡੀ. ਸੀ. ਪੀ. ਨਰੇਸ਼ ਡੋਗਰਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਜਾ ਸਕਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੋਲ ਉਹ ਵੀਡੀਓ ਵੀ ਪਹੁੰਚਾ ਦਿੱਤੀ ਗਈ ਹੈ, ਜਿਸ ਵਿਚ ਪੁਲਸ ਅਧਿਕਾਰੀ ਨਰੇਸ਼ ਡੋਗਰਾ ਨੂੰ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲਿਓਂ ਕੱਢ ਕੇ ਲਿਜਾਂਦੇ ਵੇਖੇ ਗਏ। ਉੱਚ ਪੁਲਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਜੇਕਰ ਮੌਕੇ ’ਤੇ ਵਿਧਾਇਕ ਵੱਲੋਂ ਆਪਣੇ ਸਮਰਥਕਾਂ ਨੂੰ ਨਾ ਬੁਲਾਇਆ ਜਾਂਦਾ ਤਾਂ ਇਹ ਮਾਮਲਾ ਇੰਨਾ ਭੜਕਣਾ ਨਹੀਂ ਸੀ। ਜੇਕਰ ਕਮਿਸ਼ਨਰੇਟ ਪੁਲਸ ਨੇ ਮਾਮਲੇ ਦਾ ਨਿਬੇੜਾ ਨਾ ਕੀਤਾ ਹੁੰਦਾ ਤਾਂ ਹਾਲਾਤ ਖ਼ਰਾਬ ਹੋ ਸਕਦੇ ਸਨ।

ਇਹ ਵੀ ਪੜ੍ਹੋ: ਜਲੰਧਰ: MLA ਰਮਨ ਅਰੋੜਾ ਨਾਲ ਹੋਏ ਸਮਝੌਤੇ ਮਗਰੋਂ DCP ਡੋਗਰਾ ਦਾ ਤਬਾਦਲਾ, ਜਾਣੋ ਪੂਰੇ ਦਿਨ ਦਾ ਘਟਨਾਕ੍ਰਮ

PunjabKesari

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਸੂਝ-ਬੂਝ ਨੇ ਦਿਖਾਇਆ ਰੰਗ, ਸਾਰਾ ਦਿਨ ਉੱਚ ਅਧਿਕਾਰੀਆਂ ਦੇ ਸੰਪਰਕ ’ਚ ਰਹੇ ਕਮਿਸ਼ਨਰ

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਸੂਝ-ਬੂਝ ਨੇ ਰੰਗ ਵਿਖਾਇਆ ਹੈ। ਬੁੱਧਵਾਰ ਰਾਤ ਜਦੋਂ ਵਿਧਾਇਕ ਰਮਨ ਅਰੋੜਾ ਅਤੇ ਡੀ. ਸੀ. ਪੀ. ਨਰੇਸ਼ ਡੋਗਰਾ ਵਿਚਕਾਰ ਵਿਵਾਦ ਪੈਦਾ ਹੋਇਆ ਤਾਂ ਬਣੇ ਹਾਲਾਤ ਨੂੰ ਸੰਭਾਲਣ ਲਈ ਪੁਲਸ ਕਮਿਸ਼ਨਰ ਸੰਧੂ ਨੇ ਅਧਿਕਾਰੀਆਂ ਨਾਲ ਤਾਲਮੇਲ ਬਿਠਾਉਂਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਨਾਲ ਹੀ ਮੌਕੇ ਤੋਂ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਕਢਵਾਉਣ ਵਿਚ ਮਦਦ ਕੀਤੀ ਕਿਉਂਕਿ ਜੇਕਰ ਨਰੇਸ਼ ਡੋਗਰਾ ਮੌਕੇ ’ਤੇ ਮੌਜੂਦ ਰਹਿ ਜਾਂਦੇ ਤਾਂ ਟਕਰਾਅ ਕਾਫ਼ੀ ਹਿੰਸਕ ਰੂਪ ਧਾਰ ਸਕਦਾ ਸੀ।

