ਢੀਂਡਸਾ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਕੀਤੀ ਮੀਟਿੰਗ, ਸੁਖਬੀਰ 'ਤੇ ਇਲਜ਼ਾਮ ਲਾਉਂਦਿਆਂ ਮੈਂਬਰਾਂ ਨੂੰ ਕੀਤੀ ਇਹ ਅਪੀਲ

Tuesday, Nov 08, 2022 - 10:46 PM (IST)

ਢੀਂਡਸਾ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਕੀਤੀ ਮੀਟਿੰਗ, ਸੁਖਬੀਰ 'ਤੇ ਇਲਜ਼ਾਮ ਲਾਉਂਦਿਆਂ ਮੈਂਬਰਾਂ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਨਿੱਤਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ 'ਚੋਂ ਬਾਹਰ ਕਰਨ ਲਈ ਮੈਂਬਰਾਂ ਨੂੰ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨਹੀਂ ਚਲਾ ਰਹੇ ਬਲਕਿ ਇਕ ਬਹੁਰਾਸ਼ਟਰੀ ਕੰਪਨੀ ਚਲਾ ਰਹੇ ਹਨ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਕੁਝ ਆਗੂ ਬੋਰਡ ਦੇ ਡਾਇਰੈਕਟਰਾਂ ਵਾਂਗ ਕੰਮ ਕਰ ਰਹੇ ਹਨ। ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵੱਈਏ ਕਾਰਨ ਅਕਾਲੀ ਸੋਚ ਰੱਖਣ ਵਾਲੇ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੰਬੇ ਸਮੇਂ ਤੋਂ ਗੁਰੂ ਘਰਾਂ ਦੀਆਂ ਗੋਲਕਾਂ ਦੀ ਲੁੱਟ ਕਰਦੇ ਹੋਏ ਹਰੇਕ ਰੈਲੀ ਅਤੇ ਸਮਾਗਮਾਂ ਵਿੱਚ ਗੁਰੂਘਰਾਂ ਦੇ ਲੰਗਰ ਅਤੇ ਸਾਧਨ ਵਰਤ ਰਿਹਾ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਲਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਐਡਵੋਕੇਟ ਧਾਮੀ (ਵੀਡੀਓ)

ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਲਾਲਚ ਵਿੱਚ ਨਾ ਆ ਕੇ ਜ਼ਮੀਰ ਦੀ ਆਵਾਜ਼ ਸੁਣ ਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ। ਭਾਜਪਾ ਵੱਲੋਂ ਸ਼੍ਰੋਮਣੀ ਕਮੇਟੀ 'ਚ ਦਖ਼ਲ 'ਤੇ ਢੀਂਡਸਾ ਨੇ ਕਿਹਾ ਕਿ ਹਰੇਕ ਸਿੱਖ ਨੂੰ ਅਧਿਕਾਰ ਹੈ ਕਿ ਉਹ ਮੈਂਬਰਾਂ ਨੂੰ ਅਪੀਲ ਕਰ ਸਕਦਾ ਹੈ ਕਿ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਤੋਂ ਛੁਡਾਇਆ ਜਾਵੇ। ਸੁਖਬੀਰ ਬਾਦਲ ਲਗਾਤਾਰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਰਹਿਣ ਦੇ ਕਾਰਨ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜਾਗੀਰ ਸਮਝ ਬੈਠੇ ਹਨ। ਢੀਂਡਸਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਪੂਰਨ ਸਮਰਥਨ ਹੈ ਅਤੇ ਚੋਣ ਨਤੀਜਿਆਂ ਤੋਂ ਬਾਅਦ ਸੰਗਤ ਨੂੰ ਸ਼੍ਰੋਮਣੀ ਕਮੇਟੀ ਤੋਂ ਆਜ਼ਾਦਾਨਾ ਪ੍ਰਬੰਧ ਮਿਲੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕਰ ਉਗਰਾਹੀ ਨੂੰ ਹੁਲਾਰਾ ਦੇਣ ਲਈ ਸੂਬੇ 'ਚ ਪਹਿਲੀ ਟੈਕਸ ਇੰਟੈਲੀਜੈਂਸ ਯੂਨਿਟ ਸਥਾਪਤ

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸਾਥੀ ਮੈਂਬਰਾਂ ਨੂੰ ਡਰਾ ਰਹੇ ਹਨ ਕਿ ਅਸੀਂ ਵੋਟ ਪਰਚੀ 'ਤੇ ਲਿਖਾਈ ਪਛਾਣ ਲਵਾਂਗੇ ਅਤੇ ਬਾਅਦ ਵਿੱਚ ਇਸ ਦਾ ਨਿਬੇੜਾ ਕੀਤਾ ਜਾਵੇਗਾ। ਢੀਂਡਸਾ ਨੇ ਕਿਹਾ ਕਿ ਮੈਂਬਰਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਬਾਦਲ ਧੜੇ ਕੋਲ ਇਹ ਅਧਿਕਾਰ ਵੀ ਨਹੀਂ ਰਹਿਣਗੇ। ਢੀਂਡਸਾ ਨੇ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਜਾਂ ਕਿਸੇ ਮੈਂਬਰ ਦੇ ਨਾਲ ਕਿਸੇ ਦਾ ਕੋਈ ਗਿਲਾ-ਸ਼ਿਕਵਾ ਹੈ ਤਾਂ ਉਸ ਨੂੰ ਬਾਅਦ ਵਿੱਚ ਖ਼ਤਮ ਕਰ ਲਿਆ ਜਾਏਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਗੁਰਚਰਨ ਸਿੰਘ ਚੰਨੀ, ਭਾਈ ਮੋਹਕਮ ਸਿੰਘ ਤੇ ਮਨਜੀਤ ਸਿੰਘ ਭੋਮਾ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News