ਸਰਕਾਰੀ ਬੱਸਾਂ ਨੂੰ ਲੈ ਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ, ਸਾਂਝੀ ਕੀਤੀ ਅਹਿਮ ਜਾਣਕਾਰੀ

05/17/2023 5:35:43 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਬੱਸ ਸੇਵਾ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਅਧੀਨਬਾਜ਼ਾਰੀ ਕੀਮਤ ਨਾਲੋਂ ਘੱਟ ਮੁੱਲ 'ਤੇ ਡੀਜ਼ਲ ਖ਼ਰੀਦਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਨਾਲ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਅਧੀਨ ਸਰਕਾਰ ਨੂੰ 2.29 ਰੁਪਏ ਪ੍ਰਤੀ ਲੀਟਰ ਘੱਟ ਮੁੱਲ 'ਤੇ ਡੀਜ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਮਝੌਤੇ ਅਧੀਨ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੀ. ਆਰ. ਟੀ. ਸੀ. ਦੇ 9 ਡਿਪੂਆਂ ਅਤੇ ਪੰਜਾਬ ਰੋਡਵੇਜ਼/ਪਨਬੱਸ ਦੇ 18 ਡਿਪੂਆਂ ’ਚ ਲੱਗੇ ਆਪਣੇ ਡੀਜ਼ਲ ਡਿਸਪੈਂਸਿੰਗ ਯੂਨਿਟਾਂ ਰਾਹੀਂ 3 ਅਪ੍ਰੈਲ ਤੋਂ 15 ਮਈ, 2023 ਤੱਕ ਸਰਕਾਰੀ ਬੱਸਾਂ ਲਈ 78.77 ਲੱਖ ਲੀਟਰ ਡੀਜ਼ਲ ਮੁਹੱਈਆ ਕਰਵਾਇਆ ਅਤੇ ਘੱਟ ਕੀਮਤ 'ਤੇ ਤੇਲ ਲੈ ਕੇ ਟਰਾਂਸਪੋਰਟ ਵਿਭਾਗ ਨੂੰ ਕਰੀਬ ਡੇਢ ਮਹੀਨੇ ਦੇ ਇਸ ਅਰਸੇ ਦੌਰਾਨ ਹੀ 1 ਕਰੋੜ 80 ਲੱਖ 38 ਹਜ਼ਾਰ ਰੁਪਏ ਦਾ ਫ਼ਾਇਦਾ ਪਹੁੰਚਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ’ਚ ਪੰਜਾਬ ਰੋਡਵੇਜ਼/ਪਨਬੱਸ ਦੀਆਂ 1840 ਅਤੇ ਪੀ. ਆਰ. ਟੀ. ਸੀ. ਦੀਆਂ 1230 ਬੱਸਾਂ ਚਲ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵਧੀਆਂ ਬਿਜਲੀ ਦਰਾਂ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਬਿਆਨ ਆਇਆ ਸਾਹਮਣੇ    