PunjabKesari

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਪੰਜਾਬ ਪੁਲਸ ਦੇ ਚੰਡੀਗੜ੍ਹ ਹੈੱਡਕੁਆਰਟਰ ਸਥਿਤ ਅਧਿਕਾਰੀਆਂ ਨੂੰ ਵੀ ਸਾਰੀ ਘਟਨਾ ਦੀ ਮੌਕੇ ’ਤੇ ਜਾਣਕਾਰੀ ਦੇ ਦਿੱਤੀ ਸੀ। ਉਥੇ ਹੀ, ਇਸ ਘਟਨਾਕ੍ਰਮ ਨੂੰ ਲੈ ਕੇ ਚੰਡੀਗੜ੍ਹ ਸਥਿਤ ਸੀਨੀਅਰ ਪੁਲਸ ਅਧਿਕਾਰੀਆਂ ਦਾ ਵੀ ਇਹੀ ਮਤ ਸੀ ਕਿ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਵਧਣ ਤੋਂ ਰੋਕਿਆ ਜਾਵੇ ਅਤੇ ਸ਼ਹਿਰ ਵਿਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਬਰਕਰਾਰ ਰਹਿਣੀ ਚਾਹੀਦੀ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੀ ਖ਼ੁਦ ਜਲੰਧਰ ਦੇ ਘਟਨਾਕ੍ਰਮ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ ਅਤੇ ਉਹ ਘਟਨਾ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਪਲ-ਪਲ ਦੀ ਜਾਣਕਾਰੀ ਲੈਂਦੇ ਰਹੇ। ਬੇਸ਼ੱਕ ਬੀਤੀ ਰਾਤ ਮਾਮਲਾ ਕਾਫ਼ੀ ਹਿੰਸਕ ਹੋ ਗਿਆ ਸੀ ਪਰ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਸੂਝ-ਬੂਝ ਨਾਲ ਵੀਰਵਾਰ ਸਾਰਾ ਦਿਨ ਸ਼ਾਂਤੀ ਬਣੀ ਰਹੀ। ਦੋਵਾਂ ਧਿਰਾਂ ਨੇ ਆਪਸੀ ਸਹਿਣਸ਼ੀਲਤਾ ਬਣਾਈ ਹੋਈ ਸੀ।

ਇਹ ਵੀ ਪੜ੍ਹੋ: ‘ਆਪ’ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਭਾਜਪਾ ਨੇ ਦੱਸਿਆ ਫਰਜ਼ੀ, ‘ਆਪਰੇਸ਼ਨ ਲੋਟਸ’ ’ਤੇ ਕਹੀ ਇਹ ਗੱਲ

PunjabKesari

ਵਿਧਾਇਕ ਰਮਨ ਅਰੋੜਾ ਜਿੱਥੇ ਸਵੇਰੇ ਚੰਡੀਗੜ੍ਹ ਚਲੇ ਗਏ ਸਨ ਅਤੇ ਦੂਜੇ ਪਾਸੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਇਸ ਮਾਮਲੇ ਦਾ ਹੱਲ ਕੱਢਣ ਲਈ ਸਾਰਾ ਦਿਨ ਲੱਗੇ ਰਹੇ ਅਤੇ ਸਮੇਂ-ਸਮੇਂ ’ਤੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਰਹੇ, ਜਿਸ ਕਾਰਨ ਦੇਰ ਸ਼ਾਮ ਤੱਕ ਪੁਲਸ ਕਮਿਸ਼ਨਰ ਖ਼ੁਦ ਆਪਣੇ ਦਫ਼ਤਰ ਵਿਚ ਮੌਜੂਦ ਰਹੇ। ਪੁਲਸ ਕਮਿਸ਼ਨਰ ਨੇ ਜਿਸ ਤਰ੍ਹਾਂ ਨਾਲ ਆਪਣੇ ਅਧਿਕਾਰੀਆਂ ਪ੍ਰਤੀ ਸਟੈਂਡ ਲਿਆ ਅਤੇ ਉਪਰੋਂ ਹੈੱਡਕੁਆਰਟਰ ਤੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਦਾ ਰਿਹਾ, ਉਸ ਦੀ ਸਮੁੱਚੇ ਪੁਲਸ ਅਧਿਕਾਰੀਆਂ ਅਤੇ ਫੋਰਸ ਨੇ ਸ਼ਲਾਘਾ ਵੀ ਕੀਤੀ। ਸੀਨੀਅਰ ਪੁਲਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਸ ਮਾਮਲੇ ਨੂੰ ਰੋਕਿਆ ਜਾ ਸਕਦਾ ਸੀ। ਇਹ ਮਾਮਲਾ ਗੈਰ-ਜ਼ਰੂਰੀ ਤੌਰ ’ਤੇ ਤੂਲ ਫੜ ਗਿਆ। ਹੁਣ ਪੁਲਸ ਇਹ ਜਾਂਚ ਕਰੇਗੀ ਕਿ ਆਖਿਰ ਮਾਮਲੇ ਨੂੰ ਇੰਨਾ ਤੂਲ ਕਿਉਂ ਦਿੱਤਾ ਗਿਆ। ਉਸ ਤੋਂ ਬਾਅਦ ਸਾਰੀ ਰਿਪੋਰਟ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਸਥਿਤ ਪੁਲਸ ਹੈੱਡਕੁਆਰਟਰ ਨੂੰ ਵੀ ਭੇਜੀ ਜਾਵੇਗੀ।

ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ, ਕੀਤਾ ਵੱਡਾ ਖ਼ੁਲਾਸਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 

 


shivani attri

Content Editor

Related News