ਮਾਮਲਾ ਡੇਰਾ ਮੁਖੀ ਨੂੰ ਮੁਆਫੀ ਦੇਣ ਦਾ : ਅਕਾਲੀ ਦਲ ਦੇ ਖਿਲਾਫ ਧਰਨਾ ਦੇਵੇਗਾ ਯੂਨਾਈਟਿਡ ਅਕਾਲੀ ਦਲ

09/21/2017 4:02:41 PM

ਬਠਿੰਡਾ (ਪਰਮਿੰਦਰ) — ਐੱਸ. ਜੀ. ਪੀ. ਸੀ. ਤੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਿਲ ਕੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਲਵਾਈ ਸੀ। ਇਸ ਨੂੰ ਦੇਖਦੇ ਹੋਏ ਯੂਨਾਈਟਿਡ ਅਕਾਲੀ ਦਲ ਵਲੋਂ ਬਾਦਲਾਂ ਦੇ ਜੱਦੀ ਪਿੰਡ ਬਾਦਲ ਤੇ ਐੱਸ. ਜੀ. ਪੀ. ਸੀ. ਪ੍ਰਧਾਨ ਕ੍ਰਿਪਾਲ ਸਿੰਘ ਬੰਡੂਘਰ ਦੇ ਨਿਵਾਸ ਸਥਾਨ ਪਟਿਆਲਾ ਦੇ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਉਕਤ ਵਿਚਾਰ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਤੇ ਉਪ ਪ੍ਰਧਾਨ ਜਤਿੰਦਰ ਸਿੰਘ ਈਸੜੂ ਨੇ ਵਿਅਕਤੀ ਕਰਦੇ ਹੋਏ ਕਿਹਾ ਕਿ 29 ਸਤੰਬਰ 2015 ਨੂੰ ਉਕਤ ਲੋਕਾਂ ਨੇ ਮਿਲ ਕੇ ਜਨਰਲ ਹਾਊਸ ਦੀ ਇਕ ਬੈਠਕ ਦੌਰਾਨ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ 'ਚ ਮਨਜ਼ੂਰੀ ਦਿੱਤੀ ਸੀ। ਇਸ ਸੰਬੰਧ 'ਚ ਕਰੀਬ 95 ਲੱਖ ਰੁਪਏ ਦੇ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਏ ਗਏ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਡੇਰਾ ਮੁਖੀ ਦੇ ਖਿਲਾਫ ਬੋਲਣ ਵਾਲਿਆਂ 'ਤੇ ਪੁਲਸ 295 ਏ ਦੇ ਤਹਿਤ ਕੇਸ ਦਰਜ ਕਰਦੀ ਸੀ, ਜਦ ਕਿ ਇਹ ਧਾਰਾ ਸਿਰਫ ਸੰਵਿਧਾਨ 'ਚ ਪ੍ਰਮਾਣਿਤ ਧਰਮ ਦਾ ਨਿਰਾਦਰ ਕਰਨ ਵਾਲਿਆਂ 'ਤੇ ਹੀ ਲਗਦੀ ਹੈ ਪਰ ਬਾਦਲ ਸਰਕਾਰ ਨੇ ਹਜ਼ਾਰਾਂ ਸਿੱਖਾਂ 'ਤੇ ਇਸ ਧਾਰਾ ਦੇ ਤਹਿਤ ਕੇਸ ਦਰਜ ਕਰਕੇ ਡੇਰਾ ਸਿਰਸਾ ਨੂੰ ਹੀ ਧਰਮ ਬਨਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਨੇ ਦੱਸਿਆ ਕਿ 15 ਦਿਨ ਦੇ ਅੰਦਰ ਜੇਕਰ ਐੱਸ. ਜੀ. ਪੀ. ਸੀ. ਨੇ ਡੇਰਾ ਮੁਖੀ ਦੀ ਮੁਆਫੀ ਸੰਬੰਧੀ ਪ੍ਰਸਤਾਵ ਵਾਪਸ ਨਾ ਲਿਆ ਤਾਂ ਯੂਨਾਈਟਿਡ ਅਕਾਲੀ ਦਲ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰੇਗਾ।


Related News