ਢਾਡੀ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਉਪਰੰਤ ਹੱਕੀ ਮੰਗਾਂ ਲਈ ਵਿੱਢਿਆ ਸੰਘਰਸ਼

Wednesday, Jun 02, 2021 - 10:42 AM (IST)

ਅੰਮ੍ਰਿਤਸਰ (ਜ.ਬ) - ਧਰਮ ਪ੍ਰਚਾਰ ਕਮੇਟੀ ਦੇ ਕੁਝ ਹੰਕਾਰੀ ਮੈਂਬਰਾਂ ਅਜੈਬ ਸਿੰਘ ਅਭਿਆਸੀ, ਸੁਖਵਰਸ ਸਿੰਘ ਪੰਨੂ ਤੇ ਪ੍ਰਿਤਪਾਲ ਸਿੰਘ ਪਾਲੀ ਲੁਧਿਆਣਾ ਨੇ ਆਪਣੇ ਹੰਕਾਰ ਵੱਸ ਸਾਨੂੰ ਤਬਾਹ ਕਰ ਦਿੱਤਾ ਹੈ ਤੇ 22 ਨਿਯਮ ਅਜਿਹੇ ਬਣਾਏ ਹਨ, ਜੋ ਸਾਨੂੰ ਇਹ ਅਹਿਸਾਸ ਦਿਵਾਉਂਦੇ ਹਨ ਕਿ ਅਸੀਂ ਗੁਲਾਮ ਹਾਂ। ਇਹ ਦੋਸ਼ ਲਾਉਂਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਭਾਈ ਬਲਦੇਵ ਸਿੰਘ ਐੱਮ. ਏ. ਨੇ ਕਿਹਾ ਕਿ ਅਸੀਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਉਪਰੰਤ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਵਿੱਢਿਆ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਰਦੀਆਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਢਾਡੀ ਦਰਬਾਰ ਦਾ ਸਮਾਂ 8 ਘੰਟੇ ਤੇ ਗਰਮੀਆਂ ’ਚ 9 ਘੰਟੇ ਕੀਤਾ ਗਿਆ ਸੀ, ਜੋ ਇਨ੍ਹਾਂ ਘਟਾ ਕੇ 6 ਘੰਟੇ ਕਰ ਦਿੱਤਾ। ਇਸ ਦੇ ਇਲਾਵਾ ਮੱਸਿਆ ਸੰਗਰਾਂਦ ਤੇ ਗੁਰਪੁਰਬ ਦਿਨ ਤਿਉਹਾਰਾ ’ਤੇ ਢਾਡੀ ਸਭਾਵਾਂ ਨੂੰ ਪੈਸੇ ਮਿਲਦੇ ਸਨ, ਉਹ ਇਨ੍ਹਾਂ ਬੰਦ ਕਰ ਦਿੱਤੇ। ਅਸੀਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਢਾਡੀਆਂ ਦੀ ਗੱਲ ਨਹੀਂ ਕਰ ਰਹੇ ਕੋਈ 50-52 ਦੇ ਕਰੀਬ ਪ੍ਰਾਈਵੇਟ ਢਾਡੀ ਜਥੇ ਹਨ, ਜਿਨ੍ਹਾਂ ਦੀ ਗੱਲ ਕਰ ਰਹੇ ਹਾਂ। ਇੰਨੀ ਵੱਡੀ ਸੰਸਥਾ ਨੂੰ ਕਿਸ ਗੱਲ ਦਾ ਘਾਟਾ। ਉਂਝ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਬਹੁਤ ਵੱਡੇ ਪੱਧਰ ’ਤੇ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਤੇ ਇਹ ਸਾਡਾ ਸਮਾਂ ਘਟਾ ਕੇ ਪ੍ਰਚਾਰ ਘਟਾ ਰਹੇ ਹਨ।

ਕਿਸੇ ਸੰਸਥਾ ’ਚ ਅਜਿਹਾ ਨਹੀਂ ਹੋਇਆ ਕਿ ਮਿਲ ਰਹੇ ਪੈਸੇ ਬੰਦ ਕਰ ਦਿੱਤੇ ਜਾਣ, ਫਿਰ ਸ਼੍ਰੋਮਣੀ ਕਮੇਟੀ ਵਰਗੀ ਸਰਵਉੱਚ ਸੰਸਾਥਾ ’ਚ। ਐੱਮ. ਏ. ਨੇ ਕਿਹਾ ਕਿ ਅਸੀਂ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪ੍ਰਧਾਨ ਸ਼੍ਰੋਮਣੀ ਕਮੇਟੀ, ਪੀ. ਏ. ਪ੍ਰਧਾਨ ਤੇ ਧਰਮ ਪ੍ਰਚਾਰ ਕਮੇਟੀ ਨੂੰ ਕਈ ਵਾਰ ਮੰਗ-ਪੱਤਰ ਦੇ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਸਾਡੀ ਲੜਾਈ ਨਾ ਤਾਂ ਜਥੇਦਾਰਾਂ ਨਾਲ ਹੈ, ਨਾ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਤੇ ਨਾ ਧਰਮ ਪ੍ਰਚਾਰ ਕਮੇਟੀ ਨਾਲ। ਲੜਾਈ ਸਿਰਫ਼ ਉਨ੍ਹਾਂ ਨਾਲਾਇਕ ਸਬ-ਕਮੇਟੀ ਮੈਂਬਰਾਂ ਨਾਲ ਹੈ, ਜਿਨ੍ਹਾਂ ਮਤੇ ਪਾਸ ਕਰ ਕੇ ਸਾਡੀ ਰੋਜ਼ੀ ਰੋਟੀ ’ਚ ਲੱਤ ਮਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲਾ 6 ਜੂਨ ਤੱਕ ਹੱਲ ਨਾ ਹੋਇਆ ਤਾਂ 7 ਮਈ ਨੂੰ ਸ਼ੋਕ ਮਈ ਕੀਰਤਨ ਕਰਾਂਗੇ ਤੇ ਰੋਸ ਕਰਾਂਗੇ। ਜੇ ਫੇਰ ਵੀ ਇਨਸਾਫ਼ ਨਾ ਮਿਲਿਆ ਤਾਂ ਕੋਈ ਵੱਡਾ ਸੰਘਰਸ਼ ਵਿੱਢਾਂਗੇ।


rajwinder kaur

Content Editor

Related News