ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦਾ ਹੋਇਆ ਅੰਤਿਮ ਸੰਸਕਾਰ

12/06/2019 6:19:42 PM

ਬਾਬਾ ਬਕਾਲਾ ਸਾਹਿਬ/ਬਿਆਸ (ਰਾਕੇਸ਼) : ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਧਰਮ ਪਤਨੀ ਬੀਬੀ ਸ਼ਬਨਮ ਕੌਰ ਢਿੱਲੋਂ ਦਾ 27 ਨਵੰਬਰ ਨੂੰ ਇੰਗਲੈਂਡ ਦੇ ਬੈਡਫੋਰਡ ਹਸਪਤਾਲ 'ਚ ਇਕ ਸਰਜਰੀ ਦੌਰਾਨ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸਸਕਾਰ ਅੱਜ ਡੇਰਾ ਬਿਆਸ ਵਿਚਲੇ ਸ਼ਮਸ਼ਾਨਘਾਟ 'ਚ 12. 00 ਵਜੇ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਪਾਠੀ ਸਾਹਿਬ ਵੱਲੋਂ ਗੁਰਬਾਣੀ ਸ਼ਬਦ ਅਤੇ ਕੀਰਤਨ ਸੋਹਲਾ ਪੜਿਆ ਗਿਆ। ਮਾਤਾ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਗੁਰਪ੍ਰੀਤ ਸਿੰਘ ਤੇ ਗੁਰਕੀਰਤ ਸਿੰਘ ਵੱਲੋਂ ਦਿਖਾਈ ਗਈ। ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਡੇਰਾ ਬਿਆਸ ਲਿਆਂਦੀ ਗਈ ਸ਼ਬਨਮ ਕੌਰ ਢਿੱਲੋਂ ਦੀ ਮ੍ਰਿਤਕ ਦੇਹ ਇਕ ਤਾਬੂਤ ਵਿਚ ਬੰਦ ਸੀ, ਜਿਸਨੂੰ ਡੇਰਾ ਮੁਖੀ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਸਸਕਾਰ ਮੌਕੇ ਹੀ ਖੋਲ੍ਹਿਆ ਗਿਆ। ਸਸਕਾਰ ਵਿਚ ਸ਼ਾਮਲ ਹੋਣ ਲਈ ਭਾਵੇਂ ਦੂਰ ਦੁਰੇਡੇ ਤੋਂ ਸ਼ਰਧਾਲੂ ਪੁੱਜੇ ਹੋਏ ਸਨ ਪਰ ਡੇਰਾ ਪ੍ਰਬੰਧਕਾਂ ਵੱਲੋਂ ਅਗਾਊਂ ਸੂਚਨਾ ਦੇ ਕੇ ਸੰਗਤ, ਡੇਰਾ ਨਿਵਾਸੀ ਤੇ ਹੋਰ ਡੇਰੇ ਦੇ ਮੁਲਾਜ਼ਮਾਂ ਨੂੰ ਇਸ ਵਿਚ ਸ਼ਾਮਿਲ ਹੋਣ ਤੋਂ ਰੋਕਿਆ ਗਿਆ ਸੀ। ਅੱਜ ਦੇ ਅੰਤਿਮ ਸਸਕਾਰ ਮੌਕੇ ਕੇਵਲ ਡੇਰਾ ਮੁਖੀ ਦਾ ਪਰਿਵਾਰ, ਡੇਰਾ ਪ੍ਰਬੰਧਕ ਤੇ ਵੀ.ਆਈ.ਪੀ ਕੈਟਾਗਰੀ ਦੇ ਲੋਕ ਸ਼ਾਮਿਲ ਹੋਏ। 

ਅੱਜ ਸਵੇਰੇ ਰੋਜ਼ਾਨਾ ਵਾਂਗ ਸਤਿਸੰਗ ਹੋਇਆ। ਕਰੀਬ 45 ਮਿੰਟ ਚੱਲੇ ਸਤਿਸੰਗ ਵਿਚ ਡੇਰਾ ਮੁਖੀ ਵੱਲੋਂ ਹਾਜ਼ਰੀ ਦਿੱਤੀ ਗਈ। ਅੱਜ ਇਸ ਸਸਕਾਰ ਮੌਕੇ ਪੰਜਾਬ ਤੇ ਕੇਂਦਰ ਦੇ ਕਈ ਨੁਮਾਇੰਦੇ ਅਤੇ ਸੰਤ ਸਮਾਜ ਵੱਲੋਂ ਵੀ ਸ਼ਿਰਕਤ ਕੀਤੀ ਗਈ। ਬੀਬੀ ਸ਼ਬਨਮ ਕੌਰ ਢਿੱਲੋਂ ਦੀਆਂ ਅੰਤਿਮ ਰਸਮਾਂ ਡੇਰਾ ਬਿਆਸ ਵਿਖੇ ਹੀ 8 ਦਸੰਬਰ ਨੂੰ ਨਿਭਾਈਆਂ ਜਾਣਗੀਆਂ। ਅੱਜ ਸਸਕਾਰ ਮੌਕੇ ਸ਼ਾਮਿਲ ਹੋਣ ਵਾਲਿਆਂ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਜੇ ਸਿੰਗਲਾ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਓ.ਪੀ.ਸੋਨੀ ਤੇ ਰਾਣਾ ਸੋਢੀ ਦੋਵੇਂ ਕੈਬਨਿਟ ਮੰਤਰੀ, ਸਾਂਸਦ ਗੁਰਜੀਤ ਸਿੰਘ ਔਜਲਾ, ਸਾਂਸਦ ਹੰਸ ਰਾਜ ਹੰਸ, ਮਹਿੰਦਰ ਸਿੰਘ ਕੇ.ਪੀ ਸਾਬਕਾ ਮੰਤਰੀ ਪੰਜਾਬ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ, ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਲਜੀਤ ਸਿੰਘ ਦਾਦੂਵਾਲ, ਨਿਰੰਕਾਰੀ ਮਿਸ਼ਨ ਪ੍ਰਮੁੱਖ ਸਤਿਗੁਰੂ ਉਦੈ ਸਿੰਘ, ਸੰਤ ਬੱਲਾਂ ਵਾਲੇ, ਚੌਧਰੀ ਸੰਤੋਖ ਸਿੰਘ, ਵਿਧਾਇਕ ਗੁਰਜੀਤ ਸਿੰਘ ਰਾਣਾ, ਰਾਜ ਕੁਮਾਰ ਵਿਧਾਇਕ ਚੱਬੇਵਾਲ, ਬਲਵਿੰਦਰ ਲਾਡੀ ਵਿਧਾਇਕ ਹਰਗੋਬਿੰਦਪੁਰ, ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਤੋਂ ਇਲਾਵਾ ਪ੍ਰਸ਼ਾਸਨਿਕ ਤੌਰ 'ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਮੇਤ ਹਰਿਆਣਾ, ਹਿਮਾਚਲ ਤੇ ਹੋਰ ਸੂਬਿਆਂ ਦੇ ਕਈ ਲੀਡਰ ਵੀ ਪਹੁੰਚੇ ਹੋਏ ਸਨ।


Gurminder Singh

Content Editor

Related News