ਜ਼ਿਲ੍ਹੇ ਦਾ ਵਿਕਾਸ ਕਰਵਾਉਣਾ ਹੋਵੇਗੀ ਮੇਰੀ ਪਹਿਲ, ਲੋਕਾਂ ਨੂੰ ਕੋਈ ਦਿੱਕਤ ਨਾ ਆਵੇ:  ਡਿਪਟੀ ਕਮਿਸ਼ਨਰ ਬਰਨਾਲਾ

Wednesday, Dec 07, 2022 - 08:28 PM (IST)

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਤਜ਼ਰਬੇਕਾਰ ਅਧਿਕਾਰੀ ਪੂਨਮ ਕੌਰ ਨੇ ਬੀਤੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਪੂਨਮਦੀਪ ਕੌਰ, ਜੋ ਕਿ 2001 ’ਚ ਪੀ.ਸੀ.ਐੱਸ ਅਧਿਕਾਰੀ ਵਜੋਂ ਪ੍ਰਸ਼ਾਸਕੀ ਸੇਵਾ ’ਚ ਆਈ। ਇਸ ਤੋਂ ਪਹਿਲਾਂ ਸਹਾਇਕ ਕਮਿਸ਼ਨਰ ਜਲੰਧਰ, ਐੱਸ.ਡੀ.ਐੱਮ ਪਟਿਆਲਾ, ਬੱਸੀ ਪਠਾਣਾ, ਅਮਰੋਹ, ਨਾਭਾ, ਏ.ਡੀ.ਸੀ. ਮੋਹਾਲੀ, ਏ.ਡੀ.ਸੀ. ਸੰਗਰੂਰ, ਏ.ਡੀ.ਸੀ. ਪਟਿਆਲਾ, ਕਮਿਸ਼ਨਰ ਕਾਰਪੋਰੇਸ਼ਨ ਪਟਿਆਲਾ, ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਅਤੇ ਐੱਮ.ਡੀ ਪੀ.ਆਰ.ਟੀ.ਸੀ. ਸਾਹਿਬ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨਾਲ ਜ਼ਿਲ੍ਹੇ ਦੇ ਭਖਦੇ ਮਸਲਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:

ਸਵਾਲ: ਬਰਨਾਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਤੁਹਾਡੀਆਂ ਕਿਹੜੀਆਂ ਤਰਜੀਹਾਂ ਹੋਣਗੀਆਂ?
ਜਵਾਬ :
ਜ਼ਿਲ੍ਹੇ ਦੇ ਵਿਕਾਸ ਕਾਰਜ ਮੇਰੀ ਤਰਜੀਹ ਰਹੇਗੀ। ਜ਼ਿਲ੍ਹੇ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਪਿੰਡਾਂ ’ਚ ਹੋਣ ਵਾਲੇ ਸਾਰੇ ਕੰਮਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਜਿਵੇਂ ਹੀ ਸਾਡੇ ਕੋਲ ਫੰਡ ਆਏਗਾ, ਵਿਕਾਸ ਕਾਰਜ ਕਰਵਾਏ ਜਾਣਗੇ | ਉਸ ਅਨੁਸਾਰ ਇਸ ਦੇ ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਵੀ ਮੇਰੀ ਪਹਿਲ ਹੋਵੇਗੀ।

ਸਵਾਲ : ਐੱਨ.ਓ.ਸੀ.ਨੂੰ ਲੈ ਕੇ ਅੱਜਕੱਲ੍ਹ ਰਜਿਸਟਰੀ ਦਾ ਕੰਮ ਲਗਭਗ ਠੱਪ ਹੋ ਗਿਆ ਹੈ?
ਜਵਾਬ:
ਐੱਨ.ਓ.ਸੀ. ਦਾ ਕੰਮ ਏ.ਡੀ.ਸੀ., ਜਰਨਲ, ਲੋਕਲ ਬਾਡੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੁਆਰਾ ਦੇਖਿਆ ਜਾਂਦਾ ਹੈ, ਮੈਂ ਉਨ੍ਹਾਂ ਸਾਰਿਆਂ ਨਾਲ ਮੀਟਿੰਗ ਕਰਾਂਗੀ ਤਾਂ ਜੋ ਐਨ.ਓ.ਸੀਜ਼ ਸਬੰਧੀ ਕੋਈ ਸਮੱਸਿਆ ਨਾ ਆਵੇ।

