''ਬਰਗਾੜੀ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਭਟਕ ਕੇ ਅਖੌਤੀ ਲੀਡਰਾਂ ਦਾ ਸਟੰਟ ਬਣ ਕੇ ਰਹਿ ਗਿਐ''

Saturday, May 18, 2019 - 03:08 PM (IST)

''ਬਰਗਾੜੀ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਭਟਕ ਕੇ ਅਖੌਤੀ ਲੀਡਰਾਂ ਦਾ ਸਟੰਟ ਬਣ ਕੇ ਰਹਿ ਗਿਐ''

ਜਲੰਧਰ (ਜ. ਬ.) : 'ਬਰਗਾੜੀ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅਸਲੀ ਦੋਸ਼ੀਆਂ ਨੂੰ ਫੜਿਆ ਜਾਵੇ ਮੁੱਖ ਮੰਗ ਨੂੰ ਰੱਖ ਕੇ ਲਾਇਆ ਗਿਆ ਸੀ ਪਰ ਇਹ ਨਿਸ਼ਾਨੇ ਤੋਂ ਭਟਕ ਕੇ ਕਾਂਗਰਸ ਦੀ ਝੋਲੀ 'ਚ ਪੈ ਗਿਆ ਕਿਉਂਕਿ ਕਾਂਗਰਸ ਦੇ ਵੱਡੇ-ਛੋਟੇ ਲੀਡਰ ਉਥੇ ਆਉਣੇ ਸ਼ੁਰੂ ਹੋ ਗਏ ਅਤੇ ਕਾਂਗਰਸ ਦਾ ਮਕਸਦ ਸਿਰਫ ਤੇ ਸਿਰਫ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨਾ ਸੀ ਤਾਂ ਕਿ ਕਾਂਗਰਸ ਮਜ਼ਬੂਤ ਹੋ ਸਕੇ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸੈਦਾ ਰੋਹੇਲਾ ਜ਼ਿਲਾ ਫਿਰੋਜ਼ਪੁਰ (ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਧਿਆਨ ਸਿੰਘ ਮੰਡ ਦੇ ਸਭ ਤੋਂ ਨਜ਼ਦੀਕੀ ਸਾਥੀ) ਵਲੋਂ ਜਾਰੀ ਇਕ ਬਿਆਨ 'ਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਭਟਕ ਕੇ ਕੇਵਲ ਤੇ ਕੇਵਲ ਕੁਝ ਅਖੌਤੀ ਲੀਡਰਾਂ ਦਾ ਸਟੰਟ ਬਣ ਕੇ ਰਹਿ ਗਿਆ ਅਤੇ ਗੁਰੂ ਸਾਹਿਬ ਪ੍ਰਤੀ ਸਿੱਖਾਂ ਦੀ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਦੀ ਬਜਾਏ ਕੁਝ ਲੋਕਾਂ ਦੇ ਹੱਥਾਂ ਦਾ ਖਿਡੌਣਾ ਬਣ ਕੇ ਰਹਿ ਗਿਆ। ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗੇ।

ਗੁਰਨਾਮ ਸਿੰਘ ਨੇ ਬਿਆਨ ਵਿਚ ਅੱਗੇ ਕਿਹਾ ਕਿ ਅਸੀਂ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਪੰਥਕ ਸੰਘਰਸ਼ ਲਈ ਲਾਇਆ ਹੈ ਅਤੇ ਇਸ ਗੱਲ ਦਾ ਦੁੱਖ ਹੈ ਕਿ ਵਿਦੇਸ਼ਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਤੱਕ ਸਜ਼ਾ ਦਿਵਾਉਣ ਲਈ ਬਹੁਤ ਵੱਡੇ ਫੰਡ ਆਏ ਸੁਣਨ ਵਿਚ ਆਏ ਹਨ। ਉਹ ਪੈਸਾ ਕਿਥੇ ਗਿਆ ਗੁਰੂ ਸਾਹਿਬ ਹੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਦੇ ਹੋਏ ਆਪਣੇ-ਆਪ ਨੂੰ ਮੋਰਚੇ ਤੋਂ ਅਲੱਗ ਕਰ ਲਿਆ ਹੈ। ਕਾਂਗਰਸ ਦਾ ਇਕੋ-ਇਕ ਮੰਤਵ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਕਰਨਾ ਹੈ। ਉਨ੍ਹਾਂ ਨਾਲ ਰਾਮ ਸਿੰਘ, ਸੁਖਵਿੰਦਰ ਸਿੰਘ ਸਾਬਕਾ ਮੈਂਬਰ ਪਿੰਡ ਬਲੇਵਾਲਾ, ਗੁਰਪ੍ਰੀਤ ਸਿੰਘ ਫਿਰੋਜ਼ਪੁਰ (ਸਾਰੇ ਮੈਂਬਰ ਬਰਗਾੜੀ ਮੋਰਚਾ) ਆਦਿ ਹਾਜ਼ਰ ਸਨ।
 


author

Anuradha

Content Editor

Related News