ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਸੰਗਤਾਂ ਲਿਜਾ ਰਹੀਆਂ ਹਨ ਟਮਾਟਰ ਅਤੇ ਅਦਰਕ

Saturday, Nov 30, 2019 - 10:45 AM (IST)

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲੰਗਰ ਲਈ ਸੰਗਤਾਂ ਲਿਜਾ ਰਹੀਆਂ ਹਨ ਟਮਾਟਰ ਅਤੇ ਅਦਰਕ

ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਰੋਜ਼ਾਨਾਂ ਬੜੇ ਉਤਸ਼ਾਹ ਨਾਲ ਪਾਕਿਸਤਾਨ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 521 ਸ਼ਰਧਾਲੂ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਹੁੰਚੇ। ਅੱਜ ਪਾਕਿਸਤਾਨ ਗਈ ਸੰਗਤ ਵਿਚ ਸ਼ਿਵਪਾਲ ਸਿੰਘ, ਡਾ. ਗੁਰਜੀਤ ਸਿੰਘ, ਸਤਨਾਮ ਸਿੰਘ ਆਦਿ ਨੇ ਪਰਤਦਿਆਂ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਧਰਤੀ 'ਤੇ ਬਣੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੇਖ ਕੇ ਰੂਹ ਖੁਸ਼ ਹੋ ਗਈ।

ਲੰਗਰ ਲਈ ਸੰਗਤਾਂ ਲਿਜਾ ਰਹੀਆਂ ਹਨ ਟਮਾਟਰ ਅਤੇ ਅਦਰਕ
ਸੰਗਤ ਨੇ ਦੱਸਿਆ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਹਾਲ ਵਿਚ ਪ੍ਰਬੰਧਕਾਂ ਵੱਲੋਂ ਭਾਰਤੀ ਸ਼ਰਧਾਲੂਆਂ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਉਹ ਹੋਰ ਆਉਣ ਵਾਲੀ ਸੰਗਤ ਨੂੰ ਕਹਿਣ ਕਿ ਉਹ ਕਰਤਾਰਪੁਰ ਸਾਹਿਬ ਆਉਣ ਲੱਗਿਆਂ ਟਮਾਟਰ ਅਤੇ ਅਦਰਕ ਜ਼ਰੂਰ ਨਾਲ ਲੈ ਕੇ ਆਉਣ ਕਿਉਂਕਿ ਭਾਰਤ ਵਿਚ ਟਮਾਟਰ ਅਤੇ ਅਦਰਕ ਪਾਕਿਸਤਾਨ ਨਾਲੋਂ ਕਿਤੇ ਸਸਤਾ ਹੈ ਅਤੇ ਲੰਗਰ ਵਿਚ ਇਸ ਦੀ ਵਰਤੋਂ ਵੀ ਕਾਫੀ ਜ਼ਿਆਦਾ ਹੁੰਦੀ ਹੈ। ਇਸੇ ਅਪੀਲ ਤਹਿਤ ਪਿੰਡ ਖਾਸਾਂਵਾਲਾ ਦੇ ਗੁਰਦਿਆਲ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਬੀਤੀ ਸ਼ਾਮ ਡੇਰਾ ਬਾਬਾ ਨਾਨਕ ਵਿਚੋਂ ਅਦਰਕ ਅਤੇ ਟਮਾਟਰ ਖਰੀਦੇ ਗਏ। ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਬੜਾ ਮਾਣ ਮਹਿਸੂਸ ਕਰ ਰਹੇ ਹਨ ਕਿ ਉਹ ਕਰਤਾਰਪੁਰ ਦੀ ਧਰਤੀ 'ਤੇ ਲੱਗਣ ਵਾਲੇ ਲੰਗਰ ਵਿਚ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਉਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਨ।


author

Baljeet Kaur

Content Editor

Related News