ਧਰਮਕੋਟ ਨੂੰ ਮਿਲਿਆ 1 ਕਰੋੜ ਰੁਪਏ ਨਾਲ ਬਣਿਆ ਨਵਾਂ ਬੱਸ ਸਟੈਂਡ, ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕੀਤਾ ਉਦਘਾਟਨ
Sunday, Mar 03, 2024 - 05:11 AM (IST)
ਧਰਮਕੋਟ: ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਧਰਮਕੋਟ ਲਈ ਬਣਾਏ ਗਏ 1 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰੀ ਬਹੁਮਤ ਨਾਲ ਲੋਕਾਂ ਨੇ ਬਣਾਈ ਆਮ ਆਦਮੀ ਪਾਰਟੀ ਦੇ ਰਾਜ ਵਿਚ, ਖਜਾਨੇ ਦਾ ਮੂੰਹ ਵਿਕਾਸ ਕਾਰਜਾਂ ਲਈ ਹਮੇਸ਼ਾ ਖੁੱਲ੍ਹਾ ਰਹੇਗਾ। ਆਉਣ ਵਾਲੇ ਸਮੇਂ ਵਿਚ ਜਲਦੀ ਹੀ ਪੂਰੇ ਪੰਜਾਬ ਨੂੰ ਸੀਵਰੇਜਾਂ ਦੀ ਸਫਾਈ ਲਈ 570 ਸੁਪਰ ਸੈਕਸ਼ਨ ਮਸ਼ੀਨਾਂ ਦਿੱਤੀਆਂ ਜਾਣਗੀਆਂ, ਇਨ੍ਹਾਂ ਵਿਚੋਂ ਇਕ ਮਸ਼ੀਨ ਧਰਮਕੋਟ ਨੂੰ ਭੇਂਟ ਕੀਤੀ ਜਾਵੇਗੀ ਤਾਂ ਕਿ ਧਰਮਕੋਟ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਨਾ ਆ ਸਕੇ। ਇਸ ਸ਼ਕਤੀਸ਼ਾਲੀ ਤੇ ਆਧੁਨਿਕ ਤਕਨੀਕ ਵਾਲੀ ਮਸ਼ੀਨ ਨਾਲ ਧਰਮਕੋਟ ਤੋਂ ਇਲਾਵਾ ਕੋਟ ਈਸੇ ਖਾਂ ਤੇ ਫਤਹਿਗੜ੍ਹ ਪੰਜਤੂਰ ਵਿਚ ਸੀਵਰੇਜ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਫ਼ਾਈ ਹੋ ਸਕੇਗੀ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ: SKM ਦੀ ਦੋਵਾਂ ਮੋਰਚਿਆਂ ਨੂੰ ਨਸੀਹਤ, 'ਸੰਘਰਸ਼ ਦੀ ਜਿੱਤ ਲਈ ਏਕਤਾ ਜ਼ਰੂਰੀ' (ਵੀਡੀਓ)
ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਧਰਮਕੋਟ ਵਾਸੀਆਂ ਨੂੰ ਨਵੇਂ ਬੱਸ ਸਟੈਂਡ ਦੀ ਵਧਾਈ ਦਿੰਦਿਆਂ ਦੱਸਿਆ ਕਿ ਇਸ ਨਵੇਂ ਬੱਸ ਸਟੈਂਡ ਨਾਲ ਹੁਣ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਜਾਵੇਗੀ ਅਤੇ ਲੋਕ ਬਿਨਾ ਕਿਸੇ ਮੁਸ਼ਕਿਲ ਤੋਂ ਬੱਸ ਸਟੈਂਡ ਵਿੱਚ ਬੱਸ ਸੇਵਾਵਾਂ ਲੈਣਗੇ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਅਜਿਹੇ ਵਿਕਾਸ ਕਾਰਜ ਹੋਰ ਸਰਕਾਰਾਂ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਮਿਆਂ ਵਿਚ ਕੀਤੇ ਜਾਂਦੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਲੋਕ ਸੇਵਾ ਸ਼ੁਰੂ ਕਰ ਦਿੱਤੀ ਸੀ ਜਿਹੜੀ ਕਿ ਨਿਰੰਤਰ ਜਾਰੀ ਹੈ। ਪੰਜਾਬ ਸਰਕਾਰ ਨੇ ਹੁਣ ਤੱਕ 40 ਹਜ਼ਾਰ ਤੋਂ ਉੱਪਰ ਨੌਕਰੀਆਂ ਮੁੱਹਈਆ ਕਰਵਾ ਦਿੱਤੀਆਂ ਹਨ, ਬਿਨਾ ਕਿਸੇ ਸਿਫਾਰਿਸ਼ ਦੇ ਆਮ ਘਰਾਂ ਦੇ ਯੋਗ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। 650 ਤੋਂ ਉੱਪਰ ਮੁਹੱਲਾ ਕਲੀਨਿਕ ਬਣ ਚੁੱਕੇ ਹਨ ਅਤੇ ਹੋਰ ਵੀ ਬਹੁਤ ਸਾਰੇ ਮੁਹੱਲਾ ਕਲਿਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ। ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ 117 ਸਕੂਲ ਆਫ਼ ਐਮੀਨੇਸ ਬਣਾਏ ਗਏ ਹਨ। "ਆਪ ਸਰਕਾਰ ਆਪ ਦੇ ਦੁਆਰ" ਪ੍ਰੋਗਰਾਮ ਕਾਰਗਰ ਸਿੱਧ ਹੋ ਰਿਹਾ ਹੈ ਜਿਸ ਨਾਲ ਮੌਕੇ ਉੱਪਰ ਹੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਹੁਣ ਰੰਗਲੇ ਪੰਜਾਬ ਦੇ ਰੰਗ ਫਿਰ ਤੋਂ ਚਮਕਣੇ ਸ਼ੁਰੂ ਹੋ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਗੰਨੇ ਨਾਲ ਭਰਿਆ ਟਰੱਕ ਪਲਟਿਆ, ਭੈਣ-ਭਰਾ ਸਣੇ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ
ਇਸ ਮੌਕੇ ਹਲਕਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਦੱਸਿਆ ਕਿ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਅੱਜ ਤੋਂ ਪੰਜ ਸਾਲ ਪਹਿਲਾਂ ਉਸ ਸਮੇਂ ਦੇ ਵਿੱਤ ਮੰਤਰੀ ਵੱਲੋਂ ਰੱਖਿਆ ਗਿਆ ਸੀ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਇਹ ਸਿਰਫ਼ ਨੀਂਹ ਪੱਥਰ ਹੀ ਰਿਹਾ। ਆਮ ਆਦਮੀ ਪਾਰਟੀ ਦੀ ਸਾਂਝ ਲੋਕਾਂ ਨਾਲ ਸਿਰਫ਼ ਵੋਟਾਂ ਤਕ ਸੀਮਤ ਨਹੀਂ ਹੈ, ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਸਰਕਾਰ ਖਾਸ ਧਿਆਨ ਕੇਂਦਰਿਤ ਕਰ ਰਹੀ ਹੈ। ਇਸੇ ਸਦਕਾ ਅੱਜ ਲੋਕਾਂ ਨੂੰ ਨਵਾਂ ਬੱਸ ਸਟੈਂਡ ਅਰਪਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਪੰਜਾਬ ਪ੍ਰਤੀ ਸਹੀ ਸੋਚ ਸਦਕਾ ਧਰਮਕੋਟ ਹਲਕੇ ਵਿਚ 10 ਕਰੋੜ 16 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਮੰਤਰੀ ਜੀ ਦਾ ਧਰਮਕੋਟ ਲਈ ਸੁਪਰ ਸੈਕਸ਼ਨ ਮਸ਼ੀਨ ਦੇਣ ਦੇ ਐਲਾਨ ਲਈ ਧੰਨਵਾਦ ਕੀਤਾ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਭਾਜਪਾ ਦਾ ਵੱਡਾ ਫ਼ੈਸਲਾ, ਅਜੈ ਮਿਸ਼ਰਾ ਟੈਨੀ ਨੂੰ ਦਿੱਤੀ ਲੋਕ ਸਭਾ ਟਿਕਟ; ਪੰਧੇਰ ਵੱਲੋਂ ਨਿਖੇਧੀ
ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਧਰਮਕੋਟ ਲਈ ਫਾਇਰ ਬ੍ਰਿਗੇਡ ਮੰਗੀ ਗਈ ਸੀ ਮੰਤਰੀ ਨੇ ਇਕੱਲੀਆਂ 3 ਗੱਡੀਆਂ ਹੀ ਨਹੀਂ ਸਗੋਂ ਸਟਾਫ਼ ਵੀ ਮੁੱਹਈਆ ਕਰਵਾਇਆ। ਧਰਮਕੋਟ ਵਿਚ ਫਾਇਰ ਸਟੇਸ਼ਨ ਵੀ ਬਣ ਚੁੱਕਾ ਹੈ। ਕੋਟ ਈਸੇ ਖਾਂ ਵਿਚ 40 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਦਾ ਪ੍ਰਾਜੈਕਟ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਫਤਹਿਗੜ੍ਹ ਪੰਜਤੂਰ ਵਿਚ ਦੋ ਕਰੋੜ ਦੀ ਲਾਗਤ ਨਾਲ ਇਨਡੋਰ ਤੇ ਆਊਟਡੋਰ ਸਟੇਡੀਅਮ ਜਿਸ ਵਿਚ ਬੈਡਮਿੰਟਨ, ਵਾਲੀਬਾਲ, ਸਿੰਥੈਟਿਕ ਟਰੈਕ ਆਉਂਦਾ ਹੈ ਦਾ ਵੀ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ। ਵਿਧਾਇਕ ਸਮੇਤ ਧਰਮਕੋਟ ਵਾਸੀਆਂ ਨੇ ਹਲਕੇ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8