ਪੰਜਾਬ ''ਚ ਡੀਜ਼ਲ ''ਤੇ ਟੈਕਸ ਘੱਟ ਕਰਨ ਬਾਰੇ ਵਿੱਤ ਮੰਤਰੀ ਦੇ ਬਿਆਨ ਦਾ ਪੈਟਰੋਲੀਅਮ ਐਸੋਸੀਏਸ਼ਨ ਰੋਪੜ ਵੱਲੋਂ ਵਿਰੋਧ

Monday, Oct 30, 2017 - 01:56 PM (IST)

ਪੰਜਾਬ ''ਚ ਡੀਜ਼ਲ ''ਤੇ ਟੈਕਸ ਘੱਟ ਕਰਨ ਬਾਰੇ ਵਿੱਤ ਮੰਤਰੀ ਦੇ ਬਿਆਨ ਦਾ ਪੈਟਰੋਲੀਅਮ ਐਸੋਸੀਏਸ਼ਨ ਰੋਪੜ ਵੱਲੋਂ ਵਿਰੋਧ

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਪੈਟਰੋਲੀਅਮ ਐਸੋਸੀਏਸ਼ਨ ਰੋਪੜ ਦੀ ਮੀਟਿੰਗ ਭਰਤਗੜ੍ਹ ਵਿਖੇ ਪ੍ਰਧਾਨ ਸ਼ਿਵ ਕੁਮਾਰ ਜਗੋਤਾ ਦੀ ਅਗਵਾਈ ਹੇਠ ਹੋਈ, ਜਿਸ 'ਚ ਸਾਰੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ 'ਚ ਸਾਰਿਆਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਠਿੰਡਾ ਵਿਖੇ ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਦਿੱਤੇ ਉਸ ਬਿਆਨ ਦੀ ਨਿੰਦਾ ਕੀਤੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉੱਤਰੀ ਭਾਰਤ 'ਚ ਕੇਵਲ ਪੰਜਾਬ 'ਚ ਡੀਜ਼ਲ 'ਤੇ ਸਭ ਤੋਂ ਘੱਟ 14 ਫੀਸਦੀ ਟੈਕਸ ਅਤੇ ਹਰਿਆਣਾ ਸਮੇਤ ਦੂਜੇ ਸੂਬਿਆਂ 'ਚ ਡੀਜ਼ਲ 'ਤੇ 17 ਫੀਸਦੀ ਜਾਂ ਇਸ ਤੋਂ ਵੱਧ ਟੈਕਸ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸ਼ਾਇਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸੂਬੇ ਵਿਚ ਡੀਜ਼ਲ 'ਤੇ ਲੱਗਣ ਵਾਲੇ ਟੈਕਸ ਦੀ ਸਹੀ ਜਾਣਕਾਰੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਗਲਤ ਬਿਆਨ ਦਿੱਤਾ। ਪ੍ਰਧਾਨ ਅਤੇ ਮੈਂਬਰਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ 'ਚ ਡੀਜ਼ਲ 'ਤੇ 16 ਫੀਸਦੀ ਟੈਕਸ ਅਤੇ ਸੂਬਾ ਸਰਕਾਰ ਵੱਲੋਂ ਹੋਰ ਵਾਧੂ 1 ਫੀਸਦੀ ਸੈੱਸ ਲਾਇਆ ਗਿਆ ਹੈ, ਜਿਸ ਕਰਕੇ ਪੰਜਾਬ 'ਚ ਖਪਤਕਾਰਾਂ ਨੂੰ ਡੀਜ਼ਲ 'ਤੇ 17 ਫੀਸਦੀ ਟੈਕਸ ਦੇਣਾ ਪੈਂਦਾ ਹੈ। ਪੰਜਾਬ 'ਚ ਡੀਜ਼ਲ ਖਪਤਕਾਰਾਂ ਨੂੰ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਮੁਕਾਬਲੇ 2 ਰੁਪਏ ਪ੍ਰਤੀ ਲੀਟਰ ਡੀਜ਼ਲ ਲਈ ਵੱਧ ਦੇਣੇ ਪੈਂਦੇ ਹਨ। ਪੰਜਾਬ 'ਚ ਪੈਟਰੋਲ 'ਤੇ ਸਭ ਤੋਂ ਵੱਧ 36 ਫੀਸਦੀ ਟੈਕਸ ਲੱਗਾ ਹੋਇਆ ਹੈ। ਉੱਤਰੀ ਭਾਰਤ ਦੇ ਦੂਜੇ ਸੂਬਿਆਂ 'ਚ ਪੰਜਾਬ ਦੇ ਮੁਕਾਬਲੇ ਪੈਟਰੋਲ ਖਪਤਕਾਰਾਂ ਨੂੰ 5 ਤੋਂ 7 ਰੁਪਏ ਸਸਤਾ ਮਿਲਦਾ ਹੈ। ਪੰਜਾਬ ਦੇ ਗੁਆਂਢੀ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ਸਸਤਾ ਹੋਣ ਕਾਰਨ ਇਸ ਦਾ ਖਮਿਆਜ਼ਾ ਪੰਜਾਬ ਦੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਭੁਗਤਣਾ ਪੈਂਦਾ ਹੈ।
ਸਰਹੱਦੀ ਖੇਤਰ ਹੋਣ ਕਾਰਨ ਪੰਜਾਬ ਦੇ ਲੋਕ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਤੋਂ ਸਸਤਾ ਡੀਜ਼ਲ ਅਤੇ ਪੈਟਰੋਲ ਆਪਣੀਆਂ ਗੱਡੀਆਂ 'ਚ ਭਰਾਉਂਦੇ ਹਨ, ਜਿਸ ਕਾਰਨ ਪੰਜਾਬ ਸਰਕਾਰ ਦੀ ਆਮਦਨੀ 'ਚ ਵੀ ਕਮੀ ਆਉਂਦੀ ਹੈ। ਮੈਂਬਰਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਡੀਜ਼ਲ ਅਤੇ ਪੈਟਰੋਲ 'ਤੇ ਟੈਕਸ ਘਟਾਇਆ ਜਾਵੇ ਤਾਂ ਜੋ ਪੰਜਾਬ 'ਚ ਵੀ ਡੀਜ਼ਲ ਅਤੇ ਪੈਟਰੋਲ ਵੱਡੇ ਪੱਧਰ 'ਤੇ ਵਿਕ ਸਕਣ ਤੇ ਸੂਬਾ ਸਰਕਾਰ ਦੀ ਆਮਦਨ 'ਚ ਵੀ ਵਾਧਾ ਹੋ ਸਕੇ।
ਮੀਟਿੰਗ 'ਚ ਸ਼ਿਵ ਕੁਮਾਰ ਜਗੋਤਾ ਤੋਂ ਇਲਾਵਾ ਸਵੀਟੀ ਕੌੜਾ, ਅੰਮ੍ਰਿਤ ਲਾਲ ਖੁਰਾਨਾ, ਰਜਿੰਦਰ ਕੁਮਾਰ ਆਨੰਦ, ਰਾਜੂ ਜੋਸ਼ੀ, ਗੋਪਾਲ ਦਾਸ, ਨਿਤਿਨ ਚੌਧਰੀ, ਵਿਪਨ ਕੁਮਾਰ, ਅੰਸ਼ੁਲ ਕਪਿਲਾ, ਰਵੀ ਖੁਰਾਨਾ, ਜੌਲੀ ਜੈਨ ਆਦਿ ਹਾਜ਼ਰ ਸਨ।


Related News