ਸਵਾਲ : ਮੁੱਖ ਮੰਤਰੀ ਦਾ ਭ੍ਰਿਸ਼ਟਾਚਾਰ ਖਿਲਾਫ ਸਖ਼ਤ ਸਟੈਂਡ ਹੈ, ਕੀ ਹੋਵੇਗੀ ਜ਼ਿਲ੍ਹੇ ਦੀ ਹਾਲਤ?
ਜਵਾਬ :
ਸਾਫ-ਸੁਥਰੀ ਸੇਵਾ ਪ੍ਰਦਾਨ ਕਰਨਾ ਸਰਕਾਰੀ ਕਰਮਚਾਰੀ ਦਾ ਏਜੰਡਾ ਹੋਣਾ ਚਾਹੀਦਾ ਹੈ। ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਇਸ 'ਤੇ ਵੀ ਨਜ਼ਰ ਰੱਖਾਂਗੇ। ਮੈਂ ਆਪਣਾ ਨੰਬਰ ਵੀ ਸਾਰਿਆਂ ਨੂੰ ਦੇ ਰਹੀ ਹਾਂ। ਮੇਰਾ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਜਿਸ ਨੂੰ ਵੀ ਕੋਈ ਸ਼ਿਕਾਇਤ ਹੋਵੇ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।

ਸਵਾਲ : ਸਿੱਖਿਆ ਖੇਤਰ ਵਿੱਚ ਸੁਧਾਰ ਲਈ ਕੀ ਕੀਤਾ ਜਾਵੇਗਾ
ਜਵਾਬ :
ਸਿੱਖਿਆ ’ਚ ਸੁਧਾਰ ਲਿਆਉਣ ਲਈ ਮਾਨਯੋਗ ਮੰਤਰੀ ਗੁਰਮੀਤ ਸਿੰਘ ਮੀਤ ਵੱਲੋਂ ਜ਼ਿਲ੍ਹੇ ’ਚ ਲਾਇਬ੍ਰੇਰੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਅਸੀਂ ਕਿਸੇ ਵੀ ਸਕੂਲ 'ਤੇ ਕੰਮ ਕਰਾਂਗੇ, ਜਿਸ ਨੂੰ ਲਾਇਬ੍ਰੇਰੀ ਜਾਂ ਹੋਰ ਬੁਨਿਆਦੀ ਢਾਂਚੇ ਦੀ ਲੋੜ ਹੈ।

ਸਵਾਲ : ਨਸ਼ਾ ਖਤਮ ਕਰਨਾ ਸਰਕਾਰ ਦੀ ਵੱਡੀ ਚੁਣੌਤੀ, ਨਸ਼ਾ ਮੁਕਤੀ ਨੂੰ ਲੈ ਕੇ ਜ਼ਿਲੇ 'ਚ ਕੀ ਹੈ ਸਥਿਤੀ ਹੈ?
ਜਵਾਬ :
ਬਰਨਾਲਾ ਪੁਲਸ ਵੱਲੋਂ ਵੀ ਨਸ਼ਿਆਂ ਵਿਰੁੱਧ ਬਹੁਤ ਵਧੀਆ ਮੁਹਿੰਮ ਚਲਾਈ ਗਈ ਹੈ ਅਤੇ ਪਿਛਲੇ ਸਮੇਂ ਦੌਰਾਨ ਪੁਲਸ ਵੱਲੋਂ ਵੱਡੀ ਮਾਤਰਾ ’ਚ ਨਸ਼ੇ ਵੀ ਬਰਾਮਦ ਕੀਤੇ ਗਏ ਹਨ। ਸਿਵਲ ਪ੍ਰਸ਼ਾਸਨ, ਆਬਕਾਰੀ ਅਤੇ ਪੁਲਸ ਵਿਭਾਗ ਨਸ਼ਿਆਂ ਵਿਰੁੱਧ ਜ਼ਮੀਨੀ ਪੱਧਰ 'ਤੇ ਮਿਲ ਕੇ ਕੰਮ ਕਰਨਗੇ।

ਸਵਾਲ : ਸਰਕਾਰਾਂ ਰੁਜ਼ਗਾਰ ਦੇਣ ਲਈ ਹੁਨਰ ਵਿਕਾਸ 'ਤੇ ਧਿਆਨ ਦਿੰਦੀਆਂ ਹਨ, ਜ਼ਿਲ੍ਹੇ 'ਚ ਇਸ ਦੀ ਕੀ ਸਥਿਤੀ ਹੈ? 
ਜਵਾਬ :
ਮੈਂ ਇਸ ਨੂੰ ਆਪਣੇ ਮੁੱਖ ਏਜੰਡੇ ’ਚ ਰੱਖਿਆ ਹੈ, ਜ਼ਿਲ੍ਹੇ ਦੀਆਂ ਸਾਰੀਆਂ ਆਈ.ਟੀ.ਆਈਜ਼ ਨੂੰ ਅਪਗਰੇਡ ਕਰਨ ਦੀ ਕੋਸ਼ਿਸ਼ ਕਰਾਂਗੇ। ਬਰਨਾਲਾ ਵਿੱਚ ਬਹੁਤ ਉਦਯੋਗਿਕ ਹੱਬ ਹੈ, ਅਸੀਂ ਇੰਡਸਟਰੀ ਚੈਂਬਰ ਦੇ ਲੋਕਾਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕਰਾਂਗੇ,ਅਸੀਂ ਇੰਡਸਟਰੀ ਚੈਂਬਰ ਵਾਲਿਆਂ ਨਾਲ ਮੀਟਿੰਗ ਕਰਕੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਉਨ੍ਹਾਂ ਨੂੰ ਕਿਸ ਟਰੇਡ ਦੇ ਬਚਿਆਂ ਦੀ ਲੋੜ ਹੁੰਦੀ ਹੈ। ਫਿਰ ਅਸੀਂ ਦੇਖਾਂਗੇ ਕਿ ਸਾਡੀ ਆਈ.ਟੀ.ਆਈ. ਵਿੱਚ ਇਹ ਟਰੇਡ ਹੈ ਜਾਂ ਨਹੀਂ। ਜੇਕਰ ਟਰੇਡ ਨਹੀਂ ਹੋਇਆ ਤਾਂ ਅਸੀਂ ਉਹ ਵੀ ਲਿਆਵਾਂਗੇ ਅਤੇ ਉਦਯੋਗਪਤੀਆਂ ਨੂੰ ਵੀ ਆਈ.ਟੀ.ਆਈ. ਵਿਚ ਲੈ ਕੇ ਜਾਵਾਂਗੇ।

ਸਵਾਲ : ਆਮ ਤੌਰ 'ਤੇ ਡਿਪਟੀ ਕਮਿਸ਼ਨਰ ਧਾਰਾ 144 ਤਹਿਤ ਹੁਕਮ ਜਾਰੀ ਕਰਦੇ ਹਨ, ਪਰ ਉਹ ਸਿਰਫ਼ ਦਸਤਾਵੇਜ਼ਾਂ ਤੱਕ ਹੀ ਸੀਮਤ ਹੁੰਦੇ ਹਨ।
ਜਵਾਬ:
ਸਭ ਤੋਂ ਪਹਿਲਾਂ ਇਹ ਦੇਖਿਆ ਜਾਵੇਗਾ ਕਿ ਹੁਕਮ ਕਿਉਂ ਜਾਰੀ ਕੀਤੇ ਜਾ ਰਹੇ ਹਨ ਅਤੇ ਜੇਕਰ ਹੁਕਮ ਜਾਰੀ ਹੁੰਦੇ ਹਨ ਤਾਂ ਉਸ ਦੀ ਪਾਲਣਾ ਵੀ ਜ਼ਰੂਰੀ ਕੀਤੀ ਜਾਵੇਗੀ।

ਸਵਾਲ : ਸ਼ਹਿਰ 'ਚ ਟ੍ਰੈਫਿਕ ਦੀ ਗੰਭੀਰ ਸਮੱਸਿਆ, ਕਿਵੇਂ ਹੋਵੇਗੀ ਕਾਬੂ?
ਜਵਾਬ:
ਮੈਂ ਆਪਣੇ ਅਧਿਕਾਰੀਆਂ ਨਾਲ ਸ਼ਹਿਰ ਦਾ ਦੌਰਾ ਵੀ ਕਰਾਂਗੀ। ਪੁਲੀਸ ਵਿਭਾਗ, ਸਿਵਲ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਵੀ ਕੀਤੀ ਜਾਵੇਗੀ ਅਤੇ ਟਰੈਫਿਕ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸਵਾਲ : ਆਮ ਤੌਰ 'ਤੇ ਕਈ ਅਧਿਕਾਰੀ ਇਹ ਦੱਸੇ ਬਿਨਾਂ ਸਟੇਸ਼ਨ ਛੱਡ ਦਿੰਦੇ ਹਨ ਕਿ ਉਨ੍ਹਾਂ ਤੇ ਕਿਵੇਂ ਕੰਟਰੋਲ ਕਰੋਗੇ ?
ਜਵਾਬ :
ਇਸ ਸਮੇਂ ਸਾਡੇ ਕੋਲ ਸਰਕਾਰੀ ਮਕਾਨ ਨਾ ਹੋਣ ਕਾਰਨ ਕੁਝ ਸਮੱਸਿਆ ਹੈ, ਇਸ ਬਾਰੇ ਸਰਕਾਰ ਨੂੰ ਵੀ ਲਿਖਿਆ ਜਾ ਰਿਹਾ ਹੈ। ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ, ਹਾਂ ਕੋਈ ਨਾ ਕੋਈ ਸਮੱਸਿਆ ਬਣੀ ਰਹੇਗੀ।


Anuradha

Content Editor

Related News