ਅਕਾਲੀ ਦਲ ਦੇ ਧਨਮਿੰਦਰ ਸਿੰਘ ਭੱਟੀਵਾਲ ਅਕਾਲੀ ਦਲ ਡੈਮੋਕਰੇਟਿਕ ਵਿਚ ਸ਼ਾਮਲ
Monday, Aug 03, 2020 - 07:19 PM (IST)
ਭਵਾਨੀਗੜ੍ਹ(ਕਾਂਸਲ) - ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨਾ, ਫ਼ਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕਾਂ 'ਤੇ ਸਖ਼ਤ ਕਾਰਵਾਈ ਨਾ ਕਰਨਾ ਅਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਗਾਇਬ ਹੋਣਾ ਇਹ ਸਭ ਸੁਖਬੀਰ ਸਿੰਘ ਬਾਦਲ ਵਲੋਂ ਕੀਤੀਆਂ ਕਥਿਤ ਗਲਤੀਆਂ ਦਾ ਹੀ ਨਤੀਜਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨੇੜਲੇ ਪਿੰਡ ਭੱਟੀਵਾਲ ਖ਼ੁਰਦ ਵਿਖੇ ਖੇਤੀ ਵਿਕਾਸ ਬੈਂਕ ਦੇ ਉÎÎÎÎੱਪ ਚੇਅਰਮੈਨ ਅਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਹੇ ਧਨਮਿੰਦਰ ਸਿੰਘ ਭੱਟੀਵਾਲ ਨੂੰ ਅਕਾਲੀ ਦਲ ਡੈਮੋਕਰੇਟਿਕ ਵਿਚ ਸ਼ਾਮਿਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਉਸ ਸਮੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖ਼ਤ ਐਕਸ਼ਨ ਲੈ ਕੇ ਚੰਗਾ ਸਬਕ ਸਿਖਾਇਆ ਹੁੰਦਾ ਤਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਰੇ ਕਿਸੇ ਦੀ ਸੋਚਣ ਦੀ ਵੀ ਹਿੰਮਤ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ 'ਚ ਕਿਸੇ ਵੀ ਆਗੂ ਦੀ ਨਾ ਹੀ ਸੁਣੀ ਜਾਂਦੀ ਹੈ ਅਤੇ ਨਾ ਹੀ ਮੰਨੀ ਜਾਂਦੀ ਹੈ। ਜਿਸ ਕਰਕੇ ਹੀ ਉਨ੍ਹਾਂ ਵਲੋਂ ਵੱਖਰਾ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਆਪਣੀ ਨਿੱਜੀ ਜਗੀਰ ਸਮਝਦੇ ਹਨ ਅਤੇ ਸ਼੍ਰੋਮਣੀ ਕਮੇਟੀ ਸਮੇਤ ਪਾਰਟੀ ਨੂੰ ਆਪਣੇ ਨਿੱਜੀ ਫਾਇਦੇ ਲਈ ਆਪਣੀ ਨਿੱਜੀ ਕੰਪਨੀ ਦੇ ਰੂਪ 'ਚ ਚਲਾ ਰਹੇ ਹਨ। ਇਸ ਦੌਰਾਨ ਜਿਥੋਂ ਪੈਸਾ ਮਿਲਦਾ ਹੈ, ਉਸ ਨੂੰ ਆਪਣੇ ਨਿੱਜੀ ਕੰਮਾਂ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਦੀਆਂ ਗਲਤ ਨੀਤੀਆਂ ਕਰਕੇ ਹੀ ਅੱਜ ਸੂਬੇ ਦੇ ਲੋਕ ਬਾਦਲ ਦਲ ਨੂੰ ਦੁਕਾਰ ਕੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਜਨਤਾ ਦੀ ਭਲਾਈ ਲਈ ਸੂਬੇ 'ਚ ਤੀਸਰਾ ਬਦਲ ਲਿਆਉਣ ਲਈ ਆਉਂਦੀਆਂ ਚੋਣਾਂ ਲਈ ਤਿਆਰ ਕਰਨ ਲਈ ਹੋਰ ਪਾਰਟੀਆਂ ਨਾਲ ਸਲਾਹ ਕਰਕੇ ਅਗਲੇ ਫੈਸਲੇ ਲੈਣਗੇ। ਜਿਸ ਦੌਰਾਨ ਅੱਜ ਸੀਨੀਅਰ ਆਗੂ ਧਨਮਿੰਦਰ ਸਿੰਘ ਭੱਟੀਵਾਲ ਨੇ ਸਾਡੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਧਨਮਿੰਦਰ ਸਿੰਘ ਭੱਟੀਵਾਲ ਤੋਂ ਇਲਾਵਾ ਗੁਰਬਚਨ ਸਿੰਘ ਬਚੀ, ਗੁਰਤੇਜ ਸਿੰਘ ਝਨੇੜੀ, ਰਾਮ ਸਿੰਘ ਮੱਟਰਾਂ, ਨਿਹਾਲ ਸਿੰਘ ਨੰਦਗੜ੍ਹ, ਜਸਵੀਰ ਸਿੰਘ ਸਰਪੰਚ ਨਰੈਣਗੜ੍ਹ, ਜਗਦੀਸ਼ ਸਿੰਘ ਬਲਿਆਲ, ਜਥੇਦਾਰ ਇੰਦਰਜੀਤ ਸਿੰਘ ਤੂਰ, ਜੰਗ ਸਿੰਘ ਸਾਬਕਾ ਸਰਪੰਚ, ਅਮਰ ਸਿੰਘ ਬਾਸੀਅਰਖ਼, ਗੁਰਦਿਆਲ ਸਿੰਘ ਨੰਬਰਦਾਰ ਸਮੇਤ ਭਾਰੀ ਗਿਣਤੀ ਵਿਚ ਹੋਰ ਆਗੂ ਮੌਜੂਦ ਸਨ।