ਪੁਲਵਾਮਾ ਹਮਲਾ : ਸ਼ਹੀਦਾਂ ਦੀ ਸ਼ਹਾਦਤ ਨੂੰ ਇੰਝ ਸਿੱਜਦਾ ਕਰੇਗਾ ਸੰਗੀਤ ਅਧਿਆਪਕ

12/21/2019 12:44:52 PM

ਦੀਨਾਨਗਰ (ਦੀਪਕ ਕੁਮਾਰ) : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦਗਾਰ ਬਣਾਉਣ ਲਈ ਬੈਂਗਲੁਰੂ ਦੇ ਉਮੇਸ਼ ਯਾਦਵ ਨੇ ਇਕ ਅਨੌਖੀ ਪਹਿਲ ਕੀਤੀ ਹੈ। ਜਾਣਕਾਰੀ ਮੁਤਾਬਕ ਉਮੇਸ਼ ਯਾਦਵ ਦੇਸ਼ ਭਰ 'ਚ ਸ਼ਹੀਦਾਂ ਦੇ ਘਰਾਂ 'ਚ ਜਾ ਕੇ ਉਥੇ ਦੀ ਮਿੱਟੀ ਲੈ ਰਿਹਾ ਹੈ। ਉਹ ਇਸ ਇਕੱਠੀ ਕੀਤੀ ਗਈ ਮਿੱਟੀ ਨਾਲ ਪੁਲਵਾਮਾ 'ਚ 14 ਫਰਵਰੀ 2020 ਨੂੰ ਭਾਰਤ ਦਾ ਨਕਸ਼ਾ ਬਣੇਗਾ, ਜੋ ਸਮੂਹਿਕ ਏਕਤਾ ਦਾ ਸੰਦੇਸ਼ ਦੇਵੇਗਾ। ਇਸੇ ਕੜੀ ਦੇ ਤਹਿਤ ਉਮੇਸ਼ ਯਾਦਵ ਅੱਜ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਜਿੰਦਰ ਸਿੰਘ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਪੇਸ਼ੇ ਤੋਂ ਸੰਗੀਤ ਅਧਿਆਪਕ ਉਮੇਸ਼ ਯਾਦਵ ਨੇ ਦੱਸਿਆ ਕਿ ਹੁਣ ਤੱਕ ਉਹ 15 ਸੂਬਿਆਂ ਦੀ 47000 ਕਿਲੋਮੀਟਰ ਦੀ ਯਾਤਰਾ ਕਰ ਚੁੱਕੇ ਹਨ ਅਤੇ 14 ਸੂਬਿਆਂ 'ਚ ਜਾਣਾ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ 14 ਫਰਵਰੀ 2020 ਨੂੰ ਪੁਲਵਾਮਾ ਹਮਲੇ ਨੂੰ ਇਕ ਸਾਲ ਹੋ ਜਾਵੇਗਾ। ਇਸ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਘਰਾਂ ਦੀ ਮਿੱਟੀ ਨਾਲ ਪੁਲਵਾਮਾ 'ਚ ਭਾਰਤ ਦਾ ਨਕਸ਼ਾ ਬਣਾ ਕੇ ਸਮੂਹਿਤ ਏਕਤਾ ਦਾ ਸੰਦੇਸ਼ ਦਿੱਤਾ ਜਾਣਾ ਹੈ। ਇਸ ਉਦੇਸ਼ ਨੂੰ ਲੈ ਕੇ ਉਹ 9 ਅਪ੍ਰੈਲ ਨੂੰ ਬੈਂਗਲੁਰੂ ਤੋਂ ਨਿਕਲੇ ਸਨ। ਇਸੇ ਤਹਿਤ ਉਹ ਵੱਖ-ਵੱਖ ਸੂਬਿਆਂ 'ਚੋਂ ਸ਼ਹੀਦਾਂ ਦੇ ਘਰਾਂ ਦੀ ਮਿੱਟੀ ਇਕੱਠੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਅਜਮੇਰ 'ਚ 10 ਤੋਂ 14 ਫਰਵਰੀ ਦੇਸ਼ ਭਗਤੀ ਸਮਾਗਮ ਸੀ ਅਤੇ ਇਸ ਸਮਾਗਮ 'ਚ ਭਾਗ ਲੈ ਕੇ ਜਦੋਂ ਘਰ ਜਾਣ ਲਈ ਏਅਰਪੋਰਟ 'ਤੇ ਪਹੁੰਚੇ ਤਾਂ ਉਥੇ ਪੁਲਵਾਮਾ ਅਟੈਕ ਦੀ ਖਬਰ ਟੀ.ਵੀ. 'ਤੇ ਦਿਖਾਈ ਦਿੱਤੀ, ਜਿਸ ਨਾਲ ਮਨ ਬਹੁਤ ਦੁਖੀ ਹੋਇਆ ਤੇ ਸੋਚਿਆਂ ਕਿ ਸ਼ਹੀਦਾਂ ਦੇ ਸਨਮਾਨ ਲਈ ਕੁਝ ਕਰਨਾ ਚਾਹੀਦਾ ਹੈ। ਉਸ ਸਮੇਂ ਤੋਂ ਹੀ ਸੋਚ ਲਿਆ ਸੀ ਕਿ ਜੋ ਸ਼ਹੀਦ ਹੋਏ ਹਨ ਉਨ੍ਹਾਂ ਦੇ ਘਰਾਂ ਦੀ ਮਿੱਟੀ ਇਕੱਠੀ ਕਰਨ ਦਾ ਮਿਸ਼ਨ ਚਲਾਇਆ ਜਾਵੇ। ਇਸ ਤੋਂ ਬਾਅਦ ਉਹ ਆਪਣੇ ਮਿਸ਼ਨ 'ਤੇ ਨਿਕਲ ਪਏ।

ਇਸ ਮੌਕੇ ਸ਼ਹੀਦ ਮਨਜਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਨੇ ਦੱਸਿਆ ਕਿ ਇਨ੍ਹਾਂ ਦਾ ਮਿਸ਼ਨ ਬਹੁਤ ਹੀ ਵਧੀਆ ਹੈ ਤੇ ਇਸ ਨਾਲ ਸਾਨੂੰ ਲੱਗ ਰਿਹਾ ਹੈ ਕਿ ਸਾਡੇ ਬੱਚੇ ਅਜੇ ਵੀ ਜ਼ਿੰਦਾ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਸਾਨੂੰ ਵੀ ਹੌਸਲਾ ਮਿਲਦਾ ਹੈ ਅਤੇ ਸਮਾਜ ਵੀ ਜਾਗਰੂਕ ਹੁੰਦਾ ਹੈ ਪਰ ਸਰਕਾਰਾਂ ਸ਼ਹੀਦਾਂ ਲਈ ਕੁਝ ਨਹੀਂ ਕਰ ਰਹੀਆਂ ਹਨ।    
 


Baljeet Kaur

Content Editor

Related News