ਭਾਰੀ ਮੀਂਹ ਨਾਲ ਵਿਗੜੇ ਹਾਲਾਤ, ਕਸਬਾ ਸੈਲਾ ਖੁਰਦ ਤੇ ਇਲਾਕੇ ’ਚ ਭਰਿਆ ਪਾਣੀ (ਤਸਵੀਰਾਂ)
Sunday, Jul 09, 2023 - 07:08 PM (IST)
ਸੈਲਾ ਖੁਰਦ (ਰਾਜੇਸ਼ ਅਰੋੜਾ) : ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਹੁਣ ਗੰਭੀਰ ਰੂਪ ਧਾਰ ਲਿਆ ਹੈ। ਚੋਆਂ ਦੇ ਬੰਨ੍ਹ ਟੁੱਟਣ ਕਾਰਣ ਲਿੰਕ ਸੜਕਾਂ, ਮੇਨ ਰੋਡ ਤੇ ਪਿੰਡਾਂ ਦੇ ਛੱਪੜ ਭਰ ਕੇ ਲੋਕਾਂ ਦੇ ਘਰਾਂ ’ਚ ਵੜ ਰਿਹਾ ਪਾਣੀ ਕਾਫ਼ੀ ਨੁਕਸਾਨ ਕਰ ਰਿਹਾ ਹੈ। ਅੱਜ ਸੈਲਾ ਖੁਰਦ ਵਿਖੇ ਸ਼ੇਰਾਂ ਵਾਲਾ ਗੇਟ ਕੋਲ ਛੱਪੜ ਦਾ ਪਾਣੀ ਭਰ ਕੇ ਲੋਕਾਂ ਦੇ ਘਰਾਂ ’ਚ ਚਲਾ ਗਿਆ, ਜਿਸ ਕਾਰਣ ਆਲੇ ਦੁਆਲੇ ਦੇ ਘਰਾਂ ’ਚ ਕਾਫ਼ੀ ਨੁਕਸਾਨ ਹੋਇਆ। ਲੋਕਾਂ ਨੇ ਦੋਸ਼ ਲਗਾਇਆ ਕਿ ਸੀਵਰੇਜ ਦਾ ਗੰਦਾ ਪਾਣੀ ਵੀ ਮੀਂਹ ਦੀ ਆੜ ਹੇਠ ਛੱਡਿਆ ਗਿਆ, ਜਿਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਜੱਸੋਵਾਲ ਤੋਂ ਸੈਲਾ ਖੁਰਦ ਸੜਕ ’ਤੇ ਚੱਲਿਆ ਦਰਿਆ ਵਾਂਗ ਪਾਣੀ
ਇੰਝ ਹੀ ਜੱਸੋਵਾਲ ਤੋਂ ਸੈਲਾ ਖੁਰਦ ਸੜਕ ਅਤੇ ਪੇਪਰ ਮਿੱਲ ਦੇ ਬੈਕ ਸਾਈਡ ’ਤੇ ਪਾਣੀ ਦੇ ਤੇਜ਼ ਵਹਾਅ ਨੇ ਵੀ ਕਾਫ਼ੀ ਨੁਕਸਾਨ ਕੀਤਾ। ਸੈਲਾ-ਜੱਸੋਵਾਲ ਸੜਕ ਨੂੰ ਤੋੜ ਕੇ ਪਾਣੀ ਦਾ ਰੁਖ਼ ਸੈਲਾ ਖੁਰਦ ਦੀ ਬਾਰਾਂ ਪੁਲੀ ਵੱਲ ਨੂੰ ਕੀਤਾ ਗਿਆ, ਜਿਸ ਕਾਰਣ ਕਸਬਾ ਸੈਲਾ ਖੁਰਦ ਦਾ ਕਾਫ਼ੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਨਵੀਂ ਬਣੀ ਪੁਲਸ ਚੌਕੀ ਵੀ ਪਾਣੀ ’ਚ ਬੁਰੀ ਤਰ੍ਹਾਂ ਘਿਰੀ
ਸੈਲਾ ਖੁਰਦ ਦੀ ਨਵੀਂ ਬਣੀ ਪੁਲਸ ਚੌਕੀ ਜੋ ਕਸਬੇ ਦੇ ਬਾਹਰਲੇ ਪਾਸੇ ਜੱਸੋਵਾਲ ਰੋਡ ’ਤੇ ਬਣੀ ਹੈ, ਦੀ ਇਮਾਰਤ ਵੀ ਬੁਰੀ ਤਰ੍ਹਾਂ ਪਾਣੀ ਵਿਚ ਘਿਰ ਗਈ ਤੇ ਚੌਕੀ ਦੇ ਗੇਟ ਅੰਦਰ 3 ਤੋਂ ਚਾਰ ਫੁੱਟ ਤੱਕ ਪਾਣੀ ਭਰ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ ਚੌਕੀ ਦੀ ਨਵੀਂ ਇਮਾਰਤ ਕਸਬੇ ਦੇ ਬਾਹਰ ਬਣਨ ਕਾਰਣ ਲੋਕਾਂ ਚ ਪਹਿਲਾਂ ਹੀ ਕਾਫੀ ਰੋਸ ਹੈ।
ਪਿੰਡ ਭਾਤਪੁਰ ਜੱਟਾਂ ਦੇ ਲਿੰਕ ਰੋਡ ’ਤੇ ਪਾਣੀ ਦੇ ਤੇਜ਼ ਵਹਾਅ ਨਾਲ ਪਿਆ ਵੱਡਾ ਪਾੜ
ਸੈਲਾ ਖੁਰਦ ਤੋਂ ਭਾਤਪੁਰ ਜੱਟਾਂ ਨੂੰ ਜਾਂਦੀ ਸੜਕ ’ਤੇ ਪਾਣੀ ਦੇ ਤੇਜ਼ ਵਹਾਅ ਨੇ ਲਿੰਕ ਰੋਡ ’ਚ ਬਹੁਤ ਵੱਡਾ ਪਾੜ ਪਾ ਦਿੱਤਾ ਅਤੇ ਪਿੰਡ ਦਾ ਸੰਪਰਕ ਹੀ ਬਾਕੀ ਇਲਾਕੇ ਨਾਲੋਂ ਟੁੱਟ ਗਿਆ ਤੇ ਪਿੰਡ ਅੰਦਰ ਪਾਣੀ ਬਹੁਤ ਜ਼ਿਆਦਾ ਭਰ ਗਿਆ। ਇੰਝ ਹੀ ਖੁਸ਼ੀ ਪੱਦੀ ,ਪੱਦੀ ਸੂਰਾ ਸਿੰਘ, ਬੀੜਾਂ ,ਪਦਰਾਣਾ ਤੇ ਪੇਂਸਰਾ ਆਦਿ ਪਿੰਡਾਂ ਚ ਵੀ ਲਿੰਕ ਸੜਕਾਂ ਨੇ ਦਰਿਆ ਦਾ ਰੂਪ ਧਾਰ ਲਿਆ ਤੇ ਲੋਕਾਂ ਦੇ ਖੇਤਾਂ ਅਤੇ ਘਰਾਂ ’ਚ ਪਾਣੀ ਨੇ ਕਾਫ਼ੀ ਮਾਰ ਕੀਤੀ।
ਮੇਨ ਰੋਡ ਟੂਟੋਮਜਾਰਾ ਨੇੜੇ ਪਾਣੀ ਦੀ ਬੁਰੀ ਤਰ੍ਹਾਂ ਮਾਰ ਹੇਠ ਆਇਆ
ਨੈਸ਼ਨਲ ਹਾਈਵੇ ਵੀ ਬੁਰੀ ਤਰ੍ਹਾਂ ਪਾਣੀ ਦੇ ਤੇਜ਼ ਵਹਾਅ ਦੀ ਮਾਰ ਹੇਠ ਆ ਗਿਆ ਹੈ। ਹਾਈਵੇ ਨੇ ਵੀ ਦਰਿਆ ਦਾ ਰੂਪ ਧਾਰ ਲਿਆ ਹੈ। ਪਾਣੀ ਇੰਨਾ ਜ਼ਿਆਦਾ ਅਤੇ ਤੇਜ਼ ਵਹਾਅ ਦਾ ਸੀ ਕਿ ਕੋਈ ਛੋਟੇ ਵਾਹਨ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਸੀ। ਲੋਕਾਂ ਨੇ ਖੁਦ ਸੜਕ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਛੋਟੇ ਵਾਹਨਾਂ ਵਾਲਿਆਂ ਨੂੰ ਰੋਡ ਉੱਪਰ ਪਾਣੀ ’ਚੋਂ ਲੰਘਣ ਲਈ ਰੋਕਿਆ ਤਾਂ ਜੋ ਪਾਣੀ ਦੇ ਤੇਜ਼ ਵਹਾਅ ’ਚ ਕੋਈ ਵਾਹਨ ਰੁੜ੍ਹ ਨਾ ਜਾਵੇ।
ਡਰੇਨਜ਼ ਵਿਭਾਗ ਪੁਖਤਾ ਤਿਆਰੀ ਨਹੀਂ ਕਰਦਾ
ਲੋਕਾਂ ਦਾ ਦੋਸ਼ ਹੈ ਕੇ ਡਰੇਨਜ਼ ਵਿਭਾਗ ਬਰਸਾਤ ਤੋਂ ਪਹਿਲਾਂ ਪੁਖਤਾ ਤਿਆਰੀ ਨਹੀਂ ਕਰਦਾ। ਚੋਆਂ ਦੀ ਜ਼ਮੀਨ ’ਤੇ ਕਬਜ਼ੇ ਵੀ ਛੁਡਾਉਣੇ ਚਾਹੀਦੇ ਹਨ।