ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਧਰਨਾ
Wednesday, Oct 04, 2017 - 07:39 AM (IST)
ਪੱਟੀ, (ਬੇਅੰਤ)- ਬੀ. ਡੀ. ਪੀ. ਓ. ਦਫਤਰ ਪੱਟੀ ਵੱਲੋਂ ਪਿੰਡ ਚੀਮਾ ਕਲਾਂ, ਠੱਕਰਪੁਰਾ ਤੇ ਬੱਠੇ ਭੈਣੀ ਦੇ ਜ਼ਰੂਰਤਮੰਦ ਮਜ਼ਦੂਰਾਂ ਦੇ ਬਣੇ ਜੌਬ ਕਾਰਡਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨਾ ਦੇਣ ਕਰ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਬਲਾਕ ਦਫਤਰ ਪੱਟੀ ਅੰਦਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਮਾ. ਦਲਜੀਤ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਮਨਿਆਲਾ, ਬੀਬੀ ਨਰਿੰਦਰ ਕੌਰ ਪੱਟੀ ਤੇ ਅਮਰਜੀਤ ਕੌਰ ਚੀਮਾ ਨੇ ਕਿਹਾ ਕਿ ਸੱਤਾਧਾਰੀ ਰਸੂਖਦਾਰਾਂ ਦੇ ਇਸ਼ਾਰੇ 'ਤੇ ਪਹਿਲਾਂ ਗਰੀਬਾਂ ਦੇ ਜੌਬ ਕਾਰਡ ਬਣਾਉਣ ਤੋਂ ਸਰਕਾਰੀ ਮਸ਼ੀਨਰੀ ਟਾਲਮਟੋਲ ਕਰਦੀ ਰਹੀ ਪਰ ਜਦੋਂ ਪਾਰਟੀ ਆਗੂਆਂ ਵੱਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਅੰਦਰ ਸਾਰਾ ਮਾਮਲਾ ਲਿਆਂਦਾ ਗਿਆ ਤਾਂ ਗਰੀਬਾਂ ਦੇ ਜੌਬ ਕਾਰਡ ਬਣਾ ਦਿੱਤੇ ਗਏ। ਹੁਣ ਜਦੋਂ ਜ਼ਰੂਰਤਮੰਦ ਮਜ਼ਦੂਰਾਂ ਵੱਲੋਂ ਆਪਣੇ ਜੌਬ ਕਾਰਡਾਂ ਨੂੰ ਪ੍ਰਾਪਤ ਕਰਨ ਲਈ ਬੀ. ਡੀ. ਓ. ਦਫਤਰ ਪੱਟੀ ਕੋਲ ਪਹੁੰਚ ਕੀਤੀ ਗਈ ਤਾਂ ਦਫਤਰ ਵੱਲੋਂ ਕਾਰਡ ਦੇਣ ਦੀ ਬਜਾਏ ਟਾਲਮਟੋਲ ਕੀਤੀ ਜਾਣ ਲੱਗੀ ਤਾਂ ਪਾਰਟੀ ਵਰਕਰਾਂ ਨੂੰ ਮਜਬੂਰ ਹੋ ਕੇ ਅੱਜ ਰੋਸ ਧਰਨਾ ਦੇਣਾ ਪਿਆ।
ਪਾਰਟੀ ਆਗੂਆਂ ਕਿਹਾ ਕਿ ਕਾਂਗਰਸੀਆਂ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਅੰਦਰ ਸਨਮਾਨ ਮਿਲੇਗਾ ਪਰ ਅੱਜ ਸੱਤਾ 'ਤੇ ਬੈਠਦਿਆਂ ਹੀ ਕਾਂਗਰਸੀਆਂ ਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ ਹਨ। ਪੰਜਾਬ ਦੀ ਸਰਕਾਰੀ ਮਸ਼ੀਨਰੀ ਕਾਂਗਰਸੀ ਰਸੂਖਦਾਰਾਂ ਦੇ ਹੱਥਾਂ 'ਚ ਖੇਡ ਰਹੀ ਹੈ ਅਤੇ ਆਮ ਜਨਤਾ ਦੇ ਹੱਕਾਂ ਨੂੰ ਦਬਾ ਲਈ ਰਹੀ ਹੈ। ਉਨ੍ਹਾਂ ਕਿਹਾ ਕਿ ਬੀ. ਡੀ. ਪੀ. ਓ. ਪੱਟੀ ਅੱਜ ਰੋਸ ਧਰਨੇ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਗਿਆ ਹੈ ਪਰ ਜਥੇਬੰਦੀ ਗਰੀਬਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ। ਧਰਨੇ ਦੌਰਾਨ ਬਲਾਕ ਦੇ ਪੰਚਾਇਤ ਅਫਸਰ ਉਪਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ 6 ਅਕਤੂਬਰ ਨੂੰ ਮਜ਼ਦੂਰਾਂ ਦੇ ਜੌਬ ਕਾਰਡ ਦੇ ਦਿੱਤੇ ਜਾਣਗੇ। ਇਸ ਮੌਕੇ ਹਰਭਜਨ ਸਿੰਘ ਚੂਸਲੇਵੜ, ਧਰਮ ਸਿੰਘ ਪੱਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਤੇ ਮਰਦ ਵਰਕਰ ਹਾਜ਼ਰ ਸਨ।
