ਵੋਟਾਂ ਮੰਗਣ ਕੈਪਟਨ ਅਮਰਿੰਦਰ ਸਿੰਘ ਪਹੁੰਚੇ 'ਡੇਰਾ ਬਿਆਸ' (ਵੀਡੀਓ)

Wednesday, Apr 03, 2019 - 06:40 PM (IST)

ਜਲੰਧਰ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ-ਨਾਲ ਪੰਜਾਬ ਵਿਚ ਡੇਰਿਆਂ ਦੀ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਡੇਰਾ ਮੁਖੀ ਦਾ ਆਸ਼ਿਰਵਾਦ ਲੈਣ ਬਿਆਸ ਪਹੁੰਚੇ ਹਨ। ਹੈਲੀਕਾਪਟਰ ਰਾਹੀਂ ਡੇਰਾ ਬਿਆਸ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ। ਮੁੱਖ ਮੰਤਰੀ ਵਲੋਂ ਲਗਭਗ ਦੋ ਘੰਟੇ ਤਕ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। 
ਡੇਰਾ ਬਿਆਸ ਵਿਚ ਰੋਜ਼ਾਨਾ ਲੱਖਾਂ ਪੈਰੋਕਾਰ ਸਤਿਸੰਗ 'ਚ ਪਹੁੰਚਦੇ ਹਨ। ਚੋਣਾਂ 'ਚ ਡੇਰੇ ਵਿਖੇ ਸਿਆਸੀ ਲੀਡਰਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਡੇਰਾ ਕਿਸੇ ਵੀ ਪਾਰਟੀ ਦੇ ਸਮਰਥਨ ਵਿਚ ਕੋਈ ਬਿਆਨ ਨਹੀਂ ਜਾਰੀ ਕਰਦਾ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਡੇਰਾ ਬਿਆਸ ਪਹੁੰਚੇ ਸਨ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਇਤਿਹਾਸਕ ਜਿੱਤ ਹੋਈ ਸੀ। 
ਇਥੇ ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਸੂਬੇ 'ਚ ਇਕ ਦਰਜਨ ਤੋਂ ਵੱਧ ਡੇਰੇ ਹਨ, ਜਿਨ੍ਹਾਂ ਦੇ ਲੱਖਾਂ ਪੈਰੋਕਾਰ ਹਨ ਪਰ ਮੁੱਖ ਡੇਰਿਆਂ ਵਿਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ, ਡੇਰਾ ਸੱਚਾ ਸੌਦਾ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸੱਚਖੰਡ ਬੱਲਾਂ ਅਤੇ ਸੰਤ ਨਿਰੰਕਾਰੀ ਮਿਸ਼ਨ ਆਦਿ ਸ਼ਾਮਲ ਹਨ। ਕਈ ਡੇਰੇ ਅਪ੍ਰਤੱਖ ਜਾਂ ਪ੍ਰਤੱਖ ਰੂਪ ਨਾਲ ਚੋਣਾਂ ਦੌਰਾਨ ਕਿਸੇ ਧਿਰ ਜਾਂ ਉਮੀਦਵਾਰ ਨੂੰ ਸਮਰਥਨ ਦਿੰਦੇ ਹਨ, ਜਿਥੇ ਸਮੀਕਰਨ ਪਲਟ ਜਾਂਦੇ ਹਨ। ਇਸ ਲਈ ਪੰਜਾਬ ਦੀ ਸਿਆਸਤ ਵਿਚ ਡੇਰੇ ਅਹਿਮ ਜਗ੍ਹਾ ਰੱਖਦੇ ਹਨ।


author

Gurminder Singh

Content Editor

Related News