ਢੀਂਡਸਾ ਪਿਓ-ਪੁੱਤਰ ''ਤੇ ਕਾਰਵਾਈ ਕਰਨ ਦਾ ਅਧਿਕਾਰ ਪਾਰਟੀ ਦੀ ਕੋਰ ਕਮੇਟੀ ਕੋਲ : ਸੁਖਬੀਰ ਬਾਦਲ

Wednesday, Jan 08, 2020 - 10:52 PM (IST)

ਢੀਂਡਸਾ ਪਿਓ-ਪੁੱਤਰ ''ਤੇ ਕਾਰਵਾਈ ਕਰਨ ਦਾ ਅਧਿਕਾਰ ਪਾਰਟੀ ਦੀ ਕੋਰ ਕਮੇਟੀ ਕੋਲ : ਸੁਖਬੀਰ ਬਾਦਲ

ਭਵਾਨੀਗੜ੍ਹ,(ਵਿਕਾਸ)-ਅੱਜ ਦੇਰ ਸ਼ਾਮ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਢੀਂਡਸਾ ਪਿਉ-ਪੁੱਤਰ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਬਲਕਿ ਇਸ ਸਬੰਧੀ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਨੇ ਕਰਨਾ ਹੈ ਅਤੇ ਜਿਵੇਂ ਹੀ ਵਰਕਰਾਂ ਦਾ ਇਹ ਮਤਾ ਪਾਰਟੀ ਕੋਲ ਪੁੱਜੇਗਾ, ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।

ਇਕ ਸਵਾਲ ਦੇ ਜਵਾਬ 'ਚ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਤਿੰਨ ਸਾਲਾਂ ਦੇ ਰਾਜ 'ਚ ਪੰਜਾਬ ਦਾ ਬੇੜਾਗਰਕ ਕਰ ਦਿੱਤਾ। ਕਾਂਗਰਸ ਦੀਆਂ ਜਨ ਵਿਰੋਧੀ ਨੀਤੀਆਂ ਕਾਰਣ ਸੂਬੇ ਦੀ ਜਨਤਾ ਘੁਟਨ ਮਹਿਸੂਸ ਕਰ ਰਹੀ ਹੈ ਅਤੇ ਹੁਣ ਕੈਪਟਨ ਸਰਕਾਰ ਨੇ 20 ਫੀਸਦੀ ਖਰਚਿਆਂ 'ਚ ਕਟੌਤੀ ਕਰ ਕੇ ਸੂਬੇ ਦੇ ਵਿਕਾਸ ਕਾਰਜਾਂ ਨੂੰ ਵੀ ਠੱਪ ਕਰ ਦਿੱਤਾ। ਇਸ ਮੌਕੇ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ, ਸੁਰਿੰਦਰ ਕੁਮਾਰ ਸਾਬਕਾ ਡਾਇਰੈਕਟਰ ਐੱਫ. ਸੀ. ਆਈ. ਤੋਂ ਇਲਾਵਾ ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ, ਰੁਪਿੰਦਰ ਹੈਪੀ ਰੰਧਾਵਾ, ਕੁਲਵੰਤ ਸਿੰਘ ਜੌਲੀਆਂ, ਰਵਜਿੰਦਰ ਕਾਕੜਾ, ਸੱਤਪਾਲ ਸਿੰਘ ਕਾਕੜਾ ਸਮੇਤ ਵੱਡੀ ਗਿਣਤੀ 'ਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।


Related News