ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਨਸ਼ੇ ਖਿਲਾਫ ਕਾਰਵਾਈ, ਸ਼ਾਨਦਾਰ ਰਹੀ ''ਦਿਨਕਰ ਗੁਪਤਾ'' ਦੀ ਅਗਵਾਈ
Wednesday, Jan 22, 2020 - 12:28 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਪੁਲਸ ਲਈ ਬਾਰਡਰ ਏਰੀਆ ਵਿਚ ਖਤਰਾ ਬਣੇ ਡਰੋਨਜ਼ ਨਾਲ ਸਮੱਗਲਿੰਗ, ਬਾਰਡਰ ਕਰਾਸਿੰਗ ਦਾ ਮਾਮਲਾ ਹੋਵੇ ਜਾਂ ਗੈਂਗਸਟਰਾਂ ਨੂੰ ਫੜ੍ਹਨ ਦਾ ਜੋ ਪੰਜਾਬ ਲਈ ਕਾਫੀ ਚੈਲੰਜਿੰਗ ਸੀ, ਜਿਸ ਨੂੰ ਡੀ. ਜੀ. ਪੀ. ਵਜੋਂ ਨਿਯੁਕਤੀ ਤੋਂ ਬਾਅਦ ਦਿਨਕਰ ਗੁਪਤਾ ਸ਼ਾਨਦਾਰ ਢੰਗ ਨਾਲ ਨਿਭਾ ਰਹੇ ਹਨ। 7 ਫਰਵਰੀ 2019 ਨੂੰ ਦਿਨਕਰ ਗੁਪਤਾ ਦੇ ਹੱਥਾਂ ਵਿਚ ਜਦੋਂ ਪੰਜਾਬ ਪੁਲਸ ਦੀ ਕਮਾਨ ਆਈ ਉਦੋਂ ਤੋਂ ਪੰਜਾਬ ਪੁਲਸ ਵਿਚ ਕਈ ਤਰ੍ਹਾਂ ਨਾਲ ਨਵੀਂ ਸ਼ੁਰੂਆਤ ਵੀ ਹੋਈ ਅਤੇ ਕ੍ਰਾਈਮ ਨੂੰ ਕੰਟਰੋਲ ਕਰਨ ਵਿਚ ਵੀ ਸਫਲਤਾ ਹਾਸਲ ਹੋਈ। ਜ਼ਮੀਨੀ ਪੱਧਰ 'ਤੇ ਗੈਂਗਸਟਰਾਂ ਅਤੇ ਅੱਤਵਾਦ ਫੈਲਾਉਣ ਵਾਲਿਆਂ ਨਾਲ ਲੋਹਾ ਲੈਣ ਦੇ ਨਾਲ-ਨਾਲ ਪੰਜਾਬ ਪੁਲਸ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਇਕ ਨਵੀਂ ਤਰ੍ਹਾਂ ਦੇ ਖਤਰੇ ਬਾਰੇ ਵੀ ਪੂਰੇ ਦੇਸ਼ ਦੀਆਂ ਏਜੰਸੀਆਂ ਨੂੰ ਚਿਤਾਵਨੀ ਦਿੱਤੀ। ਇਹ ਪੰਜਾਬ ਪੁਲਸ ਦੀ ਵੱਡੀ ਉਪਲੱਬਧੀ ਹੈ।
ਗੈਂਗਸਟਰਾਂ ਦੀ ਫੜ੍ਹੋ-ਫੜ੍ਹੀ
ਨਸ਼ਾ ਸਮੱਗਲਰਾਂ ਤੇ ਗੈਂਗਸਟਰਾਂ ਖਿਲਾਫ ਕਾਰਵਾਈ 'ਚ ਜੁਟੀ ਪੰਜਾਬ ਪੁਲਸ ਵਲੋਂ ਸਾਲ 2019 ਦੌਰਾਨ ਕਈ ਸਫਲਤਾਵਾਂ ਦੇ ਝੰਡੇ ਗੱਡੇ ਗਏ। ਪੁਲਸ ਵਲੋਂ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਰਮੀਨੀਆ ਤੋਂ ਡਿਪੋਟ ਕਰਵਾ ਕੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ। ਮੋਸਟ ਵਾਂਟੇਡ ਗੈਂਗਸਟਰਾਂ ਵਿਚ ਸ਼ਾਮਲ ਬੁੱਢਾ ਕਈ ਮਾਮਲਿਆਂ ਵਿਚ ਲੋੜੀਂਦਾ ਸੀ ਤੇ ਉਸ ਨੂੰ ਪੰਜਾਬ ਲਿਆ ਕੇ ਕੀਤੀ ਗਈ ਪੁੱਛਗਿਛ ਦੇ ਆਧਾਰ 'ਤੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿਚ ਚੰਡੀਗੜ੍ਹ ਪਾਸਪੋਰਟ ਦਫਤਰ ਵਿਚ ਤਾਇਨਾਤ ਰਹੇ ਅਤੇ ਸੁੱਖਾ ਨੂੰ ਵਿਦੇਸ਼ ਭੱਜਣ ਵਿਚ ਮਦਦ ਕਰਨ ਵਾਲਾ ਵਿਅਕਤੀ ਵੀ ਸ਼ਾਮਲ ਸੀ।
ਇਸ ਤੋਂ ਇਲਾਵਾ ਇਕ ਹਿੰਦੂ ਨੇਤਾ ਦਾ ਅੰਮ੍ਰਿਤਸਰ ਵਿਚ ਕਤਲ ਕਰਨ ਵਾਲੇ ਗੈਂਗਸਟਰ ਸ਼ੁਭਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਕਿ ਅਹਿਮ ਗ੍ਰਿਫਤਾਰੀ ਸੀ। ਕਈ ਹੱਤਿਆਵਾਂ, ਲੁੱਟ-ਖੋਹ ਅਤੇ ਹੋਰ ਮਾਮਲਿਆਂ ਵਿਚ ਲੋੜੀਂਦੇ ਖਤਰਨਾਕ ਗੈਂਗਸਟਰ ਅੰਕਿਤ ਭਾਦੂ ਨੂੰ ਵੀ ਜ਼ੀਰਕਪੁਰ ਵਿਚ ਹੋਏ ਮੁਕਾਬਲੇ ਵਿਚ 'ਅੰਜਾਮ ਤਕ' ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਤਕਰੀਬਨ 906 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਕੇ 562 ਹਥਿਆਰ ਬਰਾਮਦ ਕੀਤੇ ਗਏ ਅਤੇ 223 ਵਾਹਨ ਕਬਜ਼ੇ ਵਿਚ ਲਏ ਗਏ।
ਨਸ਼ਾ ਤੇ ਹਥਿਆਰ ਸਮੱਗਲਰਾਂ ਵਲੋਂ ਡਰੋਨ ਦੀ ਵਰਤੋਂ ਦਾ ਲਾਇਆ ਪਤਾ
ਸਤੰਬਰ ਮਹੀਨੇ ਦੌਰਾਨ ਪੰਜਾਬ ਪੁਲਸ ਨੇ ਇਕ ਅਜਿਹੇ ਮਾਮਲੇ ਦਾ ਖੁਲਾਸਾ ਕੀਤਾ ਜਿਸ ਨਾਲ ਪੂਰੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਜ਼ਮੀਨ ਦੇ ਨਾਲ-ਨਾਲ ਅਸਮਾਨ 'ਚ ਵੀ ਕੰਮ 'ਤੇ ਲੱਗ ਗਈਆਂ। ਪੰਜਾਬ ਪੁਲਸ ਨੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਮੈਂਬਰਾਂ ਨੂੰ ਅੱਤਵਾਦੀ ਸਰਗਰਮੀਆਂ ਲਈ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ ਏ. ਕੇ. 47 ਰਾਈਫਲਾਂ, ਹੈਂਡ ਗ੍ਰਨੇਡ, 4 ਚਾਈਨੀਜ਼ ਪਿਸਤੌਲ, 5 ਸੈਟੇਲਾਈਟ ਫੋਨ ਅਤੇ ਵਾਇਰਲੈਸ ਸੈੱਟ ਬਰਾਮਦ ਹੋਏ। ਇਨ੍ਹਾਂ ਕੋਲ ਇਹ ਸਾਰਾ ਸਾਮਾਨ ਪਾਕਿਸਤਾਨ ਵਿਚ ਬੈਠੇ ਇਨ੍ਹਾਂ ਦੇ ਆਕਾਵਾਂ ਵਲੋਂ ਡਰੋਨਜ਼ ਜ਼ਰੀਏ ਭੇਜੇ ਜਾਣ ਦਾ ਸਨਸਨੀਖੇਜ਼ ਮਾਮਲੇ ਸਾਹਮਣੇ ਆਇਆ। ਪੰਜਾਬ ਪੁਲਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੋ ਡਰੋਨ ਬਰਾਮਦ ਕੀਤੇ। ਬੇਹੱਦ ਸੰਵੇਦਨਸ਼ੀਲ ਅਤੇ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੋਣ ਕਾਰਣ ਪੂਰੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਲਈ ਪੰਜਾਬ ਪੁਲਸ ਦਾ ਰੁਖ਼ ਕੀਤਾ ਅਤੇ ਆਖਿਰਕਾਰ ਡਰੋਨਜ਼ ਨੂੰ ਲੈ ਕੇ ਕੇਂਦਰ ਸਰਕਾਰ ਦੇ ਪੱਧਰ 'ਤੇ ਪਾਲਿਸੀ ਦਾ ਨਿਰਮਾਣ ਹੋ ਸਕਿਆ। ਪੰਜਾਬ ਦੇ ਬਾਰਡਰ 'ਤੇ ਵਾਪਰੀਆਂ ਇਨ੍ਹਾਂ ਘਟਨਾਵਾਂ ਕਾਰਣ ਜੰਮੂ-ਕਸ਼ਮੀਰ ਵਿਚ ਪੈਂਦੇ ਪਾਕਿਸਤਾਨ ਦੇ ਬਾਰਡਰ 'ਤੇ ਵੀ ਚੌਕਸੀ ਵਧਾਉਣੀ ਪਈ।
550ਵੇਂ ਪ੍ਰਕਾਸ਼ ਪੁਰਬ ਵਰਗਾ ਅਹਿਮ ਆਯੋਜਨ ਅਤੇ ਲੋਕ ਸਭਾ ਚੋਣਾਂ ਵੀ ਸ਼ਾਂਤੀ ਨਾਲ ਹੋਈਆਂ
ਪੰਜਾਬ ਤੇ ਦੇਸ਼ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਜੁੜੇ ਆਯੋਜਨ ਬਹੁਤ ਅਹਿਮੀਅਤ ਰੱਖਦੇ ਸਨ ਅਤੇ ਸੁਰੱਖਿਆ ਦੇ ਲਿਹਾਜ ਨਾਲ ਬਹੁਤ ਹੀ ਮਹੱਤਵਪੂਰਨ ਇਨ੍ਹਾਂ ਆਯੋਜਨਾਂ ਲਈ ਪੰਜਾਬ ਪੁਲਸ ਵਲੋਂ ਫੁਲ ਪਰੂਫ ਅਰੇਂਜਮੈਂਟ ਕੀਤੇ ਗਏ ਅਤੇ ਤਕਨੀਕ ਤੇ ਤਜਰਬੇ ਦੇ ਤਾਲਮੇਲ ਨਾਲ ਹੋਏ ਸਾਰੇ ਆਯੋਜਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਵਿਚ ਭਰਪੂਰ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਇਸ ਦੌਰਾਨ ਲੋਕ ਸਭਾ ਚੋਣਾਂ ਦੀ ਗਹਿਮਾ-ਗਹਿਮੀ ਨੂੰ ਵੀ ਪੰਜਾਬ ਪੁਲਸ ਵਲੋਂ ਸ਼ਾਂਤੀਪੂਰਨ ਢੰਗ ਨਾਲ ਸੰੰਪੰਨ ਕਰਵਾਇਆ ਗਿਆ ਤੇ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਵੋਟਾਂ ਬਹੁਤ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਹੋਈਆਂ।
ਬਿਨਾਂ ਕਿਸੇ ਵਾਧੂ ਖਰਚੇ ਦੇ ਵਧਾਈ ਪੰਜਾਬ ਪੁਲਸ ਦੀ ਨਫਰੀ
ਮਈ ਮਹੀਨੇ ਦੌਰਾਨ ਸ਼ੁਰੂ ਕੀਤੇ ਗਏ 'ਬੈਕ ਟੂ ਪੁਲਸ ਸਟੇਸ਼ਨਜ਼' ਪ੍ਰੋਗਰਾਮ ਦੇ ਤਹਿਤ ਤਕਰੀਬਨ 7000 ਪੁਲਸ ਮੁਲਾਜ਼ਮਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਤੋਂ ਹਟਾ ਕੇ ਥਾਣਿਆਂ ਵਿਚ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਵੀ. ਆਈ. ਪੀਜ਼ ਦੀ ਸੁਰੱਖਿਆ ਵਿਚ ਲੱਗੇ ਹੋਏ 1700 ਪੁਲਸ ਮੁਲਾਜ਼ਮ, ਜੋ ਕਿ 3 ਬਟਾਲੀਅਨਾਂ ਦੇ ਬਰਾਬਰ ਬਣਦੇ ਹਨ, ਨੂੰ ਥਾਣਿਆਂ ਵਿਚ ਤਾਇਨਾਤ ਕੀਤਾ ਗਿਆ ਤਾਂ ਕਿ ਪੁਲਸ ਦਾ ਕੰਮਕਾਜ ਹੋਰ ਵਧੀਆ ਹੋ ਸਕੇ। ਪੁਲਸ ਦੀ ਨਫਰੀ ਵਧਾਉਣ ਵਿਚ ਅਜਿਹਾ ਕਰਨ ਲਈ ਕੋਈ ਵੀ ਖਰਚਾ ਨਹੀਂ ਕੀਤਾ ਗਿਆ। ਗੈਰ-ਜ਼ਰੂਰੀ ਡਿਊਟੀਆਂ 'ਤੇ ਤਾਇਨਾਤ ਚੱਲ ਰਹੇ ਏ. ਐੱਸ. ਆਈਜ਼ ਨੂੰ ਉਥੋਂ ਹਟਾ ਕੇ ਥਾਣਿਆਂ ਵਿਚ ਭੇਜਿਆ ਗਿਆ ਤਾਂ ਕਿ ਥਾਣਿਆਂ ਵਿਚ ਕਾਨੂੰਨ ਵਿਵਸਥਾ ਦੇ ਕੰਮਕਾਜ ਵਿਚ ਮਦਦ ਮਿਲ ਸਕੇ।
ਨਸ਼ੇ ਦੀ ਹੁਣ ਤਕ ਦੀ ਸਭ ਤੋਂ ਵੱਡੀ ਬਰਾਮਦਗੀ
ਸਾਲ 2019 ਨਸ਼ਿਆਂ ਦੀ ਬਰਾਮਦਗੀ ਦੇ ਮਾਮਲੇ ਵਿਚ ਵੀ ਪੰਜਾਬ ਪੁਲਸ ਲਈ ਰਿਕਾਰਡਤੋੜ ਸਫਲਤਾ ਵਾਲਾ ਸਾਬਤ ਹੋਇਆ। ਇਸ ਸਾਲ ਦੌਰਾਨ 464 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜੋ ਕਿ ਪੰਜਾਬ ਪੁਲਸ ਦੇ ਰਿਕਾਰਡ ਵਿਚ ਕਿਸੇ ਇਕ ਸਾਲ ਵਿਚ ਸਭ ਤੋਂ ਵੱਧ ਬਰਾਮਦਗੀ ਸੀ। ਹੈਰੋਇਨ ਬਰਾਮਦਗੀ ਦਾ ਅੰਕੜਾ 2016 ਦੇ ਮੁਕਾਬਲੇ 4 ਗੁਣਾ ਤਕ ਵਧਿਆ। ਇਸ ਦੇ ਨਾਲ ਹੀ ਨਸ਼ਾ ਸਮੱਗਲਿੰਗ ਵਿਚ ਸ਼ਾਮਲ 180 ਵੱਡੀਆਂ ਮੱਛੀਆਂ ਨੂੰ ਵੀ ਫੜਿਆ ਗਿਆ, ਜਿਨ੍ਹਾਂ ਕੋਲੋਂ 2 ਕਿਲੋ ਜਾਂ ਉਸ ਤੋਂ ਵੱਧ ਹੈਰੋਇਨ ਫੜੀ ਗਈ। ਨਸ਼ਾ ਸਮੱਗਲਿੰਗ ਵਿਚ ਸ਼ਾਮਲ ਰਹੇ ਪੁਲਸ ਅਧਿਕਾਰੀਆਂ ਦੀ 24 ਕਰੋੜ ਦੀ ਜਾਇਦਾਦ 'ਸੀਜ਼' ਕੀਤੀ ਗਈ। ਉਥੇ ਹੀ ਨਸ਼ੇ ਕਾਰਣ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਕਮੀ ਦਰਜ ਕੀਤੀ ਗਈ, ਜੋ ਕਿ 2018 ਵਿਚ 114 ਤੋਂ ਘਟ ਕੇ 47 ਤਕ ਪੁੱਜੀ।