ਡੀਜ਼ਲ ਤੇ ਪੈਟਰੋਲ ਨੂੰ GST ਦੇ ਘੇਰੇ ''ਚ ਲਿਆਵੇ ਮੋਦੀ ਸਰਕਾਰ: ਤ੍ਰਿਪਤ ਬਾਜਵਾ
Tuesday, Sep 04, 2018 - 07:46 PM (IST)

ਚੰਡੀਗੜ੍ਹ(ਭੁੱਲਰ)- ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਰਿਕਾਰਡ-ਤੋੜ ਵਾਧੇ ਲਈ ਕੇਂਦਰ ਸਰਕਾਰ ਦੀਆਂ ਨੁਕਸਦਾਰ ਨੀਤੀਆਂ ਦੀ ਸਖਤ ਨਿੰਦਾ ਕੀਤੀ ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਹੁਣ ਉਹ ਇਸ ਮਸਲੇ 'ਤੇ ਡਾ. ਮਨਮੋਹਨ ਸਿੰਘ ਨੂੰ ਦਿੱਤੀਆਂ ਗਈਆਂ ਆਪਣੀਆਂ ਸਲਾਹਾਂ 'ਤੇ ਖੁਦ ਅਮਲ ਕਰਨ। ਬਾਜਵਾ ਨੇ ਮੰਗ ਕੀਤੀ ਹੈ ਕਿ ਪੈਟਰੋਲ ਤੇ ਡੀਜ਼ਲ ਨੂੰ GST ਸਿਸਟਮ ਅੰਦਰ ਲਿਆਂਦਾ ਜਾਵੇ ਅਤੇ ਨਾਲ ਹੀ ਲੋਕਾਂ ਨੂੰ ਥੋੜ੍ਹੀ ਰਾਹਤ ਦੇਣ ਲਈ ਪੈਟਰੋਲੀਅਮ ਪਦਾਰਥਾਂ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਅਤੇ ਵੈਟ ਦੀਆਂ ਦਰਾਂ ਵਿਚ ਵੀ ਤੁਰੰਤ ਕਮੀ ਕੀਤੀ ਜਾਵੇ । ਪੰਚਾਇਤ ਮੰਤਰੀ ਨੇ ਕਿਹਾ ਕਿ ਮੁਲਕ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਮੋਦੀ ਨੇ ਇਸ ਮਾਮਲੇ ਬਾਰੇ ਹੁਣ ਚੁੱਪ ਕਿਉਂ ਧਾਰੀ ਹੋਈ ਹੈ?
ਬਾਜਵਾ ਨੇ ਕਿਹਾ ਕਿ ਮੋਦੀ ਵਲੋਂ 23 ਮਈ 2012 ਨੂੰ ਇਕ ਟਵੀਟ ਕਰ ਕੇ ਕਿਹਾ ਗਿਆ ਸੀ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਫੇਲ ਹੋਣ ਦੀ ਇਕ ਉਘੜਵੀਂ ਉਦਾਹਰਣ ਹੈ। ਇਸ ਵਾਧੇ ਨਾਲ ਗੁਜਰਾਤ ਦੇ ਲੋਕਾਂ 'ਤੇ ਹਜ਼ਾਰਾਂ ਕਰੋੜ ਰੁਪਏ ਦਾ ਬੋਝ ਪੈ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮਈ 2014 ਅਤੇ ਸਤੰਬਰ 2017 ਦੌਰਾਨ ਪੈਟਰੋਲ ਤੇ ਡੀਜ਼ਲ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿਚ 12 ਵਾਰੀ ਵਾਧਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਸ ਅਰਸੇ ਵਿਚ ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿਚ 54 ਫੀਸਦੀ ਅਤੇ ਵੈਟ ਵਿਚ 46 ਫੀਸਦੀ ਵਾਧਾ ਕੀਤਾ ਗਿਆ ਜਦੋਂ ਕਿ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ 154 ਫੀਸਦੀ ਅਤੇ ਵੈਟ ਵਿਚ 48 ਫੀਸਦੀ ਵਾਧਾ ਹੋਇਆ।