ਸਿਆਸੀ ਹਿਮਾਇਤ ''ਤੇ ਨਹੀਂ ਖੋਲ੍ਹੇ ਡੇਰੇ ਨੇ ਪੱਤੇ, ਗੁਪਤ ਰੱਖਿਆ ਫੈਸਲਾ

Saturday, May 18, 2019 - 03:35 PM (IST)

ਸਿਆਸੀ ਹਿਮਾਇਤ ''ਤੇ ਨਹੀਂ ਖੋਲ੍ਹੇ ਡੇਰੇ ਨੇ ਪੱਤੇ, ਗੁਪਤ ਰੱਖਿਆ ਫੈਸਲਾ

ਪਟਿਆਲਾ (ਬਲਜਿੰਦਰ)—ਹਰ ਚੋਣਾਂ 'ਚ ਖੁੱਲ੍ਹੇ ਤੌਰ 'ਤੇ ਸਮਰਥਨ ਦੇਣ ਵਾਲੇ ਡੇਰਾ ਸੱਚਾ ਸੌਦਾ ਦੇ ਰਾਜਨੀਤਿਕ ਵਿੰਗ ਵਲੋਂ ਇਸ ਵਾਰ ਸਮਰਥਨ ਦੇਣ ਦਾ ਫੈਸਲਾ ਗੁਪਤ ਰੱਖਿਆ ਗਿਆ ਹੈ। ਚੋਣਾਂ ਤੋਂ ਇਕ ਦਿਨ ਪਹਿਲਾਂ ਵੀ ਕਿਸੇ ਬਾਰੇ ਕੁਝ ਨਹੀਂ ਕਿਹਾ ਗਿਆ। ਡੇਰਾ ਪ੍ਰੇਮੀਆਂ ਨੂੰ ਇਸ ਵਾਰ ਗੁਪਤ ਤਰੀਕੇ ਨਾਲ ਘਰਾਂ 'ਚ ਸਨੇਹਾ ਭੇਜ ਕੇ ਉਮੀਦਵਾਰਾਂ ਦੀ ਮਦਦ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲਾ ਪੱਧਰ ਦੇ ਡੇਰਾ ਪ੍ਰੇਮੀਆਂ ਦੀ ਇਕ ਜਨਤਕ ਮੀਟਿੰਗ ਕਰਕੇ ਜਿਸ ਉਮੀਦਵਾਰ ਨੂੰ ਸਮਰਥਨ ਦੇਣਾ ਹੁੰਦਾ ਸੀ ਉਸ ਨੂੰ ਉਸ ਮੀਟਿੰਗ 'ਚ ਬੁਲਾ ਕੇ ਉਸ ਦੇ ਸਮਰਥਨ ਦਾ ਐਲਾਨ ਕੀਤਾ ਜਾਂਦਾ ਸੀ। 

ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਬਰਨਾਲਾ 'ਚ ਰਾਜਸੀ ਵਿੰਗ ਦੀ ਅਹਿਮ ਬੈਠਕ ਹੋਈ, ਜਿਸ 'ਚ ਲੋਕ ਸਬਾ ਚੋਣਾਂ 'ਚ ਸਿਆਸੀ ਹਮਾਇਤ ਸਬੰਧ ਅੰਤਿਮ ਫੈਸਲਾ ਤਾਂ ਲਿਆ ਗਿਆ, ਪਰ ਇਸ ਫੈਸਲੇ ਨੂੰ ਫਿਲਹਾਲ ਨਸ਼ਰ ਕਰਨ ਤੋਂ ਰੋਕ ਲਿਆ ਗਿਆ ਹੈ। ਰਾਜਸੀ ਵਿੰਗ ਦੇ ਪੰਤਾਲੀ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਨੇ ਦੱਸਿਆ ਕਿ ਬਰਨਾਲਾ 'ਚ ਜੋ ਵੀ ਅੰਤਿਮ ਫੈਸਲਾ ਲਿਆ ਗਿਆ ਹੈ, ਉਸ ਨੂੰ ਭਲਕੇ ਦੇਰ ਸ਼ਾਮ ਜਾਂ ਵੋਟਾਂ ਵਾਲੇ ਦਿਨ ਤੜਕੇ ਆਪਣੀ ਰਵਾਇਤੀ ਵਿਧੀ ਜ਼ਰੀਏ ਪ੍ਰੇਮੀਆਂ ਲਈ ਨਸ਼ਰ ਕਰ ਦਿੱਤਾ ਜਾਵੇਗਾ।


author

Shyna

Content Editor

Related News