ਵਿਦਿਆ ਦੇ ਮੰਦਰ ਸਾਹਮਣੇ ਲੱਗੇ ਗੰਦਗੀ ਤੇ ਕੂੜੇ ਦੇ ਢੇਰ

11/25/2017 4:44:36 AM

ਸੁਲਤਾਨਪੁਰ ਲੋਧੀ, (ਧੀਰ)- ਪਵਿੱਤਰ ਨਗਰੀ ਦੇ ਰੇਲਵੇ ਰੋਡ 'ਤੇ ਸਥਿਤ ਇਕ ਵਿਦਿਆ ਮੰਦਰ ਦੇ ਸਾਹਮਣੇ ਲੱਗੇ ਕੂੜੇ ਤੇ ਗੰਦਗੀ ਦੇ ਢੇਰ ਜਿਥੇ ਪ੍ਰਧਾਨ ਮੰਤਰੀ ਸਵੱਛ ਭਾਰਤ ਯੋਜਨਾ ਦੀ ਪੋਲ ਖੋਲ੍ਹ ਰਹੇ ਹਨ, ਉਥੇ ਇਹ ਨਗਰ ਕੌਂਸਲ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਰਹੇ ਹਨ, ਜਿਸ ਕਾਰਨ ਆਸ-ਪਾਸ ਦੇ ਮੁਹੱਲਾ ਨਿਵਾਸੀ, ਦੁਕਾਨਦਾਰਾਂ ਤੇ ਸਿੱਖਿਆ ਵਿਦਵਾਨਾਂ 'ਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ।  ਮੁਹੱਲਾ ਠਾਕੁਰਾਂ ਤੇ ਮੁਹੱਲਾ ਮੋਰੀ ਨਿਵਾਸੀ ਰਾਣਾ ਪ੍ਰਤਾਪ, ਸੰਦੀਪ ਥਿੰਦ, ਜਰਨੈਲ ਸਿੰਘ, ਮੁਲਖ ਰਾਜ, ਜਸਪਾਲ ਸਿੰਘ ਬਾਬਾ, ਸੂਰਜ ਕੁਮਾਰ, ਦੀਪਕ ਕੁਮਾਰ, ਨੰਦ ਲਾਲ, ਸੁਨੀਲ ਧੀਰ ਸਿੱਖਿਆ ਮਾਹਿਰ ਮਾਸਟਰ ਰਵਿੰਦਰ ਠਾਕੁਰ ਆਦਿ ਨੇ ਕਿਹਾ ਕਿ ਪਹਿਲਾਂ ਤਾਂ ਮੁਹੱਲਿਆਂ ਨੂੰ ਜਾਂਦੇ ਰਸਤੇ 'ਤੇ ਸਕੂਲ ਦੇ ਸਾਹਮਣੇ ਕੂੜੇ ਦੇ ਢੇਰ ਲਗਾਉਣਾ ਹੀ ਗਲਤ ਹੈ, ਕਿਉਂÎਕ ਇਨ੍ਹਾਂ ਕੂੜੇ ਦੇ ਢੇਰਾਂ ਨਾਲ ਜਿਥੇ ਬਦਬੂ ਕਾਰਨ ਉਥੋਂ ਦੀ ਗੁਜ਼ਰਨਾ ਮੁਸ਼ਕਿਲ ਹੋ ਜਾਂਦਾ ਹੈ, ਉਥੇ ਸਵੇਰੇ ਸਕੂਲ 'ਚ ਜਾਂਦੇ ਬੱਚਿਆਂ ਦੇ ਮਨਾਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਇਹ ਪ੍ਰਸ਼ਾਸਨਿਕ ਅਧਿਕਾਰੀ ਹੱਥਾਂ 'ਚ ਝਾੜੂ ਫੜ ਕੇ ਸਿਰਫ ਫੋਟੋ ਖਿਚਵਾ ਜਾਂਦੇ ਹਨ, ਜਦਕਿ ਹਕੀਕਤ 'ਚ ਕੋਈ ਵੀ ਅਮਲ ਨਹੀਂ ਹੁੰਦਾ।
ਮੁਹੱਲਾ ਵਾਸੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਨੂੰ ਜਾਣ ਵਾਲਾ ਇਹ ਪ੍ਰਮੁੱਖ ਰੋਡ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਯਾਤਰੀ ਰੇਲਵੇ ਰਾਹੀਂ ਉਤਰ ਕੇ ਇਸ ਮਾਰਗ ਰਾਹੀਂ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਕੂੜੇ ਦੇ ਨਜ਼ਦੀਕ ਹੀ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਬਦਬੂ  ਕਾਰਨ ਸਾਡਾ ਤਾਂ ਕਾਰੋਬਾਰ ਹੀ ਚੌਪਟ ਹੋ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਕਾਲੀ-ਭਾਜਪਾ ਸਰਕਾਰ ਸਮੇਂ ਅਜਿਹਾ ਇਕ ਵਾਰ ਹੋਇਆ ਸੀ ਪਰ ਬਾਅਦ 'ਚ ਪ੍ਰਸ਼ਾਸਨ ਨੇ ਇਸ ਨੂੰ ਉਥੋਂ ਹਟਾ ਦਿੱਤਾ ਸੀ। ਉਨ੍ਹਾਂ ਸਥਾਨਕ ਨਗਰ ਕੌਂਸਲ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਗ੍ਹਾ 'ਤੇ ਸਫਾਈ ਸੇਵਕ ਕਰਮਚਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕਿਆ ਜਾਵੇ, ਤਾਂਕਿ ਸਕੂਲ ਪੜ੍ਹਦੇ ਬੱਚਿਆਂ, ਦੁਕਾਨਦਾਰਾਂ ਤੇ ਲੋਕਾਂ ਨੂੰ ਰਾਹਤ ਮਿਲ ਸਕੇ।
 


Related News