ਡੇਰਾ ਮੁਖੀ ਅਤੇ ਸਿਆਸੀ ਗਠਜੋੜ ਹਿੰਸਾ ਲਈ ਜ਼ਿੰਮੇਵਾਰ
Saturday, Sep 09, 2017 - 07:28 AM (IST)
ਚੰਡੀਗੜ੍ਹ - ਡੇਰਾ ਸੱਚਾ ਸੌਦਾ ਦੀ ਅਖਬਾਰ 'ਪੂਰਾ ਸੱਚ' ਦੇ ਸਾਬਕਾ ਸੰਪਾਦਕ ਦੇ ਬੇਟੇ ਨੇ ਦੋਸ਼ ਲਾਇਆ ਕਿ ਪਿਛਲੇ 15 ਸਾਲਾਂ 'ਚ ਹਰਿਆਣਾ ਅਤੇ ਪੰਜਾਬ ਦੀਆਂ ਸਰਕਾਰਾਂ ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਰਮਿਆਨ ਗਠਜੋੜ ਹੀ ਪੰਚਕੂਲਾ 'ਚ ਹਿੰਸਾ ਲਈ ਜ਼ਿੰਮੇਵਾਰ ਹੈ। ਡੇਰੇ ਦੇ ਸ਼ਿਕਾਰ 'ਪੂਰਾ ਸੱਚ' ਅਖਬਾਰ ਦੇ ਸਾਬਕਾ ਸੰਪਾਦਕ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਡੇਰੇ ਅਤੇ ਕੁਝ ਸਿਆਸੀ ਆਗੂਆਂ ਨੇ ਮਾਮਲੇ ਨੂੰ ਦਬਾਉਣ ਲਈ ਪ੍ਰਧਾਨ ਮੰਤਰੀ ਦਫਤਰ ਤਕ ਦਬਾਅ ਪਾਇਆ ਸੀ। ਮੈਂ ਸੀ. ਬੀ. ਆਈ. ਦੇ ਉਨ੍ਹਾਂ ਅਧਿਕਾਰੀਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਉਲਟ ਹਾਲਾਤ 'ਚ ਸੱਚ ਦਾ ਸਾਥ ਨਹੀਂ ਛੱਡਿਆ ਤੇ ਨਿਆਂ ਦਿਵਾਉਣ ਲਈ ਦਿਨ-ਰਾਤ ਮਿਹਨਤ ਕੀਤੀ।
ਉਨ੍ਹਾਂ ਕਿਹਾ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦੇਣ ਵਾਲਿਆਂ ਨੂੰ ਉਨ੍ਹਾਂ ਪੀੜਤ ਬੇਟੀਆਂ ਦੀ ਯਾਦ ਨਹੀਂ ਆਈ ਜਿਨ੍ਹਾਂ ਨੇ ਗੁਰਮੀਤ ਰਾਮ ਰਹੀਮ ਦਾ 15 ਸਾਲ ਤਕ ਸੰਤਾਪ ਝੱਲਿਆ ਤੇ ਸੰਘਰਸ਼ ਕਰਦੀਆਂ ਉਹ ਸਾਧਵੀਆਂ ਸੱਚ ਦੇ ਮਾਰਗ 'ਤੇ ਡਟੀਆਂ ਰਹੀਆਂ। ਡੇਰੇ ਦੀ ਦਹਿਸ਼ਤ ਸਾਹਮਣੇ ਵੀ ਇਹ ਬੇਟੀਆਂ ਟੁੱਟੀਆਂ ਨਹੀਂ, ਝੁਕੀਆਂ ਨਹੀਂ। ਕੋਈ ਵੀ ਨੇਤਾ ਪਿਛਲੇ 15 ਸਾਲਾਂ 'ਚ ਉਨ੍ਹਾਂ ਨੂੰ ਹੌਸਲਾ ਦੇਣ ਤਕ ਨਹੀਂ ਪਹੁੰਚਿਆ।