ਉਨ੍ਹਾਂ ਦੱਸਿਆ ਕਿ ਜੇਕਰ ਬੱਸਾਂ ਦੀ ਗਿਣਤੀ ਅਤੇ ਤੇਲ ਦੀ ਬਾਜ਼ਾਰੀ ਕੀਮਤ ਅੱਜ ਮੁਤਾਬਕ ਹੀ ਰਹਿੰਦੀ ਹੈ ਤਾਂ ਪ੍ਰਤੀ ਮਹੀਨਾ 1 ਕਰੋੜ 25 ਲੱਖ ਰੁਪਏ ਦੀ ਬੱਚਤ ਮੁਤਾਬਕ ਟਰਾਂਸਪੋਰਟ ਵਿਭਾਗ ਨੂੰ ਇਸ ਵਿੱਤੀ ਵਰ੍ਹੇ ਦੌਰਾਨ ਅੰਦਾਜ਼ਨ 15 ਕਰੋੜ ਰੁਪਏ ਤੋਂ ਵੱਧ ਦਾ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਕੀਤੇ ਸਮਝੌਤੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ 30 ਨਵੰਬਰ, 2024 ਤੱਕ ਟਰਾਂਸਪੋਰਟ ਵਿਭਾਗ ਨੂੰ ਡੀਜ਼ਲ ਮੁਹੱਈਆ ਕਰਵਾਏਗੀ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸਰਕਾਰੀ ਬੱਸ ਸਰਵਿਸ ਹਮੇਸ਼ਾ ਘਾਟੇ ’ਚ ਰਹਿੰਦੀ ਸੀ ਪਰ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ’ਚ ਸੱਤਾ ਸੰਭਾਲੀ ਹੈ, ਉਦੋਂ ਤੋਂ ਸਰਕਾਰੀ ਬੱਸ ਸਰਵਿਸ ਮੁਨਾਫ਼ੇ ਵਿੱਚ ਜਾ ਰਹੀ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਦੀਆਂ ਵਾਲਵੋ ਬੱਸਾਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚਲ ਰਹੀਆਂ ਹਨ। ਇਸੇ ਤਰ੍ਹਾਂ ਅੰਤਰ-ਰਾਜੀ ਬੱਸ ਸਰਵਿਸ ਅਧੀਨ ਹੋਰਨਾਂ ਸੂਬਿਆਂ ਵੱਲ ਨਵੀਆਂ ਬੱਸਾਂ ਚਲਾਈਆਂ ਗਈਆਂ ਹਨ। ਟਰਾਂਸੋਪਰਟ ਮੰਤਰੀ ਨੇ ਦੱਸਿਆ ਕਿ ਅਪ੍ਰੈਲ 2023 ਤੋਂ ਪਹਿਲਾਂ ਸਰਕਾਰੀ ਬੱਸਾਂ ’ਚ ਰਿਟੇਲ ਖੇਤਰ ਤੋਂ ਤੇਲ ਪੁਆਇਆ ਜਾ ਰਿਹਾ ਸੀ ਪਰ ਹੁਣ ਸਰਕਾਰ ਨੇ ਬਲਕ ਖੇਤਰ ਤੋਂ ਸਿੱਧਾ ਤੇਲ ਲੈਣਾ ਸ਼ੁਰੂ ਕਰ ਦਿੱਤਾ ਹੈ ਕਿਉਂ ਜੋ ਬਲਕ ਅਤੇ ਰਿਟੇਲ ਖੇਤਰ ’ਚ ਤੇਲ ਦੀਆਂ ਕੀਮਤਾਂ 'ਚ 2.29 ਰੁਪਏ ਦਾ ਸਿੱਧਾ-ਸਿੱਧਾ ਫ਼ਰਕ ਹੈ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡੇਵਜ਼/ਪਨਬੱਸ ਦੀਆਂ ਬੱਸਾਂ ਵਿੱਚ ਰੋਜ਼ਾਨਾ ਕਰੀਬ 1.83 ਲੱਖ ਲੀਟਰ ਤੇਲ ਦੀ ਖਪਤ ਹੁੰਦੀ ਹੈ। ਇਸ ਤਰ੍ਹਾਂ ਦੋਵਾਂ ਅਦਾਰਿਆਂ ਨੂੰ ਅੰਦਾਜ਼ਨ 4.20 ਲੱਖ ਰੁਪਏ ਰੋਜ਼ਾਨਾ ਦੀ ਬੱਚਤ ਹੋਣੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਗੁਰੂਗ੍ਰਾਮ ਦੇ ਕਾਰਪੋਰੇਟ ਦਫਤਰਾਂ ’ਚ ਛਲਕਣਗੇ ਵਾਈਨ ਦੇ ਜਾਮ, ਬੀਅਰ ਦਾ ਵੀ ਹੋਵੇਗਾ ਪੂਰਾ ਇੰਤਜ਼ਾਮ!    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News