ਮੰਤਰੀ ਧਾਲੀਵਾਲ ਤੇ ਹਰਭਜਨ ਸਿੰਘ ਵੱਲੋਂ ਜਿੱਤ ਕੇ ਪੰਜਾਬ ਪਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ (ਵੀਡੀਓ)

Sunday, Aug 11, 2024 - 12:19 PM (IST)

ਮੰਤਰੀ ਧਾਲੀਵਾਲ ਤੇ ਹਰਭਜਨ ਸਿੰਘ ਵੱਲੋਂ ਜਿੱਤ ਕੇ ਪੰਜਾਬ ਪਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ (ਵੀਡੀਓ)

ਰਾਜਾਸਾਂਸੀ (ਨਿਰਵੈਲ) : ਓਲੰਪਿਕ ਖੇਡਾਂ 'ਚੋਂ ਕਾਂਸੀ ਦਾ ਤਮਗਾ ਜਿੱਤ ਕੇ ਪੰਜਾਬ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੰਜਾਬ ਦੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ. ਟੀ. ਓ. ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਾਕੀ ਖਿਡਾਰੀਆਂ ਦੇ ਮਾਤਾ-ਪਿਤਾ, ਹਾਕੀ ਪ੍ਰੇਮੀ ਅਤੇ ਹਾਕੀ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ। ਧਾਲੀਵਾਲ ਨੇ ਇਸ ਮੌਕੇ ਹਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਡੀ ਜੇਤੂ ਟੀਮ ਦੇ ਹਰੇਕ ਖਿਡਾਰੀ ਨੂੰ ਇੱਕ-ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਸੁਹਾਵਣਾ ਤੇ ਠੰਡਾ ਕੀਤਾ ਮੌਸਮ, ਕਿਸਾਨਾਂ ਦੇ ਵੀ ਖਿੜ ਗਏ ਚਿਹਰੇ (ਤਸਵੀਰਾਂ)

ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੇ 'ਤੇ ਮਾਣ ਹੈ, ਜਿਨ੍ਹਾਂ ਨੇ ਲੰਬੇ ਸਮੇਂ ਬਾਅਦ ਹਾਕੀ 'ਚ ਭਾਰਤ ਦੀ ਵਾਪਸੀ ਕਰਵਾਈ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਿੰਡ ਪੱਧਰ 'ਤੇ ਵਿਕਸਿਤ ਕਰਨ ਲਈ ਯਤਨ ਕਰ ਰਹੀ ਹੈ ਅਤੇ ਆਉਣ ਵਾਲਾ ਸਮਾਂ ਸਾਡੇ ਖਿਡਾਰੀਆਂ ਅਤੇ ਖੇਡਾਂ ਲਈ ਬਹੁਤ ਸੁਖਾਵਾਂ ਮਾਹੌਲ ਦੇਵੇਗਾ, ਜਿਸ ਨਾਲ ਪੰਜਾਬ 'ਚ ਵੱਡੇ ਖਿਡਾਰੀ ਪੈਦਾ ਹੋਣਗੇ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਨੂੰ ਆਪਣੇ ਹਾਕੀ ਖਿਡਾਰੀਆਂ 'ਤੇ ਸਦਾ ਮਾਣ ਰਹੇਗਾ, ਜਿਨ੍ਹਾਂ ਨੇ ਦੇਸ਼ ਲਈ ਮੈਡਲ ਜਿੱਤ ਕੇ ਲੰਬੇ ਸਮੇਂ ਬਾਅਦ ਹਾਕੀ 'ਚ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ। 

ਇਹ ਵੀ ਪੜ੍ਹੋ : ਪੰਜਾਬ ਭਾਜਪਾ ਵਿਚ ਬਦਲਾਅ ਨੂੰ ਲੈ ਕੇ ਵੱਡੀ ਖ਼ਬਰ, ਪ੍ਰਧਾਨ ਦੇ ਅਹੁਦੇ ਲਈ ਇਹ ਨਾਂ ਚਰਚਾ 'ਚ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੇ ਪੰਜਾਬ 'ਤੇ ਲੱਗਾ ਨਸ਼ੇ ਦਾ ਕਲੰਕ ਆਪਣੀ ਖੇਡ ਨਾਲ ਦੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ 'ਚ ਦੇਸ਼ ਦੀ ਅਗਵਾਈ ਕਰਦਾ ਰਿਹਾ ਹੈ ਅਤੇ ਭਵਿੱਖ 'ਚ ਵੀ ਇਹ ਰੀਤ ਜਾਰੀ ਰਹੇਗੀ, ਜਿਸ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੁੰਦਾ ਹੈ, ਜਦੋਂ ਸਾਡੇ ਪੰਜਾਬ ਦੇ ਖਿਡਾਰੀ ਓਲੰਪਿਕ 'ਚ ਦੇਸ਼ ਦੀ ਤਰਜ਼ਮਾਨੀ ਕਰ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੇ ਯਤਨਾਂ ਨਾਲ ਭਵਿੱਖ 'ਚ ਪੰਜਾਬ ਖੇਡਾਂ ਦੀ ਨਰਸਰੀ ਕਰਕੇ ਜਾਣਿਆ ਜਾਵੇਗਾ। ਅੱਜ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੇ ਓਲੰਪਿਕ ਖਿਡਾਰੀਆਂ 'ਚ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ, ਜਰਮਨ ਪ੍ਰੀਤ ਸਿੰਘ ਬੱਲ, ਸੁਖਜੀਤ ਸਿੰਘ ਅਤੇ ਜੁਗਰਾਜ ਸਿੰਘ ਦੇ ਨਾਮ ਵਰਨਣਯੋਗ ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News