ਡੇਰਾ ਮੁਖੀ ਦੀ ਪੇਸ਼ੀ ''ਤੇ ਹਾਈ ਅਲਰਟ, ਤਾਇਨਾਤ ਹੋਣਗੀਆਂ 110 ਨੀਮ ਫੌਜੀ ਬਲ ਕੰਪਨੀਆਂ
Saturday, Aug 19, 2017 - 07:06 PM (IST)
ਜਲੰਧਰ/ਚੰਡੀਗੜ੍ਹ(ਧਵਨ)— ਪੰਜਾਬ ਅਤੇ ਹਰਿਆਣਾ 'ਚ ਹਾਈ ਅਲਰਟ ਐਲਾਨ ਕੀਤਾ ਗਿਆ ਹੈ ਕਿਉਂਕਿ ਡੇਰਾ ਮੁਖੀ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਨਾਲ ਜੁੜੇ ਬਲਾਤਕਾਰ ਕੇਸ ਨੂੰ ਲੈ ਕੇ ਅਦਾਲਤ ਦਾ ਫੈਸਲਾ ਆਉਣ ਵਾਲਾ ਹੈ। ਪੰਚਕੂਲਾ 'ਚ ਸੀ. ਬੀ.ਆਈ. ਅਦਾਲਤ 25 ਅਗਸਤ ਨੂੰ ਆਪਣਾ ਫੈਸਲਾ ਸੁਣਾਏਗੀ। ਡੇਰੇ ਨਾਲ ਜੁੜੀ ਸਾਧਵੀ ਨੇ ਡੇਰਾ ਪ੍ਰਮੁੱਖ 'ਤੇ ਕਥਿਤ ਤੌਰ 'ਤੇ ਗੰਭੀਰ ਦੋਸ਼ ਲਗਾਏ ਹੋਏ ਹਨ। ਕੇਂਦਰ ਸਰਕਾਰ ਨੇ ਅਦਾਲਤ ਦੇ ਸੰਭਾਵਤ ਫੈਸਲੇ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ 'ਚ ਨੀਮ ਫੌਜੀ ਬਲਾਂ ਦੀਆਂ 110 ਕੰਪਨੀਆਂ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚੋਂ 75 ਕੰਪਨੀਆਂ ਪੰਜਾਬ ਦੇ ਮਾਲਵਾ ਖੇਤਰ 'ਚ ਤਾਇਨਾਤ ਰਹੇਗੀ ਜਦਕਿ 35 ਕੰਪਨੀਆਂ ਹਰਿਆਣਾ 'ਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੱਕ ਪੰਜਾਬ ਅਤੇ ਹਰਿਆਣਾ 'ਚ ਨੀਮ ਫੌਜੀ ਬਲ ਦੀਆਂ ਕੰਪਨੀਆਂ ਪਹੁੰਚ ਜਾਣਗੀਆਂ। ਪੰਚਕੂਲਾ ਅਤੇ ਸਿਰਸਾ ਤੋਂ ਇਲਾਵਾ ਹਰਿਆਣਾ 'ਚ ਕੁਰੂਕਸ਼ੇਤਰ, ਅੰਬਾਲਾ, ਜ਼ਿੰਦ, ਕਰਨਾਲ, ਕੈਥਲ, ਫਤਿਹਾਬਾਦ, ਹਿਸਾਰ ਅਤੇ ਪਾਨੀਪਤ 'ਚ ਨੀਮ ਫੌਜੀ ਬਲਾਂ ਦੀਆਂ 75 ਕੰਪਨੀਆਂ ਨੂੰ ਉਨ੍ਹਾਂ ਖੇਤਰਾਂ 'ਚ ਤਾਇਨਾਤ ਕੀਤਾ ਜਾ ਰਿਹਾ ਹੈ, ਜਿੱਥੇ ਡੇਰੇ ਨਾਲ ਜੁੜੇ ਸ਼ਰਧਾਲੂਆਂ ਦੀ ਗਿਣਤੀ ਵੱਧ ਹੈ। ਇਹ ਖੇਤਰ ਮਾਲਵਾ ਦੇ ਕਈ ਜ਼ਿਲਿਆਂ 'ਚ ਪੈਂਦੇ ਹਨ। ਇਸ ਸੰਬੰਧ 'ਚ ਮਾਲਵਾ ਨਾਲ ਸੰਬੰਧ ਰੱਖਦੇ ਵੱਖ-ਵੱਖ ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਕੋਲੋਂ ਜਾਣਕਾਰੀ ਮੰਗੀ ਗਈ ਹੈ ਕਿ ਉਨ੍ਹਾਂ ਨੂੰ ਕਿੰਨੇ ਜਵਾਨਾਂ ਦੀ ਲੋੜ ਹੈ। ਹਰਿਆਣਾ 'ਚ ਡੇਰਾ ਮੁਖੀ ਦਾ ਕੇਂਦਰ ਹੈ, ਜਿਸ ਦੇ ਆਲੇ-ਦੁਆਲੇ ਸੁਰੱਖਿਆ ਨੂੰ ਵਧਾਇਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੋਵੇਂ ਹੀ ਸੂਬਿਆਂ 'ਚ ਪੁਲਸ ਨੂੰ ਵੀ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ। ਦੋਵੇਂ ਹੀ ਸਰਕਾਰ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਲਈ ਸਖਤ ਕਦਮ ਚੁੱਕ ਰਹੀ ਹੈ।
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਕਾਨੂੰਨ ਨੂੰ ਕਿਸੇ ਨੂੰ ਵੀ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾ ਕੇ ਰੱਖਣ ਦੇ ਸੰਬੰਧ 'ਚ ਪੰਜਾਬ ਦੇ ਡੀ.ਜੀ.ਪੀ. ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਲੋਕਾਂ ਦੇ ਜਾਨ-ਮਾਲ ਦੀ ਹਰ ਹਾਲ 'ਚ ਸੁਰੱਖਿਆ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਦਾਲਤੀ ਫੈਸਲੇ ਤੋਂ ਬਾਅਦ ਕਿਸੇ ਨੂੰ ਵੀ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਗੜਬੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਮਨ ਅਤੇ ਸ਼ਾਂਤੀ ਬਣਾਏ ਰੱਖਣੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਸੰਬੰਧ 'ਚ ਸੂਬਾ ਪੁਲਸ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਆ ਬਣਾ ਕੇ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
