ਜਾਨ ਜੋਖਮ ''ਚ ਪਾ ਕੇ ਛੱਪੜਾਂ ਦੀ ਸਫਾਈ ਕਰ ਰਹੇ ਨੇ ਮਨਰੇਗਾ ਮਜ਼ਦੂਰ
Sunday, Jun 21, 2020 - 04:22 PM (IST)
ਬਨੂੜ (ਗੁਰਪਾਲ) : ਸੂਬੇ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਹੁਕਮਾਂ ਅਨੁਸਾਰ ਅੱਜ-ਕੱਲ੍ਹ ਪਿੰਡਾਂ 'ਚ ਸਥਿਤ ਛੱਪੜਾਂ ਦੀ ਸਫ਼ਾਈ ਮਨਰੇਗਾ ਮਜ਼ਦੂਰਾਂ ਵੱਲੋਂ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਦਿੱਤੇ ਗਏ ਇਨ੍ਹਾਂ ਹੁਕਮਾਂ ਮੁਤਾਬਕ ਨੇੜਲੇ ਪਿੰਡ ਨਡਿਆਲੀ ਵਿਖੇ ਮਨਰੇਗਾ ਮਜਦੂਰਾਂ ਵੱਲੋਂ ਆਪਣੀ ਜਾਨ ਜੋਖਮ 'ਚ ਪਾ ਕੇ ਛੱਪੜ ਦੀ ਸਫ਼ਾਈ ਕੀਤੀ ਜਾ ਰਹੀ ਹੈ ਕਿਉਂਕਿ ਮਹਿਕਮੇ ਵੱਲੋਂ ਹੱਥਾਂ 'ਚ ਪਾਉਣ ਲਈ ਦਸਤਾਨੇ ਮੁਹੱਈਆ ਨਹੀਂ ਕਰਵਾਏ ਗਏ, ਜਿਸ ਕਾਰਨ ਮਨਰੇਗਾ ਮਜ਼ਦੂਰ ਕਦੇ ਵੀ ਸਫਾਈ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਮਨਰੇਗਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਛੱਪੜ 'ਚੋਂ ਕੱਢੀ ਜਾ ਰਹੀ ਬੂਟੀ 'ਚ ਸੱਪ ਅਤੇ ਹੋਰ ਜ਼ਹਿਰੀਲੇ ਜੀਵ-ਜੰਤੂ ਰਹਿੰਦੇ ਹਨ ਅਤੇ ਉਹ ਇਸ ਬੂਟੀ ਨੂੰ ਨੰਗੇ ਹੱਥੀਂ ਕੱਢਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਣ ਲਈ ਹੱਥਾਂ 'ਚ ਪਾਉਣ ਲਈ ਦਸਤਾਨੇ ਤੇ ਮਾਸਕ ਮੁਹੱਈਆ ਕਰਵਾਉਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਮਨਰੇਗਾ ਮਜਦੂਰਾਂ ਵੱਲੋਂ ਛੱਪੜ ਦੀ ਸਫਾਈ ਕਰਦੇ ਬਹੁਤੇ ਮਜ਼ਦੂਰਾਂ ਵੱਲੋਂ ਨਾ ਤਾਂ ਮਾਸਕ ਪਾਏ ਹੋਏ ਸਨ ਤੇ ਨਾ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ, ਜੋ ਕਿ ਸਰਕਾਰ ਤੇ ਸਿਹਤ ਮਹਿਕਮੇ ਵੱਲੋਂ ਜਾਰੀ ਸਾਵਧਾਨੀਆਂ ਦੀ ਘੋਰ ਉਲੰਘਣਾ ਹੈ